ਕਿਸਾਨਾਂ ਨੇ ਸਮਾਰਟ ਮੀਟਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 17 ਅਗਸਤ
ਚਿੱਪ ਵਾਲੇ ਮੀਟਰ ਲਗਾਉਣ ਅਤੇ ਬਿੱਲ ਮੁਆਫ਼ੀ ’ਤੇ ਵੀ ਖਪਤਕਾਰਾਂ ਤੋਂ ਜਬਰੀ ਪੈਸੇ ਭਰਵਾਉਣ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਐਕਸੀਅਨ ਦਫ਼ਤਰ ਦੇ ਗੇਟ ਅੱਗੇ ਸੈਂਕੜੇ ਲੋਕਾਂ ਵੱਲੋਂ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਾਕ ਜਨਰਲ ਸਕੱਤਰ ਬਹਾਦਰ ਭੁਟਾਲ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਕਾਰ ਦੇ ਇਸ਼ਾਰਿਆਂ ਉੱਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਚੱਲਦੇ ਮੀਟਰ ਪੁੱਟ ਕੇ ਉਸ ਦੀ ਥਾਂ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਹਨ।
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਸਿਮ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ ਅਤੇ ਸੜੇ ਹੋਏ ਮੀਟਰ ਬਦਲ ਕੇ ਉਸੇ ਨਾਲ ਦੇ ਮੀਟਰ ਲਾਏ ਜਾਣ, ਬਿਜਲੀ ਯੂਨਿਟ ਮੁਆਫ਼ ਹੋਣ ਦੇ ਬਾਵਜੂਦ ਕੱਢੇ ਜਾ ਰਹੇ ਭਾਰੂ ਬਿੱਲਾਂ ਉੱਤੇ ਪਾਬੰਦੀ ਲਾਈ ਜਾਵੇ। ਇਸ ਮੌਕੇ ਮੀਤ ਪ੍ਰਧਾਨ ਸੁਬਾ ਸੰਗਤਪੁਰਾ ਬਲਾਕ ਆਗੂ ਹਰਸੇਵਕ ਸਿੰਘ ਲਹਿਲ ਖ਼ੁਰਦ, ਸਰਬਜੀਤ ਸ਼ਰਮਾ, ਰਾਮਚੰਦ ਚੋਟੀਆਂ, ਬਿੰਦਰ ਖੋਖਰ, ਸ਼ਿਵਰਾਜ ਗੁਰਨੇ, ਕਰਨੈਲ ਗਨੋਟਾ, ਬਲਜੀਤ ਕੌਰ ਲਹਿਲ ਕਲਾਂ, ਜਸਵੀਰ ਕੌਰ ਲਹਿਲ ਕਲਾਂ ਤੇ ਪਰਮਜੀਤ ਕੌਰ ਭੁਟਾਲ ਕਲਾਂ ਆਦਿ ਨੇ ਸੰਬੋਧਨ ਕੀਤਾ।
ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜਿਆ: ਐਕਸੀਅਨ
ਪਾਵਰਕੌਮ ਦੇ ਐਕਸੀਅਨ ਇੰਜ. ਮੁਨੀਸ਼ ਜਿੰਦਲ ਨੇ ਕਿਹਾ ਕਿ ਉਨ੍ਹਾਂ ਧਰਨਾਕਾਰੀਆਂ ਕੋਲੋਂ ਮੰਗ ਪੱਤਰ ਲੈ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ।