For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਗੁਆਂਢੀ ਸੂਬਿਆਂ ਤੋਂ ਪਾਣੀ ਦੀ ਕੀਮਤ ਵਸੂਲਣ ਦਾ ਮਾਮਲਾ ਚੁੱਕਿਆ

10:18 AM Jul 11, 2024 IST
ਕਿਸਾਨਾਂ ਨੇ ਗੁਆਂਢੀ ਸੂਬਿਆਂ ਤੋਂ ਪਾਣੀ ਦੀ ਕੀਮਤ ਵਸੂਲਣ ਦਾ ਮਾਮਲਾ ਚੁੱਕਿਆ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਅਵਤਾਰ ਸਿੰਘ ਮੇਹਲੋਂ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 10 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪੰਜਾਬ ਵਿੱਚ ਘੱਟ ਰਹੇ ਧਰਤੀ ਹੇਠਲੇ ਪਾਣੀ ’ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਆਂਢੀ ਸੂਬਿਆਂ ਤੋਂ ਪਾਣੀ ਦੀ ਕੀਮਤ ਵਸੂਲੇ ਨਹੀਂ ਤਾਂ ਉਨ੍ਹਾਂ ਦਾ ਪਾਣੀ ਬੰਦ ਕਰਕੇ ਇਹ ਵਾਧੂ ਪਾਣੀ ਪੰਜਾਬ ਦੀ ਜ਼ਮੀਨ ਦੀ ਸਿੰਜਾਈ ਕਰਨ ਲਈ ਵਰਤਿਆ ਜਾਵੇ। ਅੱਜ ਯੂਨੀਅਨ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਿਸਾਨੀ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸ੍ਰੀ ਮੇਹਲੋਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਹਾਜ਼ਰ ਆਗੂਆਂ ਨੇ ਪਾਣੀ ਦੇ ਡਿੱਗ ਰਹੇ ਪੱਧਰ ਸਬੰਧੀ ਕਿਹਾ ਹੈ ਕਿ ਪੰਜਾਬ ਦਾ ਲੱਖਾਂ ਕਿਊਬਿਕ ਪਾਣੀ ਰਾਜਸਥਾਨ ਬਿਨਾਂ ਕੋਈ ਰੋਇਲਟੀ ਦਿੱਤੇ ਵਰਤ ਰਿਹਾ ਹੈ। ਪੰਜਾਬ ਸਰਕਾਰ ਸਖ਼ਤੀ ਨਾਲ ਗੁਆਂਢੀ ਸੂਬਿਆਂ ਤੋਂ ਬਣਦੀ ਪਾਣੀ ਦੀ ਰੋਇਲਟੀ ਵਸੂਲੇ, ਜਿਸ ਨਾਲ ਪੰਜਾਬ ਦਾ ਵਿਕਾਸ ਹੋ ਸਕੇ ਨਹੀਂ ਤਾਂ ਉਨ੍ਹਾਂ ਦਾ ਪਾਣੀ ਬੰਦ ਕਰੇ। ਉਨ੍ਹਾਂ ਕਿਹਾ ਕਿ ਮੀਂਹ ਦਾ ਪਾਣੀ ਸਾਂਭਣ ਲਈ ਦਰਿਆਵਾਂ ਤੇ ਫ਼ੈਕਟਰੀਆਂ ਦੀ ਜ਼ਮੀਨ ਵਿੱਚ ਪਾਣੀ ਡਿਸਚਾਰਜ ਕਰਨ ਲਈ ਬੋਰ ਕੀਤੇ ਜਾਣ ਤਾਂ ਜੋ ਮੀਂਹ ਦੇ ਪਾਣੀ ਨੂੰ ਸਾਂਭਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਘੱਟਦਾ ਜਾ ਰਿਹਾ ਹੈ ਅਤੇ ਜਿਸ ਰਫ਼ਤਾਰ ਨਾਲ ਇਹ ਥੱਲੇ ਜਾ ਰਿਹਾ ਹੈ, ਇਹ ਸਾਰੇ ਪੰਜਾਬੀਆਂ ਲਈ ਖ਼ਤਰੇ ਵਾਲੀ ਘੰਟੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਿਉਂਤਬੰਦੀ ਨਾਲ ਨਹਿਰੀ ਪਾਣੀ ਪੰਜਾਬ ਦੇ ਹਰ ਖੇਤ ਤੱਕ ਪਹੁੰਚਾਉਣਾ ਚਾਹੀਦਾ ਹੈ ਕਿਉਂਕਿ 28 ਫ਼ੀਸਦੀ ਰਕਬਾ ਨਹਿਰੀ ਪਾਣੀ ਤੇ 72 ਫ਼ੀਸਦੀ ਰਕਬਾ ਟਿਊਬਵੈੱਲ ਨਾਲ ਸਿੰਜਿਆ ਜਾਂਦਾ ਹੈ। ਇਸ ਲਈ ਜੇਕਰ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚੇਗਾ ਤਾਂ ਕਿਸਾਨ ਆਪਣੇ ਆਪ ਇਹ ਹੀ ਪਾਣੀ ਫ਼ਸਲਾਂ ਦੀ ਸਿੰਜਾਈ ਲਈ ਵਰਤੇਗਾ, ਜਿਸ ਨਾਲ ਮੋਟਰਾਂ ਰਾਹੀਂ ਧਰਤੀ ਹੇਠਲਾ ਪਾਣੀ ਕੱਢਣ ’ਤੇ ਨਿਰਭਰਤਾ ਘੱਟ ਜਾਵੇਗੀ। ਉਨ੍ਹਾਂ ਕਿਹਾ ਕਿ ਪਾਣੀ ਦੀ ਬਰਬਾਦੀ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਇਸ ਲਈ ਹੋਰ ਧਿਰਾਂ ਵੀ ਜ਼ਿੰਮੇਵਾਰ ਹਨ।
ਮੀਟਿੰਗ ਦੌਰਾਨ ਨਿਰਮਲ ਸਿੰਘ ਝੰਡੂਕੇ, ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਾਹਾਬਾਣਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਵਿੱਚ ਕੀਤੇ ਫ਼ੈਸਲਿਆਂ ਮੁਤਾਬਕ ਕਿਸਾਨੀ ਮੁੱਦਿਆਂ ’ਤੇ ਜਲਦੀ ਕਾਰਵਾਈ ਕਰਦੇ ਹੋਏ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। ਮੀਟਿੰਗ ਵਿੱਚ ਮੰਦਰਜੀਤ ਸਿੰਘ ਮਨਾਵਾ, ਦਰਸ਼ਨ ਸਿੰਘ ਜਟਾਣਾ, ਦਲਜੀਤ ਸਿੰਘ, ਜੋਗਿੰਦਰ ਸਿੰਘ, ਭੁਪਿੰਦਰ ਸਿੰਘ ਦੌਲਤਪੁਰ, ਮਨਜੀਤ ਸਿੰਘ ਢੀਂਡਸਾ, ਸੁਰਜੀਤ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ, ਸੰਗਰ, ਹਰਭਜਨ ਸਿੰਘ ਤਾਰਾਗੜ੍ਹ ਤੋਂ ਇਲਾਵਾ ਸਾਰੇ ਜ਼ਿਲ੍ਹਾ ਪ੍ਰਧਾਨ ਵੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×