ਕਿਸਾਨਾਂ ਵੱਲੋਂ ਭਾਜਪਾ ਆਗੂ ਖ਼ਿਲਾਫ਼ ਨਾਅਰੇਬਾਜ਼ੀ
ਪ੍ਰਭੂ ਦਿਆਲ
ਸਿਰਸਾ, 29 ਜੂਨ
ਭਾਰਤੀ ਕਿਸਾਨ ਏਕਤਾ ਨੇ ਇਥੋਂ ਦੇ ਪਿੰਡ ਅਹਿਮਦਪੁਰ ਵਿਚ ਅੱਜ ਭਾਜਪਾ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਇੱਥੇ ਬਣ ਰਹੇ 33 ਕੇਵੀ ਬਿਜਲੀ ਘਰ ਦਾ ਕੰਮ ਰੁਕਵਾਉਣ ਦਾ ਦੋਸ਼ ਭਾਜਪਾ ਦੇ ਸੀਨੀਅਰ ਆਗੂ ‘ਤੇ ਲਾਇਆ। ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਪਿੰਡ ਅਹਿਮਦਪੁਰ ‘ਚ 33 ਕੇਵੀ ਬਿਜਲੀ ਘਰ ਦਾ ਕੰਮ ਚਲ ਰਿਹਾ ਹੈ। ਇਸ ਬਿਜਲੀ ਘਰ ਲਈ ਪਿੰਡ ਖੈਰੇਕਾਂ ਸਥਿਤ 132 ਕੇਵੀ ਬਿਜਲੀ ਘਰ ਤੋਂ ਅਹਿਮਦਪੁਰ ਤੱਕ ਲਾਈਨ ਖੜ੍ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਈਨ ਦਾ ਕੰਮ ਜਦੋਂ ਭਾਜਪਾ ਦੇ ਸੀਨੀਅਰ ਆਗੂ ਦੇ ਖੇਤ ਤੱਕ ਪਹੁੰਚਿਆ ਤਾਂ ਉਸ ਨੇ ਕਥਿਤ ਤੌਰ ‘ਤੇ ਆਪਣੀ ਰਾਜਸੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਖੇਤ ਵਿੱਚ ਬਿਜਲੀ ਦੇ ਖੰਭੇ ਨਹੀਂ ਖੜ੍ਹੇ ਨਹੀਂ ਕਰਨ ਦਿੱਤੇ। ਕੰਮ ਰੁਕਣ ਦਾ ਪਤਾ ਲੱਗਣ ‘ਤੇ ਭਾਰਤੀ ਕਿਸਾਨ ਏਕਤਾ ਦੇ ਆਗੂਆਂ ਨੇ ਭਾਜਪਾ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕੰਮ ਸ਼ੁਰੂ ਨਾ ਹੋਣ ‘ਤੇ ਤਿੱਖੇ ਅੰਦੋਲਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਸਰਪੰਚ ਸੰਦੀਪ ਕੁਮਾਰ ਮੀਰਪੁਰ, ਵੇਦ ਪ੍ਰਕਾਸ਼, ਪ੍ਰੇਮ ਨੰਬਰਦਾਰ, ਲਾਭ ਚੰਦ ਜੌੜਾ ਮੌਜੂਦ ਸਨ। ਉਧਰ, ਭਾਜਪਾ ਆਗੂ ਨੇ ਕਿਹਾ ਹੈ ਕਿ ਬਿਜਲੀ ਵਿਭਾਗ ਵੱਲੋਂ ਲਾਈਨ ਪਾਉਣ ਲਈ ਬਣਾਏ ਗਏ ਨਕਸ਼ੇ ਅਨੁਸਾਰ ਠੇਕੇਦਾਰ ਲਾਈਨ ਖੜ੍ਹੀ ਨਹੀਂ ਕਰ ਰਿਹਾ ਹੈ। ਇਸ ਸਬੰਧੀ ਬਿਜਲੀ ਵਿਭਾਗ ਦੇ ਤਕਨੀਕੀ ਮਾਹਿਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਅਗਲੇ ਇਕ ਦੋ ਦਿਨਾਂ ਵਿੱਚ ਇਸ ਮਸਲੇ ਨੂੰ ਸੁਲਝਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੋਈ ਵੱਡੀ ਸਮੱਸਿਆ ਨਹੀਂ ਹੈ ਤੇ ਜਲਦੀ ਸੁਲਝ ਜਾਵੇਗੀ।