ਸਰਹਿੰਦ ਨਹਿਰ ਪੱਕੀ ਕਰਨ ਖ਼ਿਲਾਫ਼ ਕਿਸਾਨ ਮੋਰਚਾ ਅੱਜ ਤੋਂ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਜਨਵਰੀ
ਸਰਕਾਰ ਵੱਲੋਂ ਰੋਪੜ ਤੋਂ ਲੁਧਿਆਣਾ ਤੱਕ ਵਗਦੀ ਸਰਹਿੰਦ ਨਹਿਰ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਪਰ ਅੱਜ ਕਿਸਾਨ ਯੂਨੀਅਨਾਂ ਅਤੇ ਲੋਕਾਂ ਨੇ ਇਸ ਦਾ ਡਟਵਾਂ ਵਿਰੋਧ ਕਰਦਿਆਂ ਕੰਮ ਬੰਦ ਕਰਵਾਉਣ ਲਈ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਸਰਹਿੰਦ ਨਹਿਰ ਕਿਨਾਰੇ ਪਿੰਡ ਗੜ੍ਹੀ ਵਿੱਚ ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਇਲਾਵਾ ਲੋਕਾਂ ਦਾ ਵੱਡਾ ਇਕੱਠ ਹੋਇਆ। ਬੁਲਾਰਿਆਂ ਨੇ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਕਿ ਜੇ ਸਰਹਿੰਦ ਨਹਿਰ ਪੱਕੀ ਕਰ ਦਿੱਤੀ ਗਈ ਤਾਂ ਪਾਣੀ ਦਾ ਪੱਧਰ ਹੇਠਾਂ ਚਲਾ ਜਾਵੇਗਾ ਅਤੇ ਹਜ਼ਾਰਾਂ ਏਕੜ ਜ਼ਮੀਨ ਬੰਜਰ ਹੋਣ ਵੱਲ ਵਧੇਗੀ। ਕਿਸਾਨਾਂ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤਾਂ ਪਹਿਲਾਂ ਹੀ ਹੇਠਾਂ ਡਿੱਗਦਾ ਜਾ ਰਿਹਾ ਹੈ ਅਤੇ ਜੇ ਸਰਕਾਰਾਂ ਨੇ ਇਹ ਨਹਿਰਾਂ ਪੱਕੀਆਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਹ ਹੋਰ ਡਿੱਗ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਸਰਹਿੰਦ ਨਹਿਰ ਪੱਕੀ ਕਰਨ ਦਾ ਕੰਮ ਬੰਦ ਕਰਵਾਉਣਾ ਬਹੁਤ ਜ਼ਰੂਰੀ ਹੈ। ਅੱਜ ਸਾਰੀਆਂ ਕਿਸਾਨ ਯੂਨੀਅਨਾਂ ਨੇ ਫ਼ੈਸਲਾ ਲਿਆ ਕਿ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਨਹਿਰ ਪੱਕੀ ਕਰਵਾਉਣ ਦਾ ਕੰਮ ਬੰਦ ਕਰਵਾਉਣ ਸਬੰਧੀ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ 3 ਜਨਵਰੀ ਨੂੰ ਸਵੇਰੇ 10 ਵਜੇ ਪਿੰਡਾਂ ਤੇ ਲੋਕ ਤੇ ਕਿਸਾਨ ਯੂਨੀਅਨਾਂ ਸਰਹਿੰਦ ਨਹਿਰ ਦੇ ਗੜ੍ਹੀ ਪੁਲ ’ਤੇ ਇਕੱਤਰ ਹੋਣਗੀਆਂ ਅਤੇ ਇੱਥੇ ਪੱਕਾ ਕਿਸਾਨ ਮੋਰਚਾ ਲਗਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰਸ਼ਾਸਨ ਸਰਹਿੰਦ ਨਹਿਰ ਨੂੰ ਪੱਕੀ ਕਰਨ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਨਹੀਂ ਕਰਵਾ ਦਿੰਦਾ। ਕਿਸਾਨ ਆਗੂਆਂ ਨੇ ਕਿਹਾ ਕਿ ਭਲਕੇ 3 ਜਨਵਰੀ ਤੋਂ ਖੰਨਾ-ਜੰਮੂ ਹਾਈਵੇਅ ਅਤੇ ਰੋਪੜ-ਦੋਰਾਹਾ ਮਾਰਗ ’ਤੇ ਅਣਮਿੱਥੇ ਸਮੇਂ ਲਈ ਪੱਕਾ ਜਾਮ ਲਗਾ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਜਾਮ ਦੌਰਾਨ ਆਮ ਲੋਕਾਂ ਨੂੰ ਹੁੰਦੀ ਪ੍ਰੇਸ਼ਾਨੀ ਨੂੰ ਸਮਝਦੇ ਹਨ ਪਰ ਜ਼ਮੀਨਾਂ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਅਜਿਹਾ ਮੋਰਚਾ ਜ਼ਰੂਰੀ ਹੈ। ਇਸ ਤੋਂ ਇਲਾਵਾ ਰੋਪੜ ਤੋਂ ਲੈ ਕੇ ਦੋਰਾਹਾ ਤੱਕ ਸਰਹਿੰਦ ਨਹਿਰ ਕਿਨਾਰੇ ਪਿੰਡਾਂ ਦੇ ਲੋਕਾਂ ਨੂੰ ਸੁਨੇਹੇ ਲਗਾ ਕੇ ਇੱਕ ਵੱਡਾ ਕਿਸਾਨ ਮੋਰਚਾ ਬਣਾਉਣ ਲਈ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੋਰਚੇ ਵਿੱਚ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਮੂਲੀਅਤ ਕਰ ਸਕਦੇ ਹਨ ਅਤੇ ਸਰਹਿੰਦ ਨਹਿਰ ਨੂੰ ਪੱਕੀ ਕਰਨ ਤੋਂ ਰੋਕਣ ਲਈ ਉਨ੍ਹਾਂ ਦਾ ਸਾਥ ਵੀ ਅਹਿਮ ਹੋਵੇਗਾ। ਇਸ ਮੌਕੇ ਅਵਤਾਰ ਸਿੰਘ ਮੇਹਲੋਂ, ਸੁਖਵਿੰਦਰ ਸਿੰਘ ਭੱਟੀਆਂ, ਹਰਦੀਪ ਸਿੰਘ ਗਿਆਸਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਅਮਰਜੀਤ ਬਾਲਿਓਂ, ਹਰਜਿੰਦਰ ਸਿੰਘ ਟੋਡਰਪੁਰ, ਗੁਰਦੀਪ ਸਿੰਘ ਮਿਲਕੋਵਾਲ, ਮਨਜੀਤ ਸਿੰਘ ਪਵਾਤ, ਕਰਮਜੀਤ ਸਿੰਘ ਅਢਿਆਣਾ, ਕਰਮਜੀਤ ਸਿੰਘ ਮਾਂਗਟ, ਬਾਬਾ ਹਰਬੰਤ ਸਿੰਘ ਮੌਜੂਦ ਸਨ।