ਭੈਣੀਬਾਘਾ ਵਿੱਚ ਕਿਸਾਨਾਂ ਨੇ ਝੋਨਾ ਲਾਇਆ
ਪੱਤਰ ਪ੍ਰੇਰਕ
ਮਾਨਸਾ, 12 ਜੂਨ
ਸੂਬਾ ਸਰਕਾਰ ਵੱਲੋਂ ਮਾਨਸਾ ਖੇਤਰ ‘ਚ 21 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਕੀਤੇ ਹੁਕਮਾਂ ਖ਼ਿਲਾਫ਼ ਬਗ਼ਾਵਤ ਦਾ ਝੰਡਾ ਗੱਡਦਿਆਂ ਕਿਸਾਨਾਂ ਨੇ ਝੋਨਾ ਲਗਾ ਦਿੱਤਾ ਹੈ। ਭਾਵੇਂ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ ਹੈ ਅਤੇ ਨਹਿਰਾਂ ਦੀ ਵੀ ਬੰਦੀ ਹੈ, ਪਰ ਕਿਸਾਨਾਂ ਡੀਜ਼ਲ ਫੂਕ ਕੇ ਝੋਨਾ ਲਗਾ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਅਨੁਸਾਰ ਸਰਕਾਰ ਵੱਲੋਂ ਨਿਸ਼ਚਿਤ ਕੀਤੇ ਸਮੇਂ ਤੋਂ ਪਹਿਲਾਂ ਲਾਏ ਝੋਨੇ ਦੀ ਯੂਨੀਅਨ ਦੀਆਂ ਪੇਂਡੂ ਇਕਾਈਆਂ ਬਕਾਇਦਾ ਰਾਖੀ ਕਰਨਗੀਆਂ। ਪੁਲੀਸ ਸਣੇ ਖੇਤੀ ਅਧਿਕਾਰੀਆਂ ਦਾ ਖੇਤਾਂ ਵਿਚ ਜਾਣ ਸਮੇਂ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਦਾ ਝੋਨਾ ਵਾਹੁਣ ਨਹੀਂ ਦਿੱਤਾ ਜਾਵੇਗਾ।
ਪੰਜਾਬ ਕਿਸਾਨ ਯੂਨੀਅਨ ਵੱਲੋਂ ਇਸ ਸਰਕਾਰੀ ਫ਼ੈਸਲੇ ਖ਼ਿਲਾਫ਼ ਬਗਾਵਤ ਪਿੰਡ ਭੈਣੀਬਾਘਾ ਤੋਂ ਕੀਤੀ ਗਈ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਸਾਨਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਉਹ ਸਰਕਾਰ ਹੁਕਮਾਂ ਤੋਂ ਘਬਰਾਉਣ ਨਾ। ਝੋਨੇ ਦੀ ਇਸ ਲਵਾਈ ਵੇਲੇ ਕਿਸਾਨ ਜਥੇਬੰਦੀ ਦੇ ਕਾਰਕੁਨ ਆਪਣੇ ਝੰਡਿਆਂ ਵਿੱਚ ਡੰਡੇ ਪਾ ਕੇ ਖੇਤਾਂ ਵਿਚ ਗਏ। ਉਨ੍ਹਾਂ ਕਿਸਾਨਾਂ ਨੂੰ ਹੌਸਲਾ ਦਿੱਤਾ ਕਿ ਉਨ੍ਹਾਂ ਨੂੰ ਝੋਨਾ ਲਾਉਣ ਤੋਂ ਰੋਕਿਆ ਨਹੀਂ ਜਾਵੇਗਾ।
ਅਗੇਤਾ ਝੋਨਾ ਲਾਉਣ ‘ਤੇ ਕਾਰਵਾਈ ਹੋਵੇਗੀ: ਅਧਿਕਾਰੀ
ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਕਿਹਾ ਕਿ ਸਰਕਾਰੀ ਹੁਕਮਾਂ ਮੁਤਾਬਕ 21 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਬਕਾਇਦਾ ਬਣਦੀ ਕਾਰਵਾਈ ਲਈ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਹੋਈ ਹੈ।