For the best experience, open
https://m.punjabitribuneonline.com
on your mobile browser.
Advertisement

ਭਾਜਪਾ ਆਗੂਆਂ ਦੇ ਘਰਾਂ ਤੇ ਟੌਲ ਪਲਾਜ਼ਿਆਂ ’ਤੇ ਡਟੇ ਕਿਸਾਨ

08:51 AM Feb 21, 2024 IST
ਭਾਜਪਾ ਆਗੂਆਂ ਦੇ ਘਰਾਂ ਤੇ ਟੌਲ ਪਲਾਜ਼ਿਆਂ ’ਤੇ ਡਟੇ ਕਿਸਾਨ
ਪਿੰਡ ਕਟਿਹੜਾ ਵਿੱੱਚ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਘਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 20 ਫਰਵਰੀ
ਐੱਮਐੱਸਪੀ ਦੀ ਕਾਨੂੰਨੀ ਗਰੰਟੀ ਤੇ ਕਰਜ਼ਾ ਮੁਕਤੀ ਸਮੇਤ ਭਖਦੀਆਂ ਕਿਸਾਨੀ ਮੰਗਾਂ ਲਈ ਪੰਜਾਬ-ਹਰਿਆਣਾ ਬਾਰਡਰਾਂ ’ਤੇ ਡਟੇ ਹੋਏ ਕਿਸਾਨਾਂ ਨਾਲ ਤਾਲਮੇਲਵੀਂ ਸੰਘਰਸ਼ ਏਕਤਾ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਇਥੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪੱਧਰੀ ਮੁੱਖ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਮੋਦੀ ਹਕੂਮਤ ਕਿਸਾਨਾਂ ਦੇ ਸਬਰ ਨੂੰ ਨਾ ਪਰਖੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦਾ ਘਿਰਾਓ 22 ਫਰਵਰੀ ਤੱਕ ਜਾਰੀ ਰੱਖਿਆ ਜਾਵੇਗਾ। ਇਸੇ ਤਰ੍ਹਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਬੁਢਲਾਡਾ ਵਿਚਲੀ ਰਿਹਾਇਸ਼ ਅੱਗੇ ਕਿਸਾਨਾਂ ਨੇ ਤਿੰਨ ਰੋਜ਼ਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਕਿਸਾਨਾਂ ਦੇ ਪ੍ਰਭਾਵਸ਼ਾਲੀ ਇਕੱਠ ਨੇ ਕੇਂਦਰ ਸਰਕਾਰ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।
ਬਠਿੰਡਾ/ਭੁੱਚੋ ਮੰਡੀ: (ਸ਼ਗਨ ਕਟਾਰੀਆ/ਪਵਨ ਗੋਇਲ): ‘ਦਿੱਲੀ ਚੱਲੋ’ ਅੰਦੋਲਨ ਦੇ ਕਿਸਾਨਾਂ ਦੀ ਹਮਾਇਤ ’ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਜ਼ਿਲ੍ਹਾ ਬਠਿੰਡਾ ਵਿਚਲੇ ਲਹਿਰਾ ਬੇਗਾ ਅਤੇ ਬੱਲੂਆਣਾ ਟੌਲ ਪਲਾਜ਼ਿਆਂ ਨੂੰ ‘ਟੌਲ ਮੁਕਤ’ ਕੀਤਾ ਗਿਆ।

Advertisement

ਲਹਿਰਾ ਬੇਗਾ ਟੌਲ ਪਲਾਜ਼ੇ ’ਤੇ ਧਰਨਾ ਦਿੰਦੇ ਹੋਏ ਕਿਸਾਨ।

ਧਰਨਿਆਂ ਦੌਰਾਨ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਔਰਤ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਕੇਂਦਰ ਸਰਕਾਰ ਦੀ ਕੰਟਰੈਕਟ ਫ਼ਾਰਮਿੰਗ ਖ਼ਰੀਦ ਦੀ ਤਜਵੀਜ਼ ਨੂੰ ਕਿਸਾਨਾਂ ਨਾਲ ਧੋਖਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਾਰੀਆਂ ਫ਼ਸਲਾਂ ’ਤੇ ਐਮਐਸਪੀ ਦੀ ਮੰਗ ਨੂੰ ਕੁੱਝ ਫ਼ਸਲਾਂ ਦੀਆਂ ਮੰਗਾਂ ’ਤੇ ਹੀ ਸੰਗੋੜ ਕੇ ਡਾ. ਸਵਾਮੀਨਾਥਨ ਵੱਲੋਂ ਸੁਝਾਏ ਸੀ-2 ਫਾਰਮੂਲੇ ਦੀ ਮੰਗ ਨੂੰ ਗਾਇਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕੰਟਰੈਕਟ ਦੀ ਖ਼ਰੀਦ ਸ਼ਰਤਾਂ ਬਹੁਤ ਸਖ਼ਤ ਹਨ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਕਿਸਾਨਾਂ ਨੇ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਦੇ ਘਰ ਅੱਗੇ ਧਰਨਾ ਲਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ, ਗੁਲਜ਼ਾਰ ਸਿੰਘ ਘੱਲਕਲਾਂ, ਪ੍ਰਗਟ ਸਿੰਘ ਸਾਫੂਵਾਲਾ ਤੇ ਹੋਰਨਾਂ ਨੇ ਧਰਨੇ ਦੀ ਅਗਵਾਈ ਕੀਤੀ। ਦੂਜੇ ਪਾਸੇ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਮੋਗਾ-ਫ਼ਿਰੋਜਪੁਰ ਕੌਮੀ ਮਾਰਗ ਸਥਿਤ ਪਿੰਡ ਦਾਰਾਪੁਰ ਦੇ ਟੌਲ ਪਲਾਜ਼ੇ ਉੱਤੇ ਚੌਥੇ ਦਿਨ ਵੀ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਬੀਬੀਆਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਮੰਨਵਾਉਣ ਲਈ ਜੋ ਟੋਲ ਪਲਾਜੇ ਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਗਏ।
ਫਾਜ਼ਿਲਕਾ (ਪਰਮਜੀਤ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਫਾਜ਼ਿਲਕਾ ਦੇ ਪਿੰਡ ਕਟਿਹੜਾ ਵਿਚ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ ਹੈ। ਇਸ ਘਿਰਾਓ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ, ਆਲ ਇੰਡੀਆ ਕਿਸਾਨ ਸਭਾ ਹਰੀਸ਼ ਕੰਬੋਜ, ਵਣਜਾਰ ਸਿੰਘ ਤੇ ਜਮਹੂਰੀ ਕਿਸਾਨ ਸਭਾ ਰਮੇਸ਼ ਵਡੇਰਾ ਨੇ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸ਼ੂਭੂ ਬਾਰਡਰ ’ਤੇ ਦਿੱਲੀ ਵੱਲ ਜਾਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਤਸ਼ੱਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਉਹ ਸੰਘਰਸ਼ ਦਾ ਰਾਹ ਨਹੀਂ ਛੱਡਣਗੇ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਕਿਸਾਨੀ ਮਸਲਿਆਂ ਦੇ ਹੱਲ ਲਈ ਅੱਜ ਇਥੇ ਕਿਸਾਨਾਂ ਨੇ ਮੁਕਤਸਰ ਦੇ ਭਾਜਪਾ ਆਗੂ ਰਾਜੇਸ਼ ਗੋਰਾ ਪਠੇਲਾ ਦੇ ਘਰ ਮੂਹਰੇ ਧਰਨਾ ਲਾਇਆ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ| ਉਨ੍ਹਾਂ ਕਿਹਾ ਕਿ ਧਰਨਾ ਭਲਕੇ ਵੀ ਜਾਰੀ ਰਹੇਗਾ|
ਮਹਿਲ ਕਲਾਂ (ਨਵਕਿਰਨ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਮਹਿਲ ਕਲਾਂ ਵਿਖੇ ਟੋਲ ਪਲਾਜ਼ਾ ਪਰਚੀ ਮੁਕਤ ਰੱਖਿਆ ਗਿਆ ਹੈ। ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਕੀਤੇ ਪੁਲੀਸ ਜਬਰ ਦੀ ਨਿਖੇਧੀ ਕੀਤੀ। ਕਿਸਾਨਾਂ ਵੱਲੋਂ ਟੌਲ ਪਲਾਜ਼ਾ ਅੱਗੇ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਸੰਸਦ ਮੈਂਬਰ ਸੁਨੀਤਾ ਦੁੱਗਲ ਦੀ ਰਿਹਾਇਸ਼ ਦਾ ਘਿਰਾਓ ਅੱਜ

ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਕਿਸਾਨੀ ਮੰਗਾਂ ਦੀ ਪੂਰਤੀ ਲਈ 21 ਫਰਵਰੀ ਨੂੰ ਭਾਜਪਾ ਆਗੂਆਂ ਦੀਆਂ ਕੋਠੀਆਂ ਦਾ ਘਿਰਾਓ ਕਰਨਗੀਆਂ। ਸਿਰਸਾ ’ਚ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਕਮੇਟੀ ਦੇ ਮੈਂਬਰ ਅਤੇ ਕਿਸਾਨ ਸਭਾ (ਅਜੈ ਭਵਨ) ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਖਦੇਵ ਸਿੰਘ ਜੰਮੂ ਨੇ ਦੱਸਿਆ ਕਿ ਸਾਰੀਆਂ ਫ਼ਸਲਾਂ ਦੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਮੰਗਾਂ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਸੱਦੇ ਤਹਿਤ ਭਲਕੇ 21 ਫਰਵਰੀ ਨੂੰ ਭਾਜਪਾ ਆਗੂਆਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਸ਼ਹੀਦ ਭਗਤ ਸਿੰਘ ਪਾਰਕ ’ਚ ਇਕੱਠੇ ਹੋਣਗੇ ਜਿਥੋਂ ਉਹ ਰੋਸ ਪ੍ਰਦਰਸ਼ਨ ਕਰਦੇ ਹੋਏ ਸੰਸਦ ਮੈਂਬਰ ਸੁਨੀਤਾ ਦੁੱਗਲ ਦੀ ਕੋਠੀ ਦਾ ਘਿਰਾਓ ਕਰਨਗੇ ਅਤੇ ਆਪਣਾ ਮੰਗ ਪੱਤਰ ਸੌਂਪਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਦਿੱਤਾ ਜਾਂਦਾ।

Advertisement
Author Image

joginder kumar

View all posts

Advertisement
Advertisement
×