ਕਿਸਾਨਾਂ ਵੱਲੋਂ ਨਕਲੀ ਖਾਦਾਂ ਦੀ ਵਿਕਰੀ ਰੋਕਣ ਲਈ ਡੀਸੀ ਦਫ਼ਤਰਾਂ ਅੱਗੇ ਮੁਜ਼ਾਹਰੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਅਤੇ ਬੀਬੀਆਂ ਵੱਲੋਂ ਅਨਾਜ ਮੰਡੀ ਵਿਚ ਰੋਸ ਰੈਲੀ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਕਿਸਾਨੀ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਡੀਸੀ ਦਫ਼ਤਰ ਅੱਗੇ ਆਵਾਜਾਈ ਠੱਪ ਕਰ ਕੇ ਰੋਸ ਪ੍ਰਦਰਸ਼ਨ ਕਰਦਿਆਂ ਉਪ ਮੰਡਲ ਮੈਜਿਸਟ੍ਰੇਟ ਚਰਨਜੋਤ ਸਿੰਘ ਵਾਲੀਆ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ। ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਵੱਡੀ ਤਾਦਾਦ ’ਚ ਇਕੱਠੇ ਹੋਏ ਕਿਸਾਨ ਤੇ ਬੀਬੀਆਂ ਨੇ ਸਥਾਨਕ ਅਨਾਜ ਮੰਡੀ ਵਿਚ ਰੋਸ ਰੈਲੀ ਕੀਤੀ। ਬਾਅਦ ਦੁਪਹਿਰ ਵੱਡੇ ਕਾਫ਼ਲੇ ਦੇ ਰੂਪ ਵਿਚ ਰੋਸ ਮਾਰਚ ਕਰਦਿਆਂ ਡੀਸੀ ਦਫ਼ਤਰ ਅੱਗੇ ਪੁੱਜੇ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਪੰਜਾਬ ਵਿਚ ਨਕਲੀ ਖਾਦਾਂ ਦੀ ਵਿਕਰੀ ਅਤੇ ਹੋਰ ਢੰਗਾਂ ਰਾਹੀਂ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਪੰਜਾਬ ਅੰਦਰ ਡੀਏਪੀ ਖਾਦ ਦੀ ਕਿੱਲਤ ਹੈ ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਕਲੀ ਖਾਦਾਂ ਦੀ ਵਿਕਰੀ ਤੁਰੰਤ ਬੰਦ ਕੀਤੀ ਜਾਵੇ, ਨੈਨੋ ਵਰਗੀਆਂ ਖਾਦਾਂ ਉਪਰ ਪਾਬੰਦੀ ਲਾਈ ਜਾਵੇ, ਪ੍ਰਚੱਲਿਤ ਸਹੀ ਖਾਦਾਂ ਦੀ ਸਪਲਾਈ ਸਾਰੇ ਡੀਲਰਾਂ ਅਤੇ ਖਾਸ ਕਰਕੇ ਸਹਿਕਾਰੀ ਸਭਾਵਾਂ ਰਾਹੀਂ ਕੀਤੀ ਜਾਵੇ, ਸਭਾਵਾਂ ਦੀ ਮੰਗ ਅਨੁਸਾਰ ਤੁਰੰਤ ਖਾਦਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇੇ। ਇਸ ਮੌਕੇ ਯੂਨੀਅਨ ਆਗੂ ਬਹਾਲ ਸਿੰਘ ਢੀਂਡਸਾ, ਬਹਾਦਰ ਸਿੰਘ ਭੁਟਾਲ, ਮਨਜੀਤ ਸਿੰਘ ਘਰਾਚੋਂ, ਜਸਵੰਤ ਸਿੰਘ ਤੋਲਾਵਾਲ, ਜਗਤਾਰ ਸਿੰਘ ਲੱਡੀ, ਸੁਖਦੇਵ ਸਿੰਘ ਕੜੈਲ, ਭਰਭੂਰ ਸਿੰਘ ਮੌੜਾਂ, ਰਾਮ ਸਿੰਘ ਕਣਕਵਾਲ ਤੇ ਜਸਵੀਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਪਟਿਆਲਾ (ਸਰਬਜੀਤ ਸਿੰੰਘ ਭੰਗੂ): ਡੀਏਪੀ ਸਮੇਤ ਸਾਰੀਆਂ ਹੀ ਖਾਦਾਂ ਦੀ ਸਹਿਕਾਰੀ ਖੇਤਰਾਂ ਰਾਹੀਂ ਵੰਡ ਅਤੇ ਖਾਦਾਂ ਦੀ ਕਾਲਾਬਾਜ਼ਾਰੀ ਰੋਕਣ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਅੱਗੇ ਪ੍ਰਰਦਸ਼ਨ ਕੀਤੇ ਗਿਆ। ਇਸ ਦੌਰਾਨ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਭੇਜਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ‘ਆਪ’ ਦੇ ਰਾਜ ਅੰਦਰ ਨਕਲੀ ਖਾਦਾਂ ਦੀ ਵਿਕਰੀ ਅਤੇ ਹੋਰ ਢੰਗਾਂ ਰਾਹੀਂ ਹੋ ਰਹੀ ਕਿਸਾਨਾਂ ਦੀ ਲੁੱਟ ਨੂੰ ਰੋਕਿਆ ਜਾਵੇ। ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਦੀ ਅਗਵਾਈ ਹੇਠਾਂ ਜ਼ਿਲ੍ਹਾ ਪੱਧਰ ’ਤੇ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਅਮਰੀਕ ਸਿੰਘ ਘੱਗਾ, ਰਜਿੰਦਰ ਕਕਰਾਲਾ, ਹਰਜਿੰਦਰ ਗੱਜੂਮਾਜਰਾ, ਜਸਵਿੰਦਰ ਸਾਲੂਵਾਲ, ਭਰਪੂਰ ਸਿੰਘ ਗਾਜੇਵਾਸ, ਗੁਰਵੀਰ ਸਿੰਘ ਨੰਦਪੁਰ ਕੇਸ਼ੋ, ਜਗਮੇਲ ਗਾਜੇਵਾਸ ਤੇ ਬਲਰਾਜ ਜੋਸ਼ੀ ਆਦਿ ਕਿਸਾਨ ਆਗੂ ਵੀ ਮੌਜੂਦ ਰਹੇ। ਬੁਲਾਰਿਆਂ ਦਾ ਕਹਿਣਾ ਸੀ ਕਿ ਨਕਲੀ ਖਾਦਾਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ ਜਿਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ। ਉਨ੍ਹਾਂ ਕਿਹਾ ਕਿ ਉਤਪਾਦਕ ਕੰਪਨੀਆਂ ਅਤੇ ਡੀਲਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਕਿਰਤੀ ਕਿਸਾਨ ਯੂਨੀਅਨ ਵਲੋਂ ਸੂਬਾ ਪੱਧਰੀ ਸੱਦੇ ਤਹਿਤ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਧਰਨਾਕਾਰੀ ਕਿਸਾਨ ਪੰਜਾਬ ਸਰਕਾਰ ਤੋਂ ਬਾਸਮਤੀ ਦਾ ਐੱਮਐੱਸਪੀ ਨਿਰਧਾਰਤ ਕਰਕੇ ਖਰੀਦ ਕਰਨ, ਡੀਏਪੀ ਅਤੇ ਯੂਰੀਆ ਦੀ ਘਾਟ ਨੂੰ ਦੂਰ ਕਰਕੇ ਕਾਲਾਬਾਜ਼ਾਰੀ ਨੂੰ ਨੱਥ ਪਾਉਣ, ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਦੇਣ ਤੇ ਖੰਡ ਮਿੱਲਾਂ ਇੱਕ ਨਵੰਬਰ ਤੋਂ ਚਾਲੂ ਕਰਨ ਸਣੇ ਹੋਰ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕਰ ਰਹੇ ਸਨ। ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਨੇ ਸੰਬੋਧਨ ਕੀਤਾ।