Farmers Protest: ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੇ ਬਾਰਡਰਾਂ ’ਤੇ ਪੁਲੀਸ ਸਾਜੋ ਸਮਾਨ ਨਾਲ ਲੈਸ ਹੋਈ
ਰਤਨ ਸਿੰਘ ਢਿੱਲੋਂ/ਰਾਮ ਕੁਮਾਰ ਮਿੱਤਲ
ਅੰਬਾਲਾ/ਗੂਹਲਾ ਚੀਕਾ, 6 ਦਸੰਬਰ
ਕਿਸਾਨਾਂ ਦੇ ਦਿੱਲੀ ਚਲੋ ਐਲਾਨ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਦੀ ਪੰਜਾਬ, ਰਾਜਸਥਾਨ ਅਤੇ ਯੂ.ਪੀ ਬਾਰਡਰ ਤੇ ਨਿਗਰਾਨੀ ਰੱਖਣ ਵਾਲੀ ਘੋੜ ਸਵਾਰ ਪੁਲੀਸ (ਮਾਉਂਟਿਡ ਆਰਮਡ ਪੁਲੀਸ) ਸ਼ੰਭੂ ਬਾਰਡਰ ’ਤੇ ਪੁੱਜ ਚੁੱਕੀ ਹੈ ਅਤੇ ਆਈ.ਜੀ ਅੰਬਾਲਾ ਰੇਂਜ ਅਤੇ ਐਸ.ਪੀ ਅੰਬਾਲਾ ਨੇ ਬਾਰਡਰ ਤੇ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਜਾਣਕਾਰੀ ਅਨੁਸਾਰ ਕਿਸਾਨਾਂ ਵਾਲੇ ਪਾਸੇ ਡਰੋਨ ਵੀ ਭੇਜਿਆ ਗਿਆ ਹੈ ਅਤੇ ਅੰਬਾਲਾ ਪ੍ਰਸ਼ਾਸਨ ਨੇ ਦੋ ਡੀਐਸਪੀ ਕਿਸਾਨਾਂ ਕੋਲ ਭੇਜ ਕੇ ਦਿੱਲੀ ਜਾਣ ਦੀ ਆਗਿਆ ਬਾਰੇ ਪੁੱਛਿਆ ਗਿਆ ਹੈ।
ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਅਲਫਾ, ਬਰੇਵੋ, ਚਾਰਲੀ ਤੇ ਡੈਲਟਾ ਚਾਰ ਕੰਪਨੀਆਂ ਸਮੇਤ ਮਹਿਲਾ ਪੁਲੀਸ ਦੀ ਇਕ ਕੰਪਨੀ ਵੀ ਲਾਈ ਹੈ। ਭਾਰਤੀ ਪੁਲੀਸ ਰਿਜ਼ਰਵ ਬਲ ਦੀਆਂ ਚਾਰ ਕੰਪਨੀਆਂ, ਹਰਿਆਣਾ ਆਰਮਡ ਫੋਰਸ ਦੀਆਂ ਚਾਰ ਕੰਪਨੀਆਂ, ਰੈਪਿਡ ਐਕਸ਼ਨ ਫੋਰਸ ਦੀਆਂ ਚਾਰ ਕੰਪਨੀਆਂ, ਸੀਆਰਪੀ ਦੀ ਇਕ ਕੰਪਨੀ, ਘੋੜ ਸਵਾਰ ਫੋਰਸ ਦੀ ਟੀਮ, ਡਿਜ਼ਾਸਟਰ ਮੈਨੇਜਮੈਂਟ ਦੀਆਂ ਦੋ ਟੀਮਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਬਿਨਾ ਫੋਰਸ ਰਿਜ਼ਰਵ ਵੀ ਰੱਖੀ ਗਈ ਹੈ ਅਤੇ ਕਈ ਹੋਰ ਜ਼ਿਲ੍ਹਿਆਂ ਦੇ ਡੀਐਸਪੀ, ਇੰਸਪੈਕਟਰ, ਮਹਿਲਾ ਪੁਲੀਸ ਦੀਆਂ ਟੀਮਾਂ ਵੀ ਬੁਲਾਈਆਂ ਗਈਆਂ ਹਨ।
ਉਧਰ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਜਿਲ੍ਹਾ ਕੈਥਲ ਦੇ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧਾਂ ਤਹਿਤ ਪੰਜਾਬ ਸੀਮਾ ਨਾਲ ਲੱਗਦੇ ਘੱਗਰ ਨਦੀ ਦੇ ਪੁਲ ਤੇ ਕੀਤੀ ਗਈ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤਾ ਹੈ। ਪੁਲੀਸ ਵੱਲੋਂ ਪੰਜਾਬ ਵਾਲੇ ਪਾਸਿਓਂ ਆਉਣ ਵਾਲੇ ਲੋਕਾਂ ਤੇ ਅੱਖ ਰੱਖੀ ਜਾ ਰਹੀ ਹੈ। ਇਸ ਮੌਕੇ ਹਰਿਆਣਾ ਪੁਲੀਸ ਨੇ ਵਾਟਰ ਕੈਨਨ ਦੀਆਂ ਗੱਡੀਆਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੁਲ ’ਤੇ ਤੈਨਾਤ ਕੀਤੀਆਂ ਹਨ।