ਕਿਸਾਨਾਂ ਨੇ ਟੌਲ ਪਲਾਜ਼ਿਆਂ ’ਤੇ ਮੁਫ਼ਤੋ-ਮੁਫ਼ਤੀ ਲੰਘਾਏ ਵਾਹਨ
ਸ਼ਗਨ ਕਟਾਰੀਆ
ਬਠਿੰਡਾ, 17 ਅਕਤੂਬਰ
ਝੋਨੇ ਦੀ ਖ਼ਰੀਦ ਅਤੇ ਮੰਡੀਆਂ ’ਚੋਂ ਚੁੱਕਵਾਈ ਵਿੱਚ ਢਿੱਲ-ਮੱਠ ਦੂਰ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਬਠਿੰਡਾ ਜ਼ਿਲ੍ਹੇ ਵਿਚਲੇ ਚਾਰ ਟੌਲ ਪਲਾਜ਼ਿਆਂ ’ਤੇ ਧਰਨੇ ਲਾ ਕੇ ਵਾਹਨ ਚਾਲਕਾਂ ਨੂੰ ਬਗੈਰ ਵਸੂਲੀ ਲੰਘਾਇਆ ਗਿਆ। ਕਿਸਾਨਾਂ ਨੇ ਬਠਿੰਡਾ-ਮਲੋਟ ਰੋਡ ’ਤੇ ਬੱਲੂਆਣਾ, ਬਠਿੰਡਾ-ਅੰਮ੍ਰਿਤਸਰ ਰੋਡ ’ਤੇ ਜੀਦਾ, ਬਠਿੰਡਾ-ਬਰਨਾਲਾ ਰੋਡ ’ਤੇ ਲਹਿਰਾ ਬੇਗਾ ਅਤੇ ਰਾਮਾ-ਰਾਮਪੁਰਾ ਰੋਡ ’ਤੇ ਸੇਖ਼ਪੁਰਾ ਟੌਲ ਪਲਾਜ਼ੇ ’ਤੇ ਧਰਨੇ ਲਾਏ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਮਾਨ ਅਤੇ ਪ੍ਰੈੱਸ ਸਕੱਤਰ ਜਸਵੀਰ ਬੁਰਜ ਸੇਮਾ ਨੇ ਦੱਸਿਆ ਕਿ ਭਲਕੇ ਸ਼ੁੱਕਰਵਾਰ ਤੋਂ ਬਠਿੰਡਾ ਜ਼ਿਲ੍ਹੇ ਦੇ ‘ਆਪ’ ਦੇ ਪੰਜ ਵਿਧਾਇਕਾਂ ਅਤੇ ਭਾਜਪਾ ਦੇ ਇੱਕ ਆਗੂ ਦੇ ਘਰਾਂ ਅੱਗੇ ਬੇਮਿਆਦੀ ਧਰਨੇ ਸ਼ੁਰੂ ਕੀਤੇ ਜਾਣਗੇ। ਅੱਜ ਧਰਨਿਆਂ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਹਰਿੰਦਰ ਬਿੰਦੂ, ਕਰਮਜੀਤ ਕੌਰ ਲਹਿਰਾ ਖਾਨਾ, ਮਾਲਣ ਕੌਰ ਕੋਠਾਗੁਰੂ ਅਤੇ ਹਰਪ੍ਰੀਤ ਕੌਰ ਜੇਠੂਕੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਝੋਨੇ ਦੀ ਪੂਰੇ ਐੱਮਐੱਸਪੀ ’ਤੇ ਨਿਰਵਿਘਨ ਖ਼ਰੀਦ ਚਾਲੂ ਕੀਤੀ ਜਾਵੇ, ਘੱਟ ਮੁੱਲ ’ਤੇ ਵਿਕੇ ਝੋਨੇ ਦੀ ਪੂਰੀ ਕੀਮਤ ਅਦਾ ਕੀਤੀ ਜਾਵੇ, ਪੀਆਰ 126 ਕਿਸਮ ਦੇ ਝੋਨੇ ਦੀ ਪੂਸਾ 44 ਨਾਲੋਂ ਘੱਟ ਝਾੜ ਹੋਣ ਕਾਰਨ ਘੱਟ ਵੱਟਤ ਦੀ ਰਕਮ ਦੀ ਅਦਾਇਗੀ ਕੀਤੀ ਜਾਵੇ, ਬਾਸਮਤੀ ਦਾ ਐੱਮਐੱਸਪੀ ਮਿਥਿਆ ਜਾਵੇ, 22 ਪ੍ਰਤੀਸ਼ਤ ਵਾਲੇ ਝੋਨੇ ਦੀ ਖ਼ਰੀਦ ਕੀਤੀ ਜਾਵੇ, ਦਾਗੀ ਦਾਣਿਆਂ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ, ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਦਿੱਤੀਆਂ ਜਾਣ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਝੋਨੇ ਦੀ ਨਿਰਵਿਘਨ ਖਰੀਦ ਅਤੇ ਚੁਕਾਈ ਦੀ ਮੰਗ ਲਈ ਅੱਜ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਧਰਨਾ ਦਿੱਤਾ ਅਤੇ ਟੌਲ ਪਲਾਜ਼ਾ ਨੂੰ ਟੌਲ ਫਰੀ ਰੱਖਿਆ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿੱਚ ਕਿਸਾਨ ਔਰਤਾਂ ਵੀ ਸ਼ਾਮਲ ਹੋਈਆਂ।
ਲੰਬੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਕਿਯੂ (ਏਕਤਾ) ਉਗਰਾਹਾਂ ਵੱਲੋਂ ਮੰਡੀਆਂ ਵਿੱਚ ਝੋਨਾ ਖਰੀਦ ਅਤੇ ਤੁਰੰਤ ਚੁਕਾਈ ਨਾ ਹੋਣ ਕਰਕੇ ਐਨਐਚ9 ’ਤੇ ਮਾਹੂਆਣਾ ਨੇੜਲੇ ਅਬੁੱਲਖੁਰਾਣਾ ਟੌਲ ਪਲਾਜ਼ਾ ਨੂੰ ਅਣਮਿੱਥੇ ਸਮੇਂ ਲਈ ਮੁਫਤ ਕਰ ਦਿੱਤਾ ਗਿਆ। ਇਸ ਮੌਕੇ ਖਰੀਦ ਦੇ ਮਾੜੇ ਪ੍ਰਬੰਧਾਂ ਕਾਰਨ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਦਿੱਲੀ ਮੋਰਚੇ ਦੇ ਸ਼ਹੀਦਾਂ ਅਤੇ ਕਿਸਾਨ ਆਗੂ ਕੁਲਵੰਤ ਰਾਏ ਸ਼ਰਮਾ (ਸੰਗਤ ਬਲਾਕ) ਨੂੰ ਦੋ ਮਿੰਟ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਮਹਿਲ ਕਲਾਂ (ਨਿੱਜੀ ਪੱਤਰ ਪ੍ਰੇਰਕ): ਝੋਨੇ ਦੀ ਖਰੀਦ ਨਾ ਹੋਣ ‘ਤੇ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਮੱਲ੍ਹੀਆਂ ਟੌਲ ਪਲਾਜ਼ਾ ਨੂੰ ਅਣਮਿੱਥੇ ਸਮੇਂ ਲਈ ਪਰਚੀ ਮੁਕਤ ਕਰਕੇ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਦਰਸ਼ਨ ਸਿੰਘ ਚੀਮਾ, ਗੁਰਨਾਮ ਸਿੰਘ ਫੌਜੀ ਅਤੇ ਬੁੱਕਣ ਸਿੰਘ ਸੱਦੋਵਾਲ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੋਣੀ ਸੀ ਪ੍ਰੰਤੂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਝੋਨੇ ਦੀ ਖਰੀਦ ਸਬੰਧੀ ਕੋਈ ਪੁਖ਼ਤਾ ਪ੍ਰਬੰਧ ਨਹੀਂ ਹੋਏ ਜਿਸ ਕਰਕੇ ਕਿਸਾਨ ਮੰਡੀਆਂ ਵਿੱਚ ਝੋਨਾ ਲੈ ਕੇ ਖੱਜਲ ਖ਼ੁਆਰ ਹੋ ਰਹੇ ਹਨ।
ਬਰਨਾਲ/ਧਨੌਲਾ (ਰਵਿੰਦਰ ਰਵੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਸੈਨਾ ਦੀ ਅਗਵਾਈ ਹੇਠ ਅੱਜ ਧਨੌਲਾ ਲਾਗੇ ਬਡਬਰ ਟੌਲ ਪਲਾਜ਼ਾ ’ਤੇ ਪੱਕਾ ਮੋਰਚਾ ਲਾ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਸਾਦਿਕ (ਪੱਤਰ ਪ੍ਰੇਰਕ): ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਦਾਣਾ ਮੰਡੀ ਸਾਦਿਕ ਦੇ ਮੁੱਖ ਗੇਟ ਕੋਲ ਫਰੀਦਕੋਟ ਵਾਲੀ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਗਈ। ਆੜ੍ਹਤੀ ਯੂਨੀਅਨ ਸਾਦਿਕ ਪ੍ਰਧਾਨ ਜੈਦੀਪ ਸਿੰਘ ਤੇ ਪਰਮਜੀਤ ਸੋਨੀ ਨੇ ਆਖਿਆ ਕਿ ਯੂਨੀਅਨ ਵੱਲੋਂ ਖਰੀਦ ਨੂੰ ਲੈ ਕੇ ਡਿਪਟੀ ਕਮੀਸ਼ਨਰ ਫਰੀਦਕੋਟ ਨਾਲ ਮੀਟਿੰਗ ਕੀਤੀ ਗਈ ਹੈ ਤੇ ਬਾਕੀ ਮੰਡੀਆਂ ਵਿੱਚ ਵੀ ਸਵੇਰ ਤੱਕ ਖਰੀਦ ਸ਼ੁਰੂ ਹੋ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਸੰਘਰਸ਼ ਜਾਰੀ ਸੀ।
ਕਾਂਗਰਸੀਆਂ ਵੱਲੋਂ ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਰੋਸ ਮੁਜ਼ਾਹਰਾ
ਮਹਿਲ ਕਲਾਂ (ਨਿੱਜੀ ਪੱਤਰ ਪ੍ਰੇਰਕ): ਝੋਨੇ ਦੀ ਫ਼ਸਲ ਖ਼ਰੀਦ ਨਾ ਹੋਣ ਕਾਰਨ ਅੱਜ ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਕਾਂਗਰਸ ਕਿਸਾਨ ਸੈੱਲ ਦੀ ਅਗਵਾਈ ਵਿੱਚ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਜਸਬੀਰ ਖੇੜੀ, ਬਲਵੰਤ ਸ਼ਰਮਾ ਹਮੀਦੀ, ਸੰਮੀ ਠੁੱਲੀਵਾਲ ਅਤੇ ਗਗਨ ਕੁਰੜ ਨੇ ਕਿਹਾ ਕਿ ਵੱਡੀ ਪੱਧਰ ’ਤੇ ਫ਼ਸਲ ਮੰਡੀ ਵਿੱਚ ਆਉਣ ਦੇ ਬਾਵਜੂਦ ਝੋਨਾ ਨਹੀਂ ਖ਼ਰੀਦਿਆ ਜਾ ਰਿਹਾ ਜਿਸ ਕਰਕੇ ਮਾੜੇ ਪ੍ਰਬੰਧਾਂ ਵਿਰੁੱਧ ਆਲ ਇੰਡੀਆ ਕਿਸਾਨ ਸੈੱਲ ਦੇ ਕੌਮੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਨਿਰਦੇਸ਼ਾਂ ਅਨੁਸਾਰ ਮਹਿਲ ਕਲਾਂ ਅਨਾਜ ਮੰਡੀ ਵਿੱਚ ਧਰਨਾ ਦੇ ਕੇ ਸੂਬਾ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਮਦਰਦ ਕਹਾਉਣ ਵਾਲੀ ਭਗਵੰਤ ਮਾਨ ਸਰਕਾਰ ਨੇ ਹਾਲੇ ਤਕ ਕਿਸਾਨਾਂ ਦੀ ਮੰਡੀਆਂ ਵਿਚ ਪਈ ਫ਼ਸਲ ਦੀ ਸਾਰ ਨਹੀਂ ਲਈ ਹੈ ਅਤੇ ਕੇਵਲ ਹਵਾਈ ਗੱਲਾਂ ਹੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਾਮਲਿਆਂ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ।