ਲੰਬੀ ਵਿੱਚ ਕਿਸਾਨਾਂ ਵੱਲੋਂ ਭਾਜਪਾ ਦੇ ਬੂਥ ਸੰਮੇਲਨ ਦਾ ਵਿਰੋਧ
ਇਕਬਾਲ ਸਿੰਘ ਸਾਂਤ
ਲੰਬੀ, 31 ਮਾਰਚ
ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਪਿੰਡਾਂ ਵਿੱਚ ਪਹੁੰਚ ਰਹੀ ਭਾਜਪਾ ਲੀਡਰਸ਼ਿਪ ਨੂੰ ਕਿਸਾਨਾਂ ਦੇ ਜਥੇਬੰਦਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਬੀ ’ਚ ਅੱਜ ਭਾਜਪਾ ਦੇ ਬੂਥ ਸੰਮੇਲਨ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਭਾਕਿਯੂ ਖੋਸਾ ਦੇ ਕਾਡਰ ਨੇ ਸਾਂਝੇ ਤੌਰ ’ਤੇ ਵਿਰੋਧ ਕੀਤਾ। ਇਹ ਸਮਾਗਨ ਇਥੋਂ ਦੇ ਮੈਰਿਜ ਪੈਲੇਸ ’ਚ ਰੱਖਿਆ ਗਿਆ ਸੀ ਜਿਸ ਦੇ ਨੇੜੇ ਹੀ ਕਿਸਾਨਾਂ ਨੇ ਧਰਨਾ ਲਗਾ ਕੇ ਕਾਲੀਆਂ ਝੰਡੀਆਂ ਵਿਖਾਈਆਂ। ਬੂਥ ਸੰਮੇਲਨ ਅਤੇ ਕਿਸਾਨ ਧਰਨਾ ਆਖ਼ਰ ਤੱਕ ਬਰਾਬਰ ਚੱਲਦਾ ਰਿਹਾ। ਕਿਸਾਨਾਂ ਨੇ ਭਾਜਪਾ ਨੂੰ ਜਥੇਬੰਦਕ ਢਾਹ ਲਾਉਂਦਿਆਂ ਸਹਿਣਾਖੇੜਾ ਤੋਂ ਬੂਥ ਸੰਮੇੇਲਨ ’ਚ ਪੁੱਜੀਆਂ ਕਰੀਬ ਡੇਢ ਦਰਜਨ ਔਰਤਾਂ ਨੂੰ ਭਾਜਪਾ ਖ਼ਿਲਾਫ਼ ਹੀ ਧਰਨੇ ’ਚ ਬੈਠਣ ਲਈ ਰਾਜ਼ੀ ਕਰ ਲਿਆ। ਬੂਥ ਸੰਮੇਲਨ ਵਿੱਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਸੂਬਾ ਕਮੇਟੀ ਮੈਂਬਰ ਸੁਸ਼ੀਲ ਗਰੋਵਰ, ਲੋਕ ਸਭਾ ਬਠਿੰਡਾ ਦੇ ਕਨਵੀਨਰ ਅਸ਼ੋਕ ਭਾਰਤੀ, ਜ਼ਿਲ੍ਹਾ ਮੀਤ ਪ੍ਰਧਾਨ ਕਾਰਜ ਮਿੱਡਾ ਅਤੇ ਹਲਕਾ ਲੰਬੀ ਦੇ ਇੰਚਾਰਜ ਮੋਹਣ ਲਾਲ ਗਰਗ ਸ਼ਾਮਲ ਹੋਏ। ਲੰਬੀ ਹਲਕੇ ’ਚ ਕਰੀਬ 177 ਚੋਣ ਬੂਥ ਹਨ, ਜਿਸ ਮੁਤਾਬਕ ਹਲਕੇ ਅੰਦਰ ਭਾਜਪਾ ਦੇ 1947 ਕਾਰਕੁਨ ਜ਼ਮੀਨ ਪੱਧਰ ’ਤੇ ਡਟਣਗੇ। ਉਥੇ ਹੀ ਕਿਸਾਨਾਂ ਦੇ ਧਰਨੇ ਨੂੰ ਦੇਖਦਿਆਂ ਅਮਨ ਕਾਨੂੰਨ ਦੀ ਸਥਿਤੀ ਖਾਤਰ ਡੀਐੱਸਪੀ ਫਤਹਿ ਸਿੰਘ ਬਰਾੜ ਦੀ ਅਗਵਾਈ ਹੇਠਾਂ ਪੁਲੀਸ ਬਲ ਮੌਜੂਦ ਸੀ। ਭਾਕਿਯੂ ਸਿੱਧੂਪੁਰ ਦੇ ਬਲਾਕ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਨੇ ਕਿਹਾ ਕਿ ਭਾਜਪਾ ਲੀਡਰਾਂ ਦਾ ਕਿਸਾਨਾਂ ਵੱਲੋਂ ਪਿੰਡ-ਪਿੰਡ ਵਿਰੋਧ ਕੀਤਾ ਜਾਵੇਗਾ।