ਕਿਸਾਨ ਜਥੇਬੰਦੀਆਂ ਐੱਸਡੀਐੱਮ ਦਫ਼ਤਰ ਦਾ ਕਰਨਗੀਆਂ ਘਿਰਾਓ
ਗੁਰਮੀਤ ਖੋਸਲਾ
ਸ਼ਾਹਕੋਟ, 17 ਨਵੰਬਰ
ਇੱਥੇ ਅੱਜ ਤਿੰਨ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਨੇ ਸਾਂਝੀ ਮੀਟਿੰਗ ਕਰਕੇ ਆੜ੍ਹਤੀਆਂ ਵੱਲੋਂ ਝੋਨੇ ’ਤੇ ਤਿੰਨ ਤੋਂ ਚਾਰ ਫ਼ੀਸਦੀ ਲਗਾਏ ਜਾ ਰਹੇ ਕੱਟ ਖ਼ਿਲਾਫ਼ 21 ਨਵੰਬਰ ਨੂੰ ਐੱਸਡੀਐੱਮ ਦਫਤਰ ਸ਼ਾਹਕੋਟ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਹੈ। ਕਿਸਾਨ ਆਗੂ ਗੁਰਚਰਨ ਸਿੰਘ ਚਾਹਲ, ਜਸਪਾਲ ਸਿੰਘ ਸੰਢਾਂਵਾਲ, ਬਲਕਾਰ ਸਿੰਘ ਫਾਜਿਲਵਾਲ, ਸਲਵਿੰਦਰ ਸਿੰਘ ਜਾਣੀਆਂ, ਹਰਪ੍ਰੀਤ ਸਿੰਘ ਕੋਟਲੀ, ਸਤਨਾਮ ਸਿੰਘ ਰਾਈਵਾਲ, ਰਣਜੀਤ ਸਿੰਘ ਅਲ੍ਹੀਵਾਲ, ਰਣਚੇਤ ਸਿੰਘ, ਦਲਬੀਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੇ ਕੀਤੇ ਸੰਘਰਸ਼ ਸਦਕਾ ਖਰੀਦ ਏਜੰਸੀਆਂ ਨੇ ਕਿਸਾਨਾਂ ਦਾ ਝੋਨਾ ਤਾਂ ਖਰੀਦ ਲਿਆ ਪਰ ਹੁਣ ਝੋਨੇ ਦੀ ਚੁਕਾਈ ਸਮੇਂ ਸ਼ੈਲਰ ਮਾਲਕ ਆੜ੍ਹਤੀਆਂ ਨੂੰ 3 ਤੋਂ 4 ਫ਼ੀਸਦੀ ਕੱਟ ਲਗਾਉਣ ਲਈ ਕਹਿ ਰਹੇ ਹਨ ਅਤੇ ਆੜ੍ਹਤੀਏ ਇਹ ਬੋਝ ਕਿਸਾਨਾਂ ਉੱਪਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਐੱਸਡੀਐੱਮ ਸ਼ਾਹਕੋਟ, ਡੀਐੱਫਐੱਸਓ, ਆੜ੍ਹਤੀਏ, ਸ਼ੈਲਰ ਮਾਲਕਾਂ, ਖਰੀਦ ਏਜੰਸੀਆਂ ਦੇ ਨੁਮਾਇੰਦਿਆਂ, ਸਕੱਤਰ ਮਾਰਕੀਟ ਕਮੇਟੀ ਸ਼ਾਹਕੋਟ ਅਤੇ ਡੀਐੱਸਪੀ ਸ਼ਾਹਕੋਟ ਨਾਲ ਇਸ ਸਬੰਧੀ ਕਰੀਬ 6 ਮੀਟਿੰਗਾਂ ਵੀ ਹੋਈਆਂ ਜਿਨ੍ਹਾਂ ਵਿਚ ਕਿਸੇ ਪ੍ਰਕਾਰ ਦੀ ਕੱਟ ਨਾ ਲਗਾਏ ਜਾਣ ਦਾ ਫੈਸਲਾ ਹੋਇਆ ਸੀ ਪਰ ਇਸ ਦੇ ਬਾਵਜੂਦ ਸ਼ੈਲਰ ਤੇ ਆੜ੍ਹਤੀਏ ਕੱਟ ਲਗਾਉਣ ਤੋਂ ਟਲ ਨਹੀਂ ਰਹੇ। ਇਨ੍ਹਾਂ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਤਿੰਨ ਕਿਸਾਨ ਜਥੇਬੰਦੀਆਂ 21 ਨਵੰਬਰ ਨੂੰ ਐੱਸਡੀਐੱਮ ਦਫਤਰ ਸ਼ਾਹਕੋਟ ਦਾ ਘਿਰਾਓ ਕਰਨਗੀਆਂ।
ਕਿਸਾਨ ਦੀ ਲੁੱਟ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ
ਤਰਨ ਤਾਰਨ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਅੱਜ ਇੱਥੇ ਗਾਂਧੀ ਮਿਉਂਸਿਪਲ ਪਾਰਕ ਤਰਸੇਮ ਸਿੰਘ ਲੁਹਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਝੋਨੇ ਦੇ ਸੀਜ਼ਨ ਮੌਕੇ ਮੰਡੀਆਂ ਅੰਦਰ ਕਿਸਾਨਾਂ ਦੀ ਹੋ ਰਹੀ ਲੁੱਟ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਹੈ ਅਤੇ ਮੰਡੀਆਂ ਵਿੱਚ ਸ਼ੈਲਰ ਮਾਲਕ ਆੜਤੀਆਂ ਤੇ ਕਿਸਾਨਾਂ ਦੀ ਮਨਮਰਜ਼ੀ ਨਾਲ ਲੁੱਟ ਕਰ ਰਹੇ ਹਨ। ਖਰੀਦ ਏਜੰਸੀਆਂ, ਡੀਐੱਫਐੱਸਓ ਮੰਡੀਆਂ ਵਿੱਚ ਵੜਦੇ ਨਹੀਂ ਹਨ। ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਵੀ ਕਾਰਵਾਈ ਕਰਨ ਤੋਂ ਗੁਰੇਜ਼ ਕਰਨ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ| ਇਸ ਮੌਕੇ ਦਲਜੀਤ ਸਿੰਘ ਦਿਆਲਪੁਰ, ਮਨਜੀਤ ਸਿੰਘ ਬੱਗੂ, ਨਛੱਤਰਸਿੰਘ ਮੁਗਲਚੱਕ, ਹਰਵਿੰਦਰ ਸਿੰਘ ਵਲੀਪੁਰ, ਪੂਰਨ ਸਿੰਘ ਮਾੜੀ ਮੇਘਾ, ਜਗਰੂਪ ਸਿੰਘ ਲੱਖੋਵਾਲ, ਹਰਦੀਪ ਸਿੰਘ ਕੱਦਗਿੱਲ ਅਤੇ ਇੰਦਰਜੀਤ ਸਿੰਘ ਮਰਹਾਣਾ ਨੇ ਵੀ ਸੰਬੋਧਨ ਕੀਤਾ|