ਨਕਲੀ ਖਾਦਾਂ ਦੀ ਵਿਕਰੀ ਵਿਰੁੱਧ ਨਿੱਤਰੇ ਕਿਸਾਨ
ਸ਼ਗਨ ਕਟਾਰੀਆ
ਬਠਿੰਡਾ, 25 ਸਤੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਡੀਏਪੀ ਅਤੇ ਹੋਰ ਖਾਦਾਂ ਦੀ ਵਿਕਰੀ ਮੌਕੇ ਕਿਸਾਨਾਂ ਦੀ ਹੋਣ ਵਾਲੀ ਕਥਿਤ ਲੁੱਟ ਦੇ ਵਿਰੋਧ ’ਚ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਵਿਖਾਵਾਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦੇ ਕੇ ਖਾਦਾਂ ਦੀ ਕਿੱਲਤ ਦੂਰ ਕਰਨ ਅਤੇ ਖਾਦਾਂ ਵਿਕਰੀ ਸਾਫ਼-ਸੁਥਰੇ ਢੰਗ ਨਾਲ ਕਰਵਾਏ ਜਾਣ ਦੀ ਮੰਗ ਕੀਤੀ।
ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਅਤੇ ਹਰਿੰਦਰ ਬਿੰਦੂ ਨੇ ਕਿਹਾ ਕਿ ਨਕਲੀ ਖਾਦਾਂ ਦੀ ਸ਼ਰੇਆਮ ਹੁੰਦੀ ਵਿਕਰੀ ਤੁਰੰਤ ਰੋਕੀ ਜਾਵੇ। ਅਜਿਹੀ ਵਿਕਰੀ ਕਰਨ ਵਾਲੀਆਂ ਉਤਪਾਦਕ ਕੰਪਨੀਆਂ ਅਤੇ ਡੀਲਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਇਫ਼ਕੋ, ਸਹਿਕਾਰੀ ਸਭਾਵਾਂ ਅਤੇ ਆਮ ਡੀਲਰਾਂ ਵੱਲੋਂ ਪ੍ਰਚੱਲਿਤ ਖਾਦਾਂ ਦੇ ਨਾਲ ਨੈਨੋ ਖਾਦਾਂ ਅਤੇ ਹੋਰ ਖੇਤੀ ਲਾਗਤ ਵਸਤਾਂ ਕਿਸਾਨਾਂ ਨੂੰ ਮੜਨੀਆਂ ਬੰਦ ਕੀਤੀਆਂ ਜਾਣ। ਆਗੂਆਂ ਆਖਿਆ ਕਿ ਚਾਰ ਮਹੀਨੇ ਪਹਿਲਾਂ ਆਈ ਡੀਏਪੀ ਖਾਦ ਦੇ ਸੈਂਪਲ ਫੇਲ੍ਹ ਹੋ ਚੁੱਕੇ ਹਨ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਉਹ ਖਾਦ ਬਣਾਉਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਕਿਸਾਨ ਆਗੂਆਂ ਨੇ ਨਵਾਂ ਖੁਲਾਸ ਕਰਦਿਆਂ ਕਿਹਾ ਕਿ ਪਹਿਲਾਂ-ਪਹਿਲਾਂ ਕਿਸਾਨਾਂ ਦੀ ਮਰਜ਼ੀ ਦੇ ਉਲਟ ਕਾਰਪਰੇਟ ਘਰਾਣਿਆਂ ਨੂੰ ਖੇਤੀ ’ਚੋਂ ਲੁੱਟ ਕਰਵਾਉਣ ਲਈ, ਉਨ੍ਹਾਂ ਦੀਆਂ ਫ਼ਰਮਾਂ ਵੱਲੋਂ ਰਾਤ ਦੇ ਹਨੇਰੇ ਵਿੱਚ ਖੇਤਾਂ ਵਿੱਚ ਚੋਰੀਓਂ ਖਾਦਾਂ ਪਾ-ਪਾ ਕੇ ਕਿਸਾਨਾਂ ਨੂੰ ਖਾਦਾਂ ਵਰਤਣ ਦੇ ਆਦੀ ਬਣਾਇਆ ਗਿਆ।
ਮਾਨਸਾ (ਜੋਗਿੰਦਰ ਸਿੰਘ ਮਾਨ): ਡੀਏਪੀ ਖਾਦ ਦੀ ਕਿੱਲਤ ਦੂਰ ਕਰਨ ਦੀ ਮੰਗ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦੇਣ ਉਪਰੰਤ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ, ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਡੀ.ਏ.ਪੀ. ਖਾਦ ਦਾ ਤੁਰੰਤ ਪੂਰਾ ਪ੍ਰਬੰਧ ਕੀਤਾ ਜਾਵੇ, ਖਾਦਾਂ ਦੇ ਨਾਲ ਬੇਲੋੜਾ ਸਮਾਨ, ਨੈਨੋ ਡੀ.ਏ.ਪੀ. ਨੈਨੋ ਯੂਰੀਆ, ਸਲਫਰ ਨਦੀਨ ਅਤੇ ਕੀਟਨਾਸ਼ਕ ਦਵਾਈਆਂ ਬੇਲੋੜੀਆਂ ਜ਼ਬਰਦਸਤੀ ਡੀ.ਏ.ਪੀ. ਖਾਦ ਦੇ ਨਾਲ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਉਸਨੂੰ ਤੁਰੰਤ ਰੋਕਿਆ ਜਾਵੇ। ਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸੂਬੇ ਵਿੱਚ ਨਕਲੀ ਡੀ.ਏ.ਪੀ. ਵੇਚਣ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ।
ਬਰਨਾਲਾ (ਪਰਸ਼ੋਤਮ ਬੱਲੀ): ਡੀਏਪੀ ਖਾਦ ਦੀ ਕਿੱਲਤ, ਨਕਲੀ ਖਾਦ ਵਿਕਰੀ ਤੇ ਵਿਕਰੇਤਾਵਾਂ ਵੱਲੋਂ ਕਿਸਾਨਾਂ ਨੂੰ ਨੈਨੋਂ ਉਤਪਾਦ ਮੜੇ ਜਾਣ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਡੀਸੀ ਬਰਨਾਲਾ ਦਫ਼ਤਰ ਵਿਖੇ ਜ਼ਿਲ੍ਹੇ ਭਰ ਦੇ ਕਿਸਾਨਾਂ ਵੱਲੋਂ ਭਾਰੀ ਗਿਣਤੀ ਵਿੱਚ ਇਕੱਠੇ ਹੋਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦੀ ਹੋ ਰਹੀ ਅੰਨ੍ਹੀ ਲੁੱਟ ਰੋਕਣ ਲਈ ਏਡੀਸੀ ਸਤਵੰਤ ਸਿੰਘ ਨੂੰ ਸਰਕਾਰ ਤੇ ਪ੍ਰਸ਼ਾਸਨ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਸੂਬਾ ਕਮੇਟੀ ਮੈਂਬਰ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ , ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਔਰਤ ਵਿੰਗ ਕਨਵੀਨਰ ਕਮਲਜੀਤ ਕੌਰ ਬਰਨਾਲਾ, ਮੀਤ ਪ੍ਰਧਾਨ ਬੁੱਕਣ ਸਿੰਘ ਸੈਦੋਵਾਲ ਤੇ ਹੋਰਨਾਂ ਨੇ ਸੰਬੋਧਨ ਕੀਤਾ।
ਫ਼ਰੀਦਕੋਟ (ਜਸਵੰਤ ਜੱਸ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਡੀ ਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਅੰਦਰ ਨਕਲੀ ਖਾਦਾਂ ਦੀ ਵਿਕਰੀ ਅਤੇ ਹੋਰ ਢੰਗਾਂ ਰਾਹੀਂ ਹੋ ਰਹੀ ਕਿਸਾਨਾਂ ਦੀ ਅੰਨ੍ਹੀ ਲੁੱਟ ਰੋਕਣ ਲਈ ਰੋਸ ਧਰਨਾ ਦੇਣ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਕਲੀ ਖਾਦਾਂ ਦੀ ਸ਼ਰੇਆਮ ਵਿਕਰੀ ਹੋ ਰਹੀ ਹੈ ਅਤੇ ਡੀਏ ਪੀ ਦੇ ਨਾਲ ਕਿਸਾਨਾਂ ਨੂੰ ਨੈਨੋ ਵਰਗੇ ਬੇਲੋੜੇ ਉਤਪਾਦ ਮਹਿੰਗੇ ਭਾਅ ਤੇ ਜਬਰੀ ਮੜ ਕੇ ਕਿਸਾਨਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ।
ਕਿਸਾਨਾਂ ਨੇ ਡੀਸੀ ਦਫ਼ਤਰ ਦੇ ਗੇਟ ’ਤੇ ਚਿਪਕਾਇਆ ਮੰਗ ਪੱਤਰ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਕਲੀ ਰਸਾਇਣਕ ਖਾਦਾਂ ਦੀ ਵਿੱਕਰੀ ਅਤੇ ਨੈਨੋ ਖਾਦ ਵਰਗੀਆਂ ਵਸਤਾਂ ਜਬਰੀ ਦੇਣ ਖ਼ਿਲਾਫ਼ ਇੱਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ। ਡੀਏਪੀ ਖਾਦ ਦੀ ਕਿੱਲਤ ਦੂਰ ਕਰਨ ਦੀ ਮੰਗ ਵੀ ਕੀਤੀ ਗਈ। ਮੁਜ਼ਾਹਰੇ ਉਪਰੰਤ ਜਦੋਂ ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਧਰਨੇ ਵਿੱਚ ਆ ਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਲੈਣ ਵਾਸਤੇ ਕਿਹਾ ਤਾਂ ਉਨ੍ਹਾਂ ਦਫਤਰ ਵਿੱਚ ਆ ਕੇ ਮੰਗ ਪੱਤਰ ਦੇਣ ਦਾ ਸੁਨੇਹਾ ਭੇਜਿਆ ਪਰ ਜਦੋਂ ਨੂੰ ਆਗੂਆਂ ਦਾ ਵਫ਼ਦ ਦਫਤਰ ਵਿੱਚ ਜਾ ਕੇ ਮੰਗ ਪੱਤਰ ਸੌਂਪਦਾ ਉਦੋਂ ਤੱਕ ਡੀਸੀ ਦਫਤਰ ਵਿੱਚੋਂ ਚਲੇ ਗਏ। ਇਸ ਤੋਂ ਖਫ਼ਾ ਹੋਏ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੰਗ ਪੱਤਰ ਗੇਟ ’ਤੇ ਚਿਪਕਾ ਦਿੱਤਾ ਗਿਆ। ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਸੀਨੀਅਰ ਮੀਤ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਸੰਬੋਧਨ ਕੀਤਾ। ਡੀਸੀ ਦਫਤਰ ਨਾਲ ਸੰਪਰਕ ਕਰਨ ’ਤੇ ਪਤਾ ਲੱਗਿਆ ਕਿ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਦਫਤਰ ਵਿੱਚ ਮੰਗ ਪੱਤਰ ਦੇਣ ਦੀ ਸਹਿਮਤੀ ਦੇ ਦਿੱਤੀ ਸੀ ਪਰ ਜਦੋਂ ਕਾਫੀ ਦੇਰ ਤਕ ਕਿਸਾਨ ਨਾ ਆਏ ਤਾਂ ਕਿਸੇ ਜ਼ਰੂਰੀ ਰੁਝੇਵੇਂ ਵਾਸਤੇ ਡਿਪਟੀ ਕਮਿਸ਼ਨਰ ਦਫਤਰ ਵਿੱਚੋਂ ਚਲੇ ਗਏ।
ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਜ਼ਿਲ੍ਹਾ ਸਕੱਤਰੇਤ ਅੱਗੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਸੂਬੇ ਵਿਚ ਧੜੱਲੇ ਨਾਲ ਵਿਕ ਰਹੀ ਨਕਲੀ ਡੀਏਪੀ ਖਾਦ ਦੀ ਵਿਕਰੀ ਰੋਕਣ ਤੇ ਵਿਜੀਲੈਂਸ ਜਾਂਚ ਲਈ ਮੁਜ਼ਾਹਰਾ ਕੀਤਾ ਗਿਆ। ਇਸ ਧਰਨੇ ਵਿਚ ਕਿਸਾਨ ਬੀਬੀਆਂ ਨੇ ਵੀ ਸ਼ਿਰਕਤ ਕੀਤੀ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸਨਪੁਰਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲਕਲਾਂ ਨੇ ਕਿਹਾ ਕਿ ਸੂਬੇ ਵਿਚ ਜਦੋਂ ਅੰਨਦਾਤਾ ਡੀਏਪੀ ਖਾਦ ਦੀ ਭਾਰੀ ਘਾਟ ਨਾਲ ਜੂਝ ਰਿਹਾ ਹੈ ਤਾਂ ਉਸ ਵੇਲੇ ਕੁੱਝ ਵਪਾਰੀਆਂ ਨੇ ਇਸਦਾ ਲਾਹਾ ਲੈ ਕੇ ਗੈਰ-ਮਿਆਰੀ ਅਤੇ ਨਕਲੀ ਡੀਏਪੀ ਖਾਦ ਬਣਾ ਕੇ ਹੱਥ ਰੰਗਣ ਦਾ ਜੁਗਾੜ ਤੋਰ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਧੜੱਲੇ ਨਾਲ ਵਿਕ ਰਹੀ ਨਕਲੀ ਡੀਏਪੀ ਖਾਦ ਦੀ ਵਿਜੀਲੈਂਸ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਸੂਬਾ ਸਰਕਾਰ ਤੋਂ ਡੀਏਪੀ ਖਾਦ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।