ਝੋਨੇ ਦੀ ਚੁਕਾਈ ਨਾ ਹੋਣ ਤੋਂ ਖਫ਼ਾ ਕਿਸਾਨਾਂ ਵੱਲੋਂ ਪੰਜ ਘੰਟੇ ਜਾਮ
ਗਗਨਦੀਪ ਅਰੋੜਾ
ਲੁਧਿਆਣਾ, 17 ਅਕਤੂਬਰ
ਝੋਨੇ ਦੀ ਫ਼ਸਲ ਦੀ ਮੰਡੀਆਂ ’ਚੋਂ ਚੁਕਾਈ ਨਾ ਹੋਣ ਕਾਰਨ ਗੁੱਸੇ ’ਚ ਆਏ ਕਿਸਾਨ ਜਥੇਬੰਦੀਆਂ ਨੇ ਜਲੰਧਰ ਦਿੱਲੀ ਨੈਸ਼ਨਲ ਹਾਈਵੇਅ ਫਿਲੌਰ ਨੇੜੇ ਧਰਨਾ ਲਗਾ ਦਿੱਤਾ। ਕਿਸਾਨਾਂ ਦੇ ਦੋਵੇਂ ਪਾਸੇ ਧਰਨਾ ਲਗਾਉਣ ਤੋਂ ਬਾਅਦ ਲੁਧਿਆਣਾ ਦੀਆਂ ਸੜਕਾਂ ’ਤੇ ਜਾਮ ਲੱਗ ਗਿਆ। ਟੌਲ ਪਲਾਜ਼ਾ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਕਰੀਬ 5 ਕਿਲੋਮੀਟਰ ਤੱਕ ਲੰਬਾ ਜਾਮ ਲੱਗਾ ਗਿਆ। ਪੁਲੀਸ ਅਧਿਕਾਰੀ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਕਿਸਾਨਾਂ ਨੇ 12.30 ਵਜੇ ਧਰਨਾ ਲਗਾ ਦਿੱਤਾ, ਜੋ ਸ਼ਾਮ 5 ਵਜੇ ਤੱਕ ਜਾਰੀ ਰਿਹਾ ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕ ਪ੍ਰੇਸ਼ਾਨ ਹੋਏ।
ਮੰਡੀਆਂ ਵਿੱਚੋਂ ਝੋਨੇ ਦੀ ਫ਼ਸਲ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਪੰਜਾਬ ਦੇ ਸਾਰੇ ਟੌਲ ਪਲਾਜ਼ਾ ਨੂੰ ਬੰਦ ਕਰਨ ਦਾ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ, ਪਰ ਕਿਸਾਨ ਜਥੇਬੰਦੀਆਂ ਵੱਲੋਂ ਵੀਰਵਾਰ ਨੂੰ ਲਾਡੋਵਾਲ ਟੌਲ ਪਲਾਜ਼ਾ ਨੂੰ ਬੰਦ ਕਰਨ ਦੀ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਗਿਆ। ਪਹਿਲਾਂ ਯੋਜਨਾ ਸੀ ਕਿ ਟੌਲ ਪਲਾਜ਼ਾ ਬੰਦ ਕਰਕੇ ਲੋਕਾਂ ਨੂੰ ਮੁਫ਼ਤ ਵਿੱਚ ਕੱਢਿਆ ਜਾਵੇਗਾ, ਪਰ ਐਨ ਮੌਕੇ ’ਤੇ ਸਾਰੀ ਯੋਜਨਾ ਹੀ ਬਦਲ ਦਿੱਤੀ ਗਈ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂ ਫਿਲੌਰ ਹਾਈਵੇਅ ’ਤੇ ਧਰਨੇ ’ਤੇ ਬੈਠ ਗਏ ਤੇ ਉੱਥੋਂ ਕਿਸੇ ਵੀ ਵਾਹਨ ਨੂੰ ਲੰਘਣ ਨਹੀਂ ਦਿੱਤਾ ਗਿਆ। ਸਤਲੁਜ ਦਰਿਆ ਤੱਕ ਦੇ ਪੂਰੇ ਪੁਲ ਦੇ ਨਾਲ-ਨਾਲ ਟੌਲ ਪਲਾਜ਼ਾ ਦੇ ਪਿਛਲੇ ਪਾਸੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਕਰੀਬ ਪੰਜ ਘੰਟੇ ਬਾਅਦ ਜਦੋਂ ਜਾਮ ਖੋਲ੍ਹਿਆ ਗਿਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਦਿੱਲੀ ਤੋਂ ਅੰਮ੍ਰਿਤਸਰ ਜਾ ਰਹੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਜਦੋਂ ਉਹ ਲਾਡੋਵਾਲ ਨੇੜੇ ਪੁੱਜੇ ਤਾਂ ਪਤਾ ਲੱਗਿਆ ਕਿ ਅੱਗੇ ਟਰੈਫਿਕ ਜਾਮ ਲੱਗਿਆ ਹੈ। ਕਿਸਾਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਕਿ ਉਹ ਹਾਈਵੇਅ ਜਾਮ ਕਰਨਗੇ ਜਿਸ ਕਰਕੇ ਉਹ ਕਈ ਘੰਟੇ ਤੱਕ ਭੁੱਖੇ ਪਿਆਸੇ ਹਾਈਵੇਅ ’ਤੇ ਖੜ੍ਹੇ ਰਹੇ। ਇਸੇ ਤਰ੍ਹਾਂ ਜਲੰਧਰ ਨੂੰ ਜਾ ਰਹੇ ਲੁਧਿਆਣਾ ਵਾਸੀ ਅਮਰਜੋਤ ਨੇ ਦੱਸਿਆ ਕਿ ਉਹ ਆਪਣੇ ਜਲੰਧਰ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਿਹਾ ਸੀ, ਪਰ ਰਸਤੇ ਵਿੱਚ ਜਾਮ ਲੱਗਿਆ ਹੋਣ ਕਾਰਨ ਕਈ ਘੰਟੇ ਸੜਕ ’ਤੇ ਹੀ ਖੜ੍ਹਨਾ ਪਿਆ।
ਕਿਸਾਨਾਂ ਨੇ ਚੌਕੀਮਾਨ ਟੌਲ ਪਲਾਜ਼ਾ ਪਰਚੀ-ਮੁਕਤ ਕੀਤਾ
ਜਗਰਾਉਂ (ਜਸਬੀਰ ਸ਼ੇਤਰਾ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੱਦੇ ’ਤੇ ਇਕੱਠੇ ਹੋਏ ਕਿਸਾਨਾਂ ਨੇ ਅੱਜ ਇਥੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ਪਲਾਜ਼ਾ ਪਰਚੀ-ਮੁਕਤ ਕੀਤਾ। ਧਰਨੇ ਦੌਰਾਨ ਕਿਸਾਨਾਂ ਨੇ ਸਾਰੇ ਵਾਹਨ ਬਿਨਾਂ ਪਰਚੀ ਤੋਂ ਲੰਘਾਏ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਸਾਨੀ ਮੰਗਾਂ ਦਾ ਜ਼ਿਕਰ ਕਰਦਿਆਂ ਝੋਨੇ ਦੀ ਖਰੀਦ ਸਹੀ ਢੰਗ ਨਾਲ ਨਾ ਹੋਣ ਦੇ ਦੋਸ਼ ਲਾਏ ਅਤੇ ਲਿਫਟਿੰਗ ਦੀ ਵੱਡੀ ਸਮੱਸਿਆ ਨੂੰ ਉਭਾਰਿਆ। ਧਰਨੇ ਦੌਰਾਨ ਬੀਕੇਯੂ (ਉਗਰਾਹਾਂ) ਦੇ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨੀ ਮੁੱਦਿਆਂ ’ਤੇ ਫੇਲ੍ਹ ਸਾਬਤ ਚੁੱਕੀਆਂ ਹਨ। ਕਿਸਾਨਾਂ, ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਨੂੰ ਦੋ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਕਿ ਸ਼ੈਲਰਾਂ ’ਚ ਝੋਨਾ ਰੱਖਣ ਲਈ ਥਾਂ ਨਹੀਂ ਹੈ। ਸਾਂਝੇ ਵਫ਼ਦ ਵੀ ਉੱਚ ਅਧਿਕਾਰੀਆਂ ਤੋਂ ਲੈ ਕੇ ਮੰਤਰੀਆਂ ਤਕ ਨੂੰ ਮਿਲੇ ਹਨ ਪਰ ਕੋਈ ਹੱਲ ਨਹੀਂ ਹੋਇਆ। ਧਰਨਾਕਾਰੀ ਕਿਸਾਨਾਂ ਨੇ ਝੋਨੇ ਦੀ ਖਰੀਦ ਸਹੀ ਢੰਗ ਨਾਲ ਤੇ ਤੇਜ਼ੀ ਨਾਲ ਕਰਨ ਦੇ ਨਾਲ-ਨਾਲ ਲਿਫਟਿੰਗ ਵੱਲ ਧਿਆਨ ਦੇਣ ਦੀ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਚਰਨ ਸਿੰਘ, ਸੌਦਾਗਰ ਸਿੰਘ, ਹਰਨੇਕ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਸਮੇਤ ਹੋਰ ਕਿਸਾਨ ਕਾਰਕੁਨ ਹਾਜ਼ਰ ਸਨ।