ਟੌਲ ਪਲਾਜ਼ਾ ਕਾਲਾਝਾੜ ’ਤੇ ਡਟੇ ਹੋਏ ਨੇ ਕਿਸਾਨ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਨਵੰਬਰ
ਭਾਰਤੀ ਕਿਸਾਨ ਯੂਨੀਅਨ ਉਗੁਰਾਹਾਂ ਵੱਲੋਂ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਲਈ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ’ਤੇ ਅੱਜ 23ਵੇਂ ਦਿਨ ਵੀ ਧਰਨਾ ਲਗਾ ਕੇ ਪਰਚੀ ਮੁਕਤ ਰੱਖਿਆ ਗਿਆ।
ਇਸ ਮੌਕੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬਲਾਕ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਬਲਾਕ ਖਜ਼ਾਨਚੀ ਬਲਵਿੰਦਰ ਸਿੰਘ ਘਨੌੜ, ਜਰਨਲ ਸਕੱਤਰ ਜਸਵੀਰ ਸਿੰਘ ਗੱਗੜਪੁਰ, ਬਲਾਕ ਸਕੱਤਰ ਹਰਜਿੰਦਰ ਸਿੰਘ ਘਰਾਚੋਂ, ਔਰਤ ਆਗੂ ਕਰਨੈਲ ਕੌਰ ਬਲਿਆਲ, ਜਸਵਿੰਦਰ ਕੌਰ ਕਾਲਾਝਾੜ ਅਤੇ ਮਹਿੰਦਰ ਕੌਰ ਰਾਜਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਖਰੀਦ ਅਤੇ ਡੀਏਪੀ ਖਾਦ ਦੀ ਸਪਲਾਈ ਦੇ ਮੁਕੰਮਲ ਪ੍ਰਬੰਧ ਕਰਨ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ।
ਇਸੇ ਦੌਰਾਨ ਟੌਲ ਪਲਾਜ਼ਾ ਕਾਲਾਝਾੜ ਦੇ ਦਫ਼ਤਰ ਤੋਂ ਹਾਸਲ ਜਾਣਕਾਰੀ ਅਨੁਸਾਰ ਪਰਚੀ ਮੁਫ਼ਤ ਕਰਨ ਨਾਲ ਉਨ੍ਹਾਂ ਨੂੰ 14 ਲੱਖ ਰੁਪਏ ਪ੍ਰਤੀ ਦਿਨ ਘਾਟਾ ਪੈ ਰਿਹਾ ਹੈ।
ਚੋਟੀਆਂ ਟੌਲ ਪਲਾਜ਼ਾ 23ਵੇਂ ਦਿਨ ਵੀ ਰਿਹਾ ਪਰਚੀ ਮੁਕਤ
ਲਹਿਰਾਗਾਗਾ (ਰਮੇਸ਼ ਭਾਰਦਵਾਜ):
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ, ਜਰਨਲ ਸਕੱਤਰ ਰਿੰਕੂ ਦੀ ਅਗਵਾਈ ਹੇਠ 23 ਦਿਨਾਂ ਤੋਂ ਧਰਨਾ ਜਾਰੀ ਹੈ। ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸੜਕਾਂ, ਟੌਲ ਪਲਾਜ਼ਿਆ ਮੰਤਰੀਆਂ ਦੇ ਘਰਾਂ ਅੱਗੇ ਮੋਰਚੇ ਲਾ ਕੇ ਬੈਠੇ ਹਨ। ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕੀਤਾ ਜਦੋਂ ਤੱਕ ਸਰਕਾਰ ਕਿਸਾਨਾਂ ਦਾ ਦਾਣਾ-ਦਾਣਾ ਮੰਡੀਆਂ ’ਚੋਂ ਨਹੀਂ ਚੁੱਕਦੀ ਕਣਕ ਦੀ ਫ਼ਸਲ ਬੀਜਣ ਲਈ ਡੀਏਪੀ ਖਾਦ ਦਾ ਪ੍ਰਬੰਧ ਤੇ ਕਿਸਾਨਾਂ ਤੇ ਮਜਬੂਰੀ ਵੱਸ ਪਰਾਲੀ ਫੂਕਣ ਦੇ ਪਾਏ ਪਰਚੇ ਰੱਦ ਨਹੀਂ ਕਰਦੀ ਉਦੋਂ ਤੱਕ ਧਰਨੇ ਜਾਰੀ ਰਹਿਣਗੇ।