ਬੈਂਕ ਮੈਨੇਜਰ ਦੀ ਨਿਯੁਕਤੀ ਨਾ ਕਰਨ ਖ਼ਿਲਾਫ਼ ਕਿਸਾਨਾਂ ਵੱਲੋਂ ਨਾਅਰੇਬਾਜ਼ੀ
ਬੀਰਬਲ ਰਿਸ਼ੀ
ਸ਼ੇਰਪੁਰ, 19 ਅਕਤੂਬਰ
ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਦੀ ਬ੍ਰਾਂਚ ਘਨੌਰੀ ਕਲਾਂ ’ਚ ਪਿਛਲੇ ਕਈ ਮਹੀਨਿਆਂ ਤੋਂ ਡੈਪੂਟੇਸ਼ਨਾਂ ’ਤੇ ਬਦਲ-ਬਦਲ ਕੇ ਭੇਜੇ ਜਾ ਰਹੇ ਮੈਨੇਜਰਾਂ ਦੀ ਥਾਂ ਪੱਕੇ ਮੈਨੇਜਰ ਦੀ ਨਿਯੁਕਤੀ ਨਾ ਕਰਨ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਜਥੇਬੰਦੀ ਦੇ ਬਲਾਕ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ ਦੀ ਅਗਵਾਈ ਹੇਠ ਬੈਂਕ ਅੱਗੇ ਸੰਕੇਤਕ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਡੈਪੂਟੇਸ਼ਨ ’ਤੇ ਕੰਮ ਕਰਦੇ ਮੈਨੇਜਰ ਨੂੰ ਰਿਜ਼ਨਲ ਮੈਨੇਜਰ ਪਟਿਆਲਾ ਦੇ ਨਾਮ ਦਿੱਤੇ ਮੰਗ ਪੱਤਰ ਵਿੱਚ ਕਿਸਾਨਾਂ ਨੇ ਮੰਗ ਕੀਤੀ ਬੈਂਕ ਵਿੱਚ ਕਿਸੇ ਨਿਪੁੰਨ ਤੇ ਪੱਕੇ ਮੈਨੇਜਰ ਦੀ ਨਿਯੁਕਤੀ ਕਰਕੇ ਕਈ ਮਹੀਨਿਆਂ ਤੋਂ ਰੁਕਿਆ ਕੰਮ ਸ਼ੁਰੂ ਕਰਵਾਇਆ ਜਾਵੇ, ਬੈਂਕ ਵਿੱਚ ਕਲਰਕਾਂ ਦੀਆਂ ਦੋ ਅਸਾਮੀਆਂ ’ਚੋਂ ਇੱਕ ਅਸਾਮੀ ਖ਼ਤਮ ਕਰਨ ਦੇ ਮਾਮਲੇ ਦੀ ਪੜਤਾਲ ਕੀਤੀ ਜਾਵੇ ਅਤੇ ਇੱਕ ਚਪੜਾਸੀ ਦੀ ਅਸਾਮੀ ਵੀ ਭਰੀ ਜਾਵੇ।
ਧਰਨੇ ਮੌਕੇ ਛਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਕੁਸ਼ੱਲਿਆ ਦੇਵੀ ਦੀ ਮੌਤ ਮਗਰੋਂ ਉਸਨੇ ਆਪਣੀ ਮਾਤਾ ਦਾ ਖਾਤਾ ਬੰਦ ਕਰਵਾ ਕੇ ਉਸਦੇ ਖਾਤੇ ਵਿਚਲੇ ਪੈਸੇ ਲੈਣੇ ਹਨ ਪਰ ਬੈਂਕ ਅਧਿਕਾਰੀ ਇਹ ਕੰਮ ਪੱਕਾ ਮੈਨੇਜਰ ਹੀ ਕਰ ਸਕਦਾ ਹੈ ਕਹਿ ਕੇ ਮੋੜ ਦਿੰਦੇ ਹਨ। ਜਥੇਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਦੀ ਮੌਤ ਮਗਰੋਂ ਉਸਦੇ ਨਾਮ ਦੀ ਐੱਫਡੀ ਦੀ ਰਾਸ਼ੀ ਪ੍ਰਾਪਤ ਕਰਨ ਲਈ ਲਗਾਤਾਰ ਗੇੜੇ ਮਰਵਾਏ ਜਾ ਰਹੇ ਹਨ। ਯੂਨੀਅਨ ਦੇ ਬਲਾਕ ਪ੍ਰਧਾਨ ਪ੍ਰੀਤਮ ਸਿੰਘ, ਆਗੂ ਜੀਤ ਸਿੰਘ ਬਾਦਸ਼ਾਹਪੁਰ, ਸੁਰਜੀਤ ਸਿੰਘ ਘਨੌਰੀ ਖੁਰਦ ਅਤੇ ਸੱਜਣ ਸਿੰਘ ਨੇ ਕਿਹਾ ਕਿ ਅੱਧੀ ਦਰਜਨ ਤੋਂ ਵੱਧ ਪਿੰਡਾਂ ਨਾਲ ਸਬੰਧਤ ਉਕਤ ਬ੍ਰਾਂਚ ਵਿੱਚ ਬਹੁਤੇ ਕਿਸਾਨਾਂ ਨੇ ਆਪਣੀ ਬੈਂਕ ਤੋਂ ਲਈਆਂ ਲਿਮਟਾਂ ਭਰ ਦਿੱਤੀਆਂ ਪਰ ਉਨ੍ਹਾਂ ਦੀ ਜ਼ਮੀਨ ਭਾਰ ਮੁਕਤ ਕਰਵਾਉਣ ਲਈ ਬੈਂਕ ਮਹੀਨਿਆਂ ਤੋਂ ਐਨਓਸੀ ਜਾਰੀ ਕਰਨ ਤੋਂ ਕੰਨੀ ਕਤਰਾਅ ਰਿਹਾ ਹੈ। ਆਗੂਆਂ ਨੇ ਬੈਂਕ ਦੇ ਉੱਚ ਅਧਿਕਾਰੀਆਂ ਨੂੰ 2 ਅਕਤੂਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਨਿਰਧਾਰਤ ਸਮੇਂ ’ਚ ਮੰਗਾਂ ਨਾ ਮੰਨੇ ਜਾਣ ’ਤੇ 3 ਅਕਤੂਬਰ ਨੂੰ ਕਿਸੇ ਗੁਪਤ ਸੰਘਰਸ਼ ਨੂੰ ਅੰਜ਼ਾਮ ਦਿੱਤਾ ਜਾਵੇਗਾ। ਬੈਂਕ ਮੈਨੇਜਰ ਨੇ ਕਿਹਾ ਕਿ ਸਟਾਫ਼ ਦੀ ਘਾਟ ਕਾਰਨ ਅੱਜ ਵੀ ਹੋਰ ਬ੍ਰਾਂਚ ਤੋਂ ਮੁਲਾਜ਼ਮ ਬੁਲਾਇਆ ਹੈ।
ਦੋ-ਚਾਰ ਦਿਨਾਂ ’ਚ ਹੋ ਜਾਵੇਗੀ ਪੱਕੇ ਮੈਨੇਜਰ ਦੀ ਨਿਯੁਕਤੀ: ਕੌਸ਼ਲ
ਐੱਸਬੀਆਈ ਦੇ ਰਿਜ਼ਨਲ ਮੈਨੇਜਰ ਬਿਪਿਨ ਕੌਸ਼ਲ ਨੇ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਦੋ-ਚਾਰ ਦਿਨਾਂ ਵਿੱਚ ਪੱਕੇ ਮੈਨੇਜਰ ਦੀ ਨਿਯੁਕਤੀ ਹੋ ਜਾਵੇਗੀ ਅਤੇ ਲੋਕਾਂ ਦੇ ਕੰਮਾਂ ’ਚ ਹੋਈ ਦੇਰੀ ਦੀ ਪੜਤਾਲ ਕੀਤੀ ਜਾਵੇਗੀ ਅਤੇ 20 ਅਕਤੂਬਰ ਨੂੰ ਮਹੀਨਿਆਂ ਤੋਂ ਭਟਕਦੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਕੀਤੇ ਜਾਣਗੇ।