ਕਿਸਾਨਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ
ਜਗਤਾਰ ਸਿੰਘ ਨਹਿਲ
ਲੌਂਗੋਵਾਲ, 23 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਅੱਜ ਲੌਂਗੋਵਾਲ ਦੇ ਬੱਸ ਅੱਡੇ ’ਤੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਤੇ ਜਿਲ੍ਹਾ ਕਾਰਜਕਾਰੀ ਆਗੂ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਪਿੰਡ ਦੂਨੇਵਾਲ ਵਿੱਚ ਬੀਤੇ ਦਿਨਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਜਾ ਰਹੇ ਨਿਹੱਥੇ ਕਿਸਾਨ ਭਰਾਵਾਂ ’ਤੇ ਲਾਠੀਆਂ ਤੇ ਅੱਥਰੂ ਗੈਸ ਦੇ ਗੋਲੇ ਚਲਾ ਕੇ ਕਿਸਾਨ ਵਿਰੋਧੀ ਚਿਹਰਾ ਸਾਫ਼ ਨੰਗਾ ਹੋ ਗਿਆ ਹੈ। ਸੈਂਕੜੇ ਬਜ਼ੁਰਗਾਂ ਤੇ ਮਾਵਾਂ-ਭੈਣਾਂ ’ਤੇ ਸਿੱਧੀਆਂ ਲਾਠੀਆਂ ਵਰਾ ਕੇ ਜ਼ਖ਼ਮੀ ਕੀਤਾ ਗਿਆ। ਭਗਵੰਤ ਮਾਨ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਭਾਰਤ ਮਾਲਾ ਸੜਕ ਯੋਜਨਾ ਅਧੀਨ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਬਹੁਤ ਥੋੜੇ ਮੁਆਵਜ਼ੇ ਤੇ ਲੁਟਾਉਣਾ ਚਾਹੁੰਦੀ ਹੈ ਅਤੇ ਮੋਦੀ ਸਰਕਾਰ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਜਿਹੀਆਂ ਹਰਕਤਾਂ ਤੋਂ ਬਾਜ਼ ਨਾ ਆਉਣ ’ਤੇ ਤਿੱਖੇ ਸੰਘਰਸ਼ ਕੀਤੇ ਜਾਣਗੇ। ਅੱਜ ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਜੰਗੀਰ ਸਿੰਘ ਉੱਭਾਵਾਲ, ਸੂਬਾ ਔਰਤ ਆਗੂ ਬਲਜੀਤ ਕੌਰ ਕਿਲ੍ਹਾ ਭਰੀਆਂ, ਸੁਖਦੇਵ ਕਿਲ੍ਹਾ ਭਰੀਆਂ, ਅਮਰਜੀਤ ਲੌਂਗੋਵਾਲ, ਸ਼ਿੰਦਰ ਬਡਰੁੱਖਾਂ, ਬਲਜਿੰਦਰ ਲੌਂਗੋਵਾਲ, ਰੂਪ ਸਿੰਘ, ਗੁਰਦੀਪ ਸਿੰਘ, ਹਰਬੰਸ ਸਿੰਘ ਅਤੇ ਸਤਿਗੁਰ ਨਮੋਲ ਹਾਜ਼ਰ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਲਹਿਰਾਗਾਗਾ-ਮੂਣਕ ਵੱਲੋਂ ਲਹਿਰਾਗਾਗਾ ਵਿੱਚ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦੀ ਅਗਵਾਈ ਹੇਠ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਕਿਸਾਨ ਆਗੂ ਲੀਲਾ ਸਿੰਘ ਚੋਟੀਆਂ ਅਤੇ ਬਲਜੀਤ ਸਿੰਘ ਗੋਬਿੰਦਗੜ੍ਹ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਛੇ ਦਸੰਬਰ ਨੂੰ ਆਪਣੇ ਹੱਕ ਲੈਣ ਲਈ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਅਰਥੀ ਫੂਕ ਮੁਜ਼ਾਹਰੇ ਵਿੱਚ ਬਲਾਕ ਸਕੱਤਰ ਬੱਬੂ ਮੂਣਕ, ਬਲਕਾਰ ਬੱਲਰਾ, ਪ੍ਰਗਟ ਚੋਟੀਆਂ ਤੇ ਇਕਾਈਆਂ ਦੇ ਪ੍ਰਧਾਨ ਕਾਲੂ ਚੂਲੜ ਕੁਲਦੀਪ ਪਾਲਸਰੀਆ, ਬਿਕਰ ਪਾਪੜਾ, ਪ੍ਰਗਟ ਗਦੜਿਆਣੀ, ਟੇਕ ਚੋਟੀਆਂ, ਗੁਰਮੇਲ ਚੋਟੀਆਂ ਅਤੇ ਬੀਰਾ ਸਿੰਘ ਹਾਜ਼ਰ ਸਨ।
ਕਿਸਾਨਾਂ-ਮਜ਼ਦੂਰਾਂ ਨੂੰ ਢਾਬੀ ਮੋਰਚੇ ’ਤੇ ਪਹੁੰਚਣ ਦਾ ਸੱਦਾ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਢਾਬੀ ਗੁਜਰਾ ਬਾਰਡਰ ਨੇੜੇ ਕਿਸਾਨੀ ਮੰਗਾਂ ਸਬੰਧੀ ਜਾਰੀ ਅੰਦੋਲਨ ਦੌਰਾਨ ਲਖਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਭਾਰਤੀ ਕਿਸਾਨ ਏਕਤਾ ਦੇ ਦਫ਼ਤਰ ਵਿੱਚ ਮੀਟਿੰਗ ਹੋਈ, ਜਿਸ ਵਿੱਚ ਬਠਿੰਡਾ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ 13 ਫਰਵਰੀ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਭਾਗ-2 ਅੱਜ 286ਵੇਂ ਦਿਨ ਵਿੱਚ ਪਹੁੰਚ ਗਿਆ ਹੈ ਅਤੇ 18 ਫਰਵਰੀ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਸਾਨਾਂ ਨੂੰ ਮੋਰਚੇ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਅੰਗਰੇਜ਼ ਸਿੰਘ ਕੋਟਲੀ, ਗੁਰਲਾਲ ਸਿੰਘ ਭੰਗੂ, ਬਲਕੌਰ ਸਿੰਘ ਫੱਗੂ, ਪਵਨ ਕੁਮਾਰ, ਅਮਰੀਕ ਸਿੰਘ ਮੋਰੀਵਾਲਾ, ਸਰਦੂਲ ਸਿੰਘ, ਸੁਭਾਸ਼ ਝੋਰੜ ਬਚੇਰ, ਭਾਰਤ ਗੋਦਾਰਾ ਰੋਹੀਆਂਵਾਲੀ, ਸੁਖਰਾਜ ਸਿੰਘ ਰਘੂਆਣਾ, ਜੀਤ ਸਿੰਘ ਥਿਰਾਜ, ਕਰਮਤੇਜ ਸਿੰਘ ਪੰਜੂਆਣਾ, ਗੁਰਦੀਪ ਸਿੰਘ ਮੱਲੇਵਾਲਾ, ਕਰਮਜੀਤ ਸਿੰਘ ਏਲਨਾਬਾਦ ਸ਼ਾਮਲ ਸਨ।