For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਕਚਹਿਰੀਆਂ ’ਚ ਆਏ ‘ਆਪ’ ਉਮੀਦਵਾਰ ਖੁੱਡੀਆਂ ਦਾ ਕਿਸਾਨਾਂ ਵੱਲੋਂ ਵਿਰੋਧ

07:48 AM Apr 10, 2024 IST
ਬਠਿੰਡਾ ਕਚਹਿਰੀਆਂ ’ਚ ਆਏ ‘ਆਪ’ ਉਮੀਦਵਾਰ ਖੁੱਡੀਆਂ ਦਾ ਕਿਸਾਨਾਂ ਵੱਲੋਂ ਵਿਰੋਧ
ਬਠਿੰਡਾ ਕਚਹਿਰੀਆਂ ’ਚ ਗੁਰਮੀਤ ਸਿੰਘ ਖੁੱਡੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 9 ਅਪਰੈਲ
ਆਪਣੀਆਂ ਮੰਗਾਂ ਲਈ 4 ਅਪਰੈਲ ਤੋਂ ਇਥੇ ਮਿਨੀ ਸਕੱਤਰੇਤ ਅੱਗੇ ਬੇਮਿਆਦੀ ਧਰਨਾ ਦੇ ਰਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਨਾਲ ਲੱਗਦੀਆਂ ਕਚਹਿਰੀਆਂ ’ਚ ਬਠਿੰਡਾ ਬਾਰ ਐਸੋਸੀਏਸ਼ਨ ਤੋਂ ਸਮਰਥਨ ਲੈਣ ਪੁੱਜੇ ਬਠਿੰਡਾ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਖ਼ਿਲਾਫ਼ ਵਿਰੋਧ ਦਰਜ ਕਰਵਾਇਆ। ਸ੍ਰੀ ਖੁੱਡੀਆਂ ਦੀ ਆਮਦ ਦਾ ਪਤਾ ਲੱਗਦਿਆਂ ਹੀ ਧਰਨਾਕਾਰੀਆਂ ਨੇ ਆਪਣੀ ਜਗ੍ਹਾ ਤੋਂ ਉੱਠ ਕੇ ਕਚਹਿਰੀਆਂ ਦੇ ਤਿੰਨੋਂ ਗੇਟਾਂ ਅੱਗੇ ਬੈਠ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੀ ਇਸ ਕਾਰਵਾਈ ਤੋਂ ਤੁਰੰਤ ਬਾਅਦ ਸ੍ਰੀ ਖੁੱਡੀਆਂ ਨੇ ਕਥਿਤ ਤੌਰ ’ਤੇ ਡਿਪਟੀ ਕਮਿਸ਼ਨਰ ਨੂੰ ਫ਼ੋਨ ਕਰਕੇ ਕਿਸਾਨਾਂ ਨਾਲ ਫੌਰੀ ਗੱਲਬਾਤ ਕਰਕੇ ਉਨ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਕਿਹਾ। ਗੱਲਬਾਤ ਲਈ ਹੋਈ ਮੀਟਿੰਗ ’ਚ ਡਿਪਟੀ ਕਮਿਸ਼ਨਰ ਤੋਂ ਇਲਾਵਾ ਗੈਸ ਪਾਈਪ ਲਾਈਨ ਕੰਪਨੀ ਦੇ ਅਧਿਕਾਰੀ ਅਤੇ ਐਸਐਸਪੀ ਬਠਿੰਡਾ ਤੋਂ ਇਲਾਵਾ ਕਿਸਾਨਾਂ ਤਰਫ਼ੋਂ ਵਫ਼ਦ ’ਚ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਸਵੀਰ ਸਿੰਘ ਬੁਰਜ ਸੇਮਾ, ਬਸੰਤ ਸਿੰਘ ਕੋਠਾ ਗੁਰੂ, ਨਛੱਤਰ ਸਿੰਘ ਢੱਡੇ ਅਤੇ ਕੁਲਵੰਤ ਸ਼ਰਮਾ ਸ਼ਾਮਿਲ ਹੋਏ।
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਗੈਸ ਪਾਈਪ ਲਾਈਨ ਦੇ ਮੁਆਵਜ਼ੇ ਸਬੰਧੀ ਕੰਪਨੀ ਵੱਲੋਂ ਕੁੱਝ ਕਾਨੂੰਨੀ ਦਿੱਕਤਾਂ ਦਾ ਇਜ਼ਹਾਰ ਕਰਦਿਆਂ ਬੁੱਧਵਾਰ ਨੂੰ ਜਥੇਬੰਦੀ ਵੱਲੋਂ ਆਪਣੇ ਵਕੀਲ ਨਾਲ ਸਲਾਹ ਕਰਕੇ ਫੈਸਲਾ ਕਰਨ ਲਈ ਕਿਹਾ ਗਿਆ। ਉਧਰ ਕਿਸਾਨ ਧਿਰ ਦਾ ਪੱਖ ਰਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਤੱਕ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨ ਆਗੂ ਨੇ ਦੱਸਿਆ ਕਿ ਤੇਲ ਕੰਪਨੀ ਵੱਲੋਂ ਜੋ ਢੱਡੇ ਅਤੇ ਹੋਰ ਪਿੰਡਾਂ ਵਿੱਚੋਂ ਪਾਈਪ ਲਾਈਨ ਲੰਘਦੀ ਹੈ, ਉਸ ਬਾਰੇ 16 ਅਪਰੈਲ ਨੂੰ ਡਿਪਟੀ ਕਮਿਸ਼ਨਰ ਨਾਲ ਦੁਬਾਰਾ ਮੀਟਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਗੜੇਮਾਰੀ ਅਤੇ ਤੂਫ਼ਾਨ ਨਾਲ ਹੋਏ ਹਰ ਕਿਸਮ ਦੇ ਨੁਕਸਾਨ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦੀਆਂ ਗਿਰਦਾਵਰੀਆਂ ਤੇ ਪੜਤਾਲ ਵਗੈਰਾ ਹੋ ਚੁੱਕੀ ਹੈ, ਜਿਸ ਦੀਆਂ ਸੂਚੀਆਂ ਕਿਸਾਨ ਜਥੇਬੰਦੀ ਨੂੰ ਦੇ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਡੀਸੀ ਦਾ ਕਹਿਣਾ ਸੀ ਕਿ ਜਦੋਂ ਸਰਕਾਰ ਨੇ ਮੁਆਵਜ਼ਾ ਭੇਜ ਦਿੱਤਾ, ਕਿਸਾਨਾਂ ਵਿੱਚ ਵੰਡ ਦਿੱਤਾ ਜਾਵੇਗਾ। ਇਸੇ ਤਰ੍ਹਾਂ ‘ਭਾਰਤ ਮਾਲਾ’ ਸੜਕ ਯੋਜਨਾ ਅਧੀਨ ਤਿੰਨ ਪਿੰਡਾਂ ਦੁੱਨੇਆਣਾ, ਭਗਵਾਨਗੜ੍ਹ ਅਤੇ ਸ਼ੇਰਗੜ੍ਹ ਦਾ ਮਸਲਾ ਵੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮਸਲਿਆਂ ਦਾ ਮੁਕੰਮਲ ਹੱਲ ਹੋਣ ਤੱਕ ਬੇਮਿਆਦੀ ਮੋਰਚਾ ਜਾਰੀ ਰਹੇਗਾ।

Advertisement

Advertisement
Author Image

joginder kumar

View all posts

Advertisement
Advertisement
×