For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀਆਂ ਨੇ ਲਾਡੋਵਾਲ ਪਲਾਜ਼ਾ ਪਰਚੀ-ਮੁਕਤ ਕਰਵਾਇਆ

09:21 AM Jun 17, 2024 IST
ਕਿਸਾਨ ਜਥੇਬੰਦੀਆਂ ਨੇ ਲਾਡੋਵਾਲ ਪਲਾਜ਼ਾ ਪਰਚੀ ਮੁਕਤ ਕਰਵਾਇਆ
ਲਾਡੋਵਾਲ ਟੌਲ ਪਲਾਜ਼ੇ ’ਤੇ ਧਰਨਾ ਦਿੰਦੇ ਹੋਏ ਕਿਸਾਨ ਯੂਨੀਅਨਾਂ ਦੇ ਵਰਕਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗੁਰਿੰਦਰ ਸਿੰਘ
ਲੁਧਿਆਣਾ, 16 ਜੂਨ
ਲੁਧਿਆਣਾ-ਜਲੰਧਰ ਮੁੱਖ ਸੜਕ ’ਤੇ ਫਿਲੌਰ ਨੇੜੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ਨੂੰ ਅੱਜ ਤੋਂ ਕਿਸਾਨ ਜਥੇਬੰਦੀਆਂ ਨੇ ਮੁਫ਼ਤ ਕਰ ਦਿੱਤਾ। ਅੱਜ ਸਵੇਰੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਟੈਕਸੀ ਯੂਨੀਅਨ ਪੰਜਾਬ ਸਣੇ ਹੋਰਨਾਂ ਜਥੇਬੰਦੀਆਂ ਦੇ ਵਰਕਰ ਟੌਲ ਪਲਾਜ਼ਾ ’ਤੇ ਪੁੱਜੇ। ਉਨ੍ਹਾਂ ਟੌਲ ਬੂਥਾਂ ਵਿੱਚ ਬੈਠੇ ਮੁਲਾਜ਼ਮਾਂ ਨੂੰ ਬਾਹਰ ਕੱਢ ਦਿੱਤਾ ਅਤੇ ਬੂਥਾਂ ’ਤੇ ਕਬਜ਼ਾ ਕਰ ਕੇ ਅਣਮਿੱਥੇ ਸਮੇਂ ਲਈ ਧਰਨਾ ਦੇ ਕੇ ਵਾਹਨ ਚਾਲਕਾਂ ਲਈ ਬੈਰੀਅਰ ਚੁੱਕ ਦਿੱਤੇ। ਇਸ ਕਾਰਨ ਹੁਣ ਰਾਹਗੀਰ ਆਪਣੇ ਵਾਹਨ ਬਿਨਾਂ ਪਰਚੀ ਕਟਾਏ ਲੰਘਾ ਰਹੇ ਹਨ।
ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਲਾਡੋਵਾਲ ਟੌਲ ਪਲਾਜ਼ਾ ਸੂਬੇ ਦੇ ਸਾਰੇ ਟੌਲ ਪਲਾਜ਼ਿਆਂ ਨਾਲੋਂ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਹੈ, ਜੋ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਹੋਰ ਕਮੇਟੀ ਮੈਂਬਰ ਮਨਜੀਤ ਸਿੰਘ ਅਰੋੜਾ ਨੇ ਕਿਹਾ ਕਿ ਇੱਥੇ ਲੋਕਲ ਗੱਡੀਆਂ ਦੇ ਪਾਸ 150 ਰੁਪਏ ਵਿੱਚ ਬਣਦੇ ਸਨ, ਜੋ ਨਵੀਆਂ ਦਰਾਂ ਮੁਤਾਬਕ 340 ਰੁਪਏ ਕਰ ਦਿੱਤੇ ਗਏ ਹਨ। ਚਾਰਪਹੀਆ ਵਾਹਨਾਂ ਅਤੇ ਵੱਡੀਆਂ ਗੱਡੀਆਂ ਲਈ ਵੀ ਸਾਲ ਵਿੱਚ ਤੀਜੀ ਵਾਰ ਟੌਲ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਸ ਲੁੱਟ ਖ਼ਿਲਾਫ਼ ਕਿਸੇ ਵੀ ਸਿਆਸੀ ਪਾਰਟੀ ਨੇ ਕੋਈ ਆਵਾਜ਼ ਨਹੀਂ ਚੁੱਕੀ। ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵੱਲੋਂ ਟੌਲ ਦਰਾਂ ਵਿੱਚ ਕੀਤਾ ਵਾਧਾ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਪ੍ਰਧਾਨ ਆਸਾ ਸਿੰਘ ਆਜ਼ਾਦ ਹਿਊਮਨ ਰਾਈਟਸ ਕੌਂਸਲ, ਗੁਰਦੀਪ ਸਿੰਘ ਭੱਟੀ, ਜਥੇਦਾਰ ਜੋਗਾ ਸਿੰਘ, ਬਲਕਾਰ ਸਿੰਘ ਬੈਂਸ, ਸਤਨਾਮ ਸਿੰਘ ਪੰਨੂ ਮੁਹਾਲੀ ਤੇ ਮਨਜੀਤ ਸਿੰਘ ਅਰੋੜਾ ਹਾਜ਼ਰ ਸਨ।

Advertisement

Advertisement
Advertisement
Author Image

Advertisement