Farmers Protest : ਖਨੌਰੀ ਅੰਦੋਲਨ ਨਾਲ ਟੋਹਾਣਾ ਕਿਸਾਨ ਮਹਾਪੰਚਾਇਤ ਦਾ ਕੋਈ ਸਬੰਧ ਨਹੀਂ: ਟਿਕੈਤ
ਮਦਨ ਲਾਲ ਗਰਗ
Advertisement
ਫਤਿਆਬਾਦ, 4 ਜਨਵਰੀ
ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਵੱਖ-ਵੱਖ ਥਾਵਾਂ ’ਤੇ ਕੀਤੀਆਂ ਜਾ ਰਹੀਆਂ ਕਿਸਾਨ ਮਹਾਪੰਚਾਇਤਾਂ ਦੇ ਸਵਾਲ ਦੇ ਜਵਾਬ ਵਿੱਚ ਇੱਥੇ ਕਿਹਾ ਕਿ ਖਨੌਰੀ ਬਾਰਡਰ ਕਮੇਟੀ ਦਾ ਉੱਥੇ ਅੰਦੋਲਨ 10-11 ਮਹੀਨਿਆਂ ਤੋਂ ਜਾਰੀ ਹੈ ਅਤੇ ਟੋਹਾਣਾ ਵਿੱਚ ਇੱਕ ਦਿਨ ਦੀ ਪੰਚਾਇਤ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿਸਾਨੀ ਮੰਗਾਂ ਚੁੱਕੀਆਂ ਜਾ ਰਹੀਆਂ ਹਨ। ਇਸ ਮਹਾਪੰਚਾਇਤ ਅਤੇ ਖਨੌਰੀ ਅੰਦੋਲਨ ਦਾ ਆਪਸ ’ਚ ਕੋਈ ਸਬੰਧ ਨਹੀਂ ਹੈ।
ਕਿਸਾਨ ਨੇਤਾ ਰਾਕੇਸ਼ ਟਿਕੈਤ ਸ਼ਨਿੱਚਰਵਾਰ ਨੂੰ ਟੋਹਾਣਾ ਵਿੱਚ ਕਰਵਾਈ ਕਿਸਾਨ ਮਹਾਪੰਚਾਇਤ ’ਚ ਸ਼ਾਮਲ ਹੋਣ ਆਏ ਸਨ। ਮਹਾਪੰਚਾਇਤ ਵਿੱਚ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਖਨੌਰੀ ਅੰਦੋਲਨ ਨੂੰ ਉੱਥੋਂ ਦੀ ਕਮੇਟੀ ਚਲਾ ਰਹੀ ਹੈ, ਜਦਕਿ ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਹੈ, ਸੱਤ ਨੂੰ ਵੀ ਪੂਰੇ ਦੇਸ਼ ਵਿੱਚ ਮਹਾਪੰਚਾਇਤ ਹੋਵੇਗੀ। ਟਿਕੈਤ ਨੇ ਕਿਹਾ ਕਿ ਹੁਣ ਤੱਕ ਸਾਡੀਆਂ ਮੀਟਿੰਗਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ, ‘‘ਹੁਣ ਤੱਕ ਕੋਈ ਧਰਨਾ ਅੰਦੋਲਨ ਨਹੀਂ ਚੱਲ ਰਿਹਾ ਹੈ। ਅਸੀਂ ਆਪਣੀ ਜਥੇਬੰਦੀ ਦੇ ਬੈਨਰ ਹੇਠ ਕੰਮ ਕਰ ਰਹੇ ਹਾਂ। ਜਿੱਥੇ ਕੋਈ ਸਮੱਸਿਆ ਹੈ, ਉਸ ਨੂੰ ਚੁੱਕਦੇ ਰਹਿੰਦੇ ਹਾਂ। ਹਾਲੇ ਕੋਈ ਨਵਾਂ ਅੰਦੋਲਨ ਸ਼ੁਰੂ ਨਹੀਂ ਕੀਤਾ ਜਾ ਰਿਹਾ, ਹਾਲੇ ਤਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਸਰਕਾਰ ਗੱਲ ਨਹੀਂ ਮੰਨੇਗੀ ਤਾਂ ਫਿਰ ਦੇਖਾਂਗੇ।’’ ਟਿਕੈਤ ਨੇ ਖਨੌਰੀ ਅੰਦੋਲਨ ਸਬੰਧੀ ਕਿਹਾ ਕਿ ਉੱਥੋਂ ਦੀ ਕਮੇਟੀ ਇਹ ਦੱਸ ਸਕਦੀ ਹੈ, ਜੋ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਹੋ ਗਏ ਸਨ।
ਟਿਕੈਤ ਨੇ ਕਿਹਾ, ‘‘ਸੰਯੁਕਤ ਕਿਸਾਨ ਮੋਰਚਾ ਇੱਕ ਹੈ, ਜਿਨ੍ਹਾਂ ਨੇ ਖਨੌਰੀ ਸਰਹੱਦ ’ਤੇ ਸੰਘਰਸ਼ ਸ਼ੁਰੂ ਕੀਤਾ, ਉਹ ਵੱਖ ਹਨ। ਉਹ ਅੱਗੇ ਜਾਣਗੇ ਜਾਂ ਉੱਥੇ ਰੁਕਣਗੇ, ਉਸ ’ਤੇ ਉਹੀ ਗੱਲ ਕਰਨਗੇ।’’
ਉਨ੍ਹਾਂ ਡੱਲੇਵਾਲ ਦੇ ਸਮਰਥਨ ਦੇ ਸਵਾਲ ’ਤੇ ਕਿਹਾ ਕਿ ਉਹ ਉੱਥੇ ਗਏ ਸੀ, ਮਿਲ ਕੇ ਆਏ ਆਏ ਸੀ, ਉਹ ਉਨ੍ਹਾਂ ਨੂੰ ਨਹੀਂ ਕਹਿ ਸਕਦੇ ਕਿ ਮਰਨ ਵਰਤ ਖ਼ਤਮ ਕਰਨ, ਉਨ੍ਹਾਂ ਦੀ ਕਮੇਟੀ ਅਗਲਾ ਫ਼ੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਲਾਗੂ ਹੋਵੇ ਅਤੇ ਨਵੇਂ ਖੇਤੀਬਾੜੀ ਮੰਡੀਕਰਨ ਨੀਤੀ ਖਰੜੇ ਦਾ ਵੀ ਕਿਸਾਨ ਵਿਰੋਧ ਕਰਦੇ ਹਨ।