ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਜਗਤਾਰ ਸਮਾਲਸਰ
ਏਲਨਾਬਾਦ, 11 ਅਕਤੂਬਰ
ਸ਼ੇਰਾਵਾਲੀ ਨਹਿਰ ਦੇ ਤਲ ਨੂੰ ਉੱਚਾ ਚੁੱਕਣ ਦੀ ਮੰਗ ਨੂੰ ਲੈ ਕੇ ਪਿਛਲੇ 11 ਦਿਨਾਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਨੇ ਅੱਜ ਸਿਰਸਾ-ਜਮਾਲ ਸੜਕ ’ਤੇ ਜਾਮ ਲਾ ਕੇ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਜਿਸ ਕਾਰਨ ਵਾਹਨ ਚਾਲਕਾਂ ਨੂੰ ਸਮੱਸਿਆਂ ਦਾ ਸਾਹਮਣਾ ਕਰਨਾ ਪਿਆ। ਇਸ ਦੀ ਸੂਚਨਾ ਮਿਲਦਿਆਂ ਹੀ ਸਿੰਚਾਈ ਵਿਭਾਗ ਦੇ ਐਕਸੀਅਨ, ਐਸਡੀਓ ਅਤੇ ਏਲਨਾਬਾਦ ਦੇ ਵਿਧਾਇਕ ਭਰਤ ਸਿੰਘ ਬੈਨੀਵਾਲ ਧਰਨਾ ਸਥਾਨ ’ਤੇ ਪਹੁੰਚੇ। ਕਿਸਾਨਾਂ ਨੇ ਦੱਸਿਆ ਕਿ ਪਿੰਡ ਬੱਕਰੀਆਵਾਲੀ, ਗੁੜੀਆਖੇੜਾ, ਚੌਬੁਰਜਾ ਅਤੇ ਮੋਡੀਆ ਖੇੜਾ ਦੇ ਕਿਸਾਨ ਇੱਕ ਅਕਤੂਬਰ ਤੋਂ ਇਸ ਨਹਿਰ ਦੇ ਤਲ ਨੂੰ ਉੱਚਾ ਚੁੱਕਣ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਹਨ ਪਰ ਉਨ੍ਹਾਂ ਦੀ ਸੁਣਵਾਈ ਕਰਨ ਲਈ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਆਖਿਆ ਕਿ ਅਗਾਮੀ ਮੰਗਲਵਾਰ ਨੂੰ ਟੋਹਾਣਾ ਤੋਂ ਨਹਿਰੀ ਵਿਭਾਗ ਦੇ ਚੀਫ਼ ਇੱਥੇ ਪਹੁੰਚਣਗੇ ਅਤੇ ਉਸ ਸਮੇਂ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ।