ਝੋਨੇ ਦੀ ਬੋਲੀ ਨਾ ਹੋਣ ’ਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ
ਸੰਜੀਵ ਬੱਬੀ
ਚਮਕੌਰ ਸਾਹਿਬ, 9 ਅਕਤੂਬਰ
ਇਲਾਕੇ ਦੀਆਂ ਕੁੱਝ ਅਨਾਜ ਮੰਡੀਆਂ ਵਿੱਚ ਅੱਜ ਨੌ ਦਿਨਾਂ ਬਾਅਦ ਵੀ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋਈ। ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਮੰਡੀਆਂ ਵਿੱਚ ਝੋਨਾ ਲਈ ਬੈਠੇ ਕਿਸਾਨ ਵੀ ਕਈ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਅੱਜ ਖਰੀਦ ਏਜੰਸੀਆਂ ਦੇ ਅਧਿਕਾਰੀ ਝੋਨੇ ਦੀ ਬੋਲੀ ਕਰਾਉਣ ਲੱਗੇ ਤਾਂ ਆੜ੍ਹਤੀ ਆਪਣੀਆਂ ਦੁਕਾਨਾਂ ਵਿੱਚ ਵੜ ਗਏ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਆੜ੍ਹਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਕਿਸਾਨ ਯੂਨੀਅਨਾਂ ਦੇ ਆਗੂਆਂ ਤੇ ਹੋਰ ਕਿਸਾਨਾਂ ਵਲੋਂ ਇੱਥੇ ਨਹਿਰ ਸਰਹਿੰਦ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੁੰਦੀ, ਧਰਨਾ ਜਾਰੀ ਰਹੇਗਾ। ਦੂਜੇ ਪਾਸੇ, ਆੜ੍ਹਤੀਆਂ ਨੇ ਦੱਸਿਆ ਕਿ ਹਾਈਬ੍ਰਿਡ ਝੋਨਾ ਲੈਣ ਲਈ ਸ਼ੈੱਲਰ ਮਾਲਕ ਤਿਆਰ ਨਹੀਂ ਹਨ।
ਇਸ ਦੌਰਾਨ ਪੁੱਜੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਹਾਈਬ੍ਰਿਡ ਝੋਨੇ ਦੀ ਖ਼ਰੀਦ ਦੀ ਮੰਗ ’ਤੇ ਅੜੇ ਰਹੇ। ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਚੱਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ।
ਇਸ ਮੌਕੇ ਚਰਨ ਸਿੰਘ ਮੁੰਡੀਆਂ, ਹਰਿੰਦਰ ਸਿੰਘ ਕਾਕਾ, ਜਤਿੰਦਰਪਾਲ ਸਿੰਘ ਜਿੰਦੂ, ਬਲਜੀਤ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ, ਪਾਲ ਸਿੰਘ ਆਦਿ ਕਿਸਾਨ ਹਾਜ਼ਰ ਸਨ।