ਖੇਤੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨਾਂ ਵੱਲੋਂ ਰੈਲੀ
ਬਲਵਿੰਦਰ ਰੈਤ
ਨੂਰਪੁਰ ਬੇਦੀ, 28 ਜੁਲਾਈ
ਇਲਾਕੇ ਦੇ ਕਿਸਾਨਾਂ ਨੇ ਖੇਤੀ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਆਲ ਇੰਡੀਆ ਕਿਸਾਨ ਕਮੇਟੀ, ਜਮੂਹਰੀ ਕਿਸਾਨ ਸਭਾ, ਇਲਾਕਾ ਸੰਘਰਸ਼ ਕਮੇਟੀ, ਮਨੁਖੀ ਅਧਿਕਾਰੀ ਬਿਊਰੋ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸਹਿਯੋਗ ਨਾਲ ਟਰੈਕਟਰ ਰੈਲੀ ਕੱਢੀ। ਇਹ ਰੈਲੀ ਪਿੰਡ ਸਰਥਲੀ ਤੋਂ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ’ਚੋਂ ਲੰਘਦੀ ਹੋਈ ਨੂਰਪੁਰ ਬੇਦੀ ਆ ਕੇ ਖ਼ਤਮ ਹੋਈ।
ਇਲਾਕਾ ਸੰਘਰਸ਼ ਕਮੇਟੀ ਨੂਰਪੁਰ ਬੇਦੀ ਦੇ ਪ੍ਰਧਾਨ ਗੁਰਨਾਇਬ ਸਿੰਘ ਜੇਤੇਵਾਲ ਨੇ ਕਿਹਾ ਕਿ ਇਹ ਟਰੈਕਟਰ ਰੈਲੀ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਕੱਢੀ ਗਈ ਹੈ। ਊਨ੍ਹਾਂ ਕਿਹਾ ਕਿ ਜੇ ਸਰਕਾਰਾਂ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਭਵਿੱਖ ਵਿੱਚ ਇਸ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ। ਇਸੇ ਦੌਰਾਨ ਐਡਵੋਕੇਟ ਦਨਿੇਸ ਚੱਢਾ, ਰਾਮ ਕੁਮਾਰ, ਮੋਹਨ ਸਿੰਘ ਧਮਾਣਾ, ਡਾ. ਦਵਿੰਦਰ ਬਜਾੜ ਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਤਰਸਯੋਗ ਹੈ।
ਕਿਸਾਨ ਆਗੂਆਂ ਖ਼ਿਲਾਫ਼ ਕੇਸ
ਐੱਸਐੱਚਓ ਜਤਨਿ ਕਪੂਰ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢਣ ਖ਼ਿਲਾਫ਼ ਸਥਾਨਕ ਪੁਲੀਸ ਨੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਹੈ।