ਦੀਵਾਲੀ ਵਾਲੀ ਰਾਤ ਵੀ ਧਰਨਿਆਂ ’ਤੇ ਡਟੇ ਰਹੇ ਕਿਸਾਨ
ਖੇਤਰੀ ਪ੍ਰਤੀਨਿਧ
ਪਟਿਆਲਾ, 1 ਨਵਬੰਰ
ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਮਾੜੇ ਪ੍ਰਬੰਧਾਂ ਤੋਂ ਇਲਾਵਾ ਕਣਕ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਦੀ ਕਮੀ ਕਾਰਨ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਵਜੋਂ ਭਾਜਪਾ ਆਗੂ ਪ੍ਰਨੀਤ ਕੌਰ ਦੀ ਇੱਥੇ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਸਾਹਮਣੇ ਚੱਲ ਰਿਹਾ ਧਰਨਾ ਦੀਵਾਲੀ ਵਾਲੀ ਰਾਤ ਵੀ ਜਾਰੀ ਰਿਹਾ। ਕਿਸਾਨਾਂ ਨੇ ਦੀਵਾਲੀ ਦਾ ਤਿਓਹਾਰ ਮੋਰਚੇ ’ਤੇ ਹੀ ਮਨਾਇਆ। ਇਸ ਦੌਰਾਨ ਕਿਸਾਨਾਂ ਨੇ ਮੋਤੀ ਮਹਿਲ ਦੇ ਮੁੱਖ ਗੇਟ ਦੇ ਬਿਲਕੁਲ ਮੂਹਰੇ ਖੜ੍ਹੇ ਹੋ ਕੇ ਨਾਅਰੇਬਾਜੀ ਕੀਤੀ।
ਧਰਨੇ ਦੀ ਅਗਵਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਰਾਸ ਨੇ ਕਿਹਾ ਕਿ ਨਮੀ ਦੇ ਨਾਮ ’ਤੇ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਖੁਸ਼ੀਆਂ ਨੂੰ ਸਮਰਪਿਤ ਦੀਵਾਲੀ ਦੇ ਤਿਓਹਾਰ ਮੌਕੇ ਵੀ ਪੰਜਾਬ ਦੇ ਕਈ ਕਿਸਾਨਾਂ ਨੂੰ ਮਜਬੂਰਨ ਮੰਡੀਆਂ ਵਿੱਚ ਬੈਠਣਾ ਪਿਆ। ਪੁੱਤਾਂ ਵਾਂਗੂ ਪਾਲੀ ਆਪਣੀ ਫ਼ਸਲ ਸਮੇਤ ਕਿਸਾਨ ਮੰਡੀਆਂ ’ਚ ਰੁਲ਼ ਰਿਹਾ ਹੈ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਖੱਜਲ਼ ਖੁਆਰ ਹੋ ਰਹੇ ਹਨ। ਉੱਧਰ, ਯੂਨੀਅਨ ਦੇ ਸੰਯੁਕਤ ਸਕੱਤਰ ਮਾਸਟਰ ਬਲਰਾਜ ਜੋਸ਼ੀ ਤੇ ਹੋਰਾਂ ਨੇ ਮੰਗ ਕੀਤੀ ਕਿ ਸਰਕਾਰ ਝੋਨੇ ’ਚ ਨਮੀ ਦੀ ਮਾਤਰਾ 17 ਤੋਂ ਵਧਾਅ ਕੇ 22 ਫੀਸਦੀ ਕਰੇ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਦੇ ਰਹਿਣ ਸਮੇਤ ਉਨ੍ਹਾਂ ਲਈ ਹੋਰ ਜ਼ਰੂਰੀ ਸਹੂਲਤਾਂ ਦੇ ਪ੍ਰਬੰਧ ਵੀ ਸਰਕਾਰ ਨਹੀਂ ਕਰ ਸਕੀ। ਇਸੇ ਤਰ੍ਹਾਂ ਉਨ੍ਹਾਂ ਆਗਾਮੀ ਫ਼ਸਲ ਦੀ ਬਿਜਾਈ ਲਈ ਡੀਏਪੀ ਖਾਦ ਦੀ ਦਰਪੇਸ਼ ਤੋਟ ਦਾ ਮਾਮਲਾ ਵੀ ਉਭਾਰਿਆ ਅਤੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਖਾਦ ਡੀਲਰ ਕਿਸਾਨ ਨੂੰ ਸ਼ਰੇਆਮ ਲੁੱਟ ਰਹੇ ਹਨ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਖਜ਼ਾਨਚੀ ਜਗਮੇਲ ਸਿੰਘ ਗਾਜੇਵਾਸ, ਸੰਗਤ ਸਿੰਘ ਪ੍ਰੇਮ ਸਿੰਘਵਾਲਾ, ਗੁਰਬਿੰਦਰ ਸ਼ਾਹਪੁਰ, ਜਸਦੇਵ ਨੂਗੀ ਆਦਿ ਵੀ ਮੌਜੂਦ ਸਨ।
ਸਰਕਾਰਾਂ ਦਾ ਕਿਰਦਾਰ ਹਮੇਸ਼ਾ ਕਿਸਾਨ ਵਿਰੋਧੀ ਰਿਹਾ: ਉਗਰਾਹਾਂ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਲਹਿਰਾਗਾਗਾ ਦਫ਼ਤਰ ਅੱਗੇ 14ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਧਰਨੇ ਵਿੱਚ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦਾ ਕਿਰਦਾਰ ਹਮੇਸ਼ਾ ਕਿਸਾਨ ਵਿਰੋਧੀ ਰਿਹਾ ਹੈ ਜਦਕਿ ਕਿਸਾਨਾਂ ਨੇ ਦੇਸ਼ ਨੂੰ ਅਨਾਜ ਲਈ ਆਤਮ-ਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਬਦਲ ਦਾ ਨਾਅਰਾ ਲਾ ਕੇ ਸੱਤਾ ਵਿੱਚ ਆਈ ਭਗਵੰਤ ਮਾਨ ਦੀ ਸਰਕਾਰ ਦੌਰਾਨ ਪੂਰੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੀ ਵੱਡੀ ਪੱਧਰ ’ਤੇ ਲੁੱਟ ਹੋ ਰਹੀ ਹੈ। ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ ਜਦਕਿ ਪੰਜਾਬ ਤੇ ਕੇਂਦਰ ਦੀ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਡੀਏਪੀ ਖਾਦ ਦੀ ਵੱਡੀ ਕਿੱਲਤ ਆ ਰਹੀ ਹੈ। ਸ਼ੈਲਰਾਂ ਵਿੱਚ ਪਏ ਚੌਲਾਂ ਦਾ ਹਾਲੇ ਤੱਕ ਕੋਈ ਬੰਦੋਬਸਤ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਮੌਕੇ ਬਲਾਕ ਕਾਰਜਕਾਰੀ ਪ੍ਰਧਾਨ ਬਹਾਦਰ ਸਿੰਘ, ਬਲਾਕ ਆਗੂ ਹਰਸੇਵਕ ਸਿੰਘ ਲੇਹਲ ਖੁਰਦ, ਕੁਲਦੀਪ ਸਿੰਘ ਰਾਮਗੜ੍ਹ, ਬਿੰਦਰ ਸਿੰਘ ਖੋਖਰ ਦਰਸ਼ਨ ਸਿੰਘ ਕੋਟੜਾ ਆਦਿ ਹਾਜ਼ਰ ਸਨ। ਇਸੇ ਦੌਰਾਨ ਬੁਡਲਾਢਾ ਰੋਡ ਚੋਟੀਆਂ ਟੌਲ ਪਲਾਜੇ ’ਤੇ ਲਗਾਤਾਰ ਚੱਲ ਰਹੇ ਪੱਕੇ ਮੋਰਚੇ ਵਿੱਚ ਲੰਘੀ ਰਾਤ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਬਲਾਕ ਦੇ ਸਾਰੇ ਕਿਸਾਨਾਂ ਨੇ ਪਰਿਵਾਰਾਂ ਸਮੇਤ ਦੀਵਾਲੀ ਮਨਾਈ।