For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ

08:49 AM Apr 23, 2024 IST
ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ
ਪਟਿਆਲਾ ਨੇੜੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿ਼ਲਾਫ਼ ਇਕੱਠੀਆਂ ਹੋਈਆਂ ਕਿਸਾਨ ਬੀਬੀਆਂ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਪਰੈਲ
ਇੱਥੇ ਅੱਜ ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਨੂੰ ਬਾਰਨ ਖੇਤਰ ’ਚ ਸਥਿਤ ਓਮੈਕਸ ਸਿਟੀ ਵਿੱਚ ਪੁੱਜਣ ’ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਿਸਾਨੀ ਝੰਡਿਆਂ ਨਾਲ ਲੈਸ ਹੋ ਕੇ ਪੁੱਜੇ ਕਿਸਾਨਾਂ ਵਿੱਚ ਅਨੇਕਾਂ ਔਰਤਾਂ ਵੀ ਸ਼ਾਮਲ ਸਨ। ਪੁਲੀਸ ਫੋਰਸ ਨੇ ਕਿਸਾਨਾਂ ਦੇ ਇੱਕ ਜਥੇ ਨੂੰ ਭਾਵੇਂ ਪਹਿਲਾਂ ਇਸ ਕਲੋਨੀ ਦੇ ਮੁੱਖ ਗੇਟ ’ਤੇ ਹੀ ਰੋਕ ਲਿਆ ਸੀ, ਪਰ ਮਗਰੋਂ ਇਹ ਕਿਸਾਨ ਕਲੋਨੀ ਵਿੱਚ ਪੁੱਜਣ ਵਿੱਚ ਸਫ਼ਲ ਹੋ ਗਏ।
ਇਸ ਦੌਰਾਨ ਆਪਣਾ ਪ੍ਰੋਗਰਾਮ ਸਮਾਪਤ ਕਰਕੇ ਜਦੋਂ ਪ੍ਰਨੀਤ ਕੌਰ ਦਾ ਕਾਫ਼ਲਾ ਵਾਪਸ ਜਾਣ ਲੱਗਿਆ ਤਾਂ ਕਿਸਾਨਾਂ ਨੇ ਅੱਗੇ ਹੋ ਕੇ ਉਨ੍ਹਾਂ ਨੂੰ ਘੇਰਨਾ ਚਾਹਿਆ। ਇਸ ਦੌਰਾਨ ਵੱਡੀ ਗਿਣਤੀ ’ਚ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਰੋਕੀ ਰੱਖਿਆ। ਇਸ ਦੌਰਾਨ ਕਿਸਾਨਾਂ ਅਤੇ ਪੁਲੀਸ ਮੁਲਾਜ਼ਮਾਂ ਵਿਚਕਾਰ ਕਾਫ਼ੀ ਖਿੱਚ-ਧੂਹ ਵੀ ਹੋਈ। ਇਸ ਮੌਕੇ ਕਿਸਾਨਾਂ ਨੇ ਭਾਜਪਾ ਸਣੇ ਨਿੱਜੀ ਤੌਰ ’ਤੇ ਪ੍ਰਨੀਤ ਕੌਰ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਪ੍ਰਨੀਤ ਕੌਰ ਦੇ ਕਾਫਲੇ ’ਚ ਸਾਬਕਾ ਮੇਅਰ ਸੰਜੀਵ ਬਿੱਟੂ, ਅਕਾਲੀ ਦਲ ਛੱਡ ਕੇ ਭਾਜਪਾਈ ਬਣੇ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ ਤੇ ਸੁਰਿੰਦਰ ਖੇੜਕੀ ਸਣੇ ਕਈ ਆਗੂ ਮੌਜੂਦ ਸਨ। ਮਗਰੋਂ ਪਟਿਆਲਾ ਪਹੁੰਚ ਕੇ ਪ੍ਰਨੀਤ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਕਿਸਾਨਾਂ ਦਾ ਮੁੱਢ ਤੋਂ ਹੀ ਕਦਰਦਾਨ ਹੈ। ਇਸ ਕਰਕੇ ਕਿਸਾਨਾਂ ਵੱਲੋਂ ਕੀਤੇ ਜਾਂਦੇ ਪ੍ਰਦਰਸ਼ਨਾਂ ’ਤੇ ਉਨ੍ਹਾਂ ਨੂੰ ਕੋਈ ਵੀ ਸ਼ਿਕਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣ ਜਿੱਤ ਕੇ ਮੁੜ ਲੋਕ ਸਭਾ ’ਚ ਪਹੁੰਚਣ ’ਤੇ ਉਹ ਕਿਸਾਨਾਂ ਦੀ ਵਕੀਲ ਬਣ ਕੇ ਇਨ੍ਹਾਂ ਦੀਆਂ ਹੱਕੀ ਮੰਗਾਂ ਖਾਤਰ ਲੋਕ ਸਭਾ ’ਚ ਲੜਾਈ ਲੜਨਗੇ।

Advertisement

ਬੁੱਟਰ ਸ਼ਰੀਂਹ ਤੇ ਕੋਟਲੀ ਅਬਲੂ ’ਚ ਹੰਸ ਰਾਜ ਹੰਸ ਦਾ ਵਿਰੋਧ

ਸ੍ਰੀ ਮੁਕਤਸਰ ਸਾਹਿਬ/ਦੋਦਾ (ਗੁਰਸੇਵਕ ਸਿੰਘ ਪ੍ਰੀਤ/ਜਸਵੀਰ ਸਿੰਘ ਭੁੱਲਰ): ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਪਿੰਡ ਬੁੱਟਰ ਸ਼ਰੀਂਹ ਅਤੇ ਪਿੰਡ ਕੋਟਲੀ ਅਬਲੂ ’ਚ ਘਿਰਾਓ ਕੀਤਾ ਗਿਆ| ਘਿਰਾਓ ਦੀ ਅਗਵਾਈ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਫਰੀਦਕੋਟ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਮੱਤਾ ਹੋਰਾਂ ਨੇ ਹੰਸ ਪਾਸੋਂ ਲੋਕਾਂ ਦੇ ਅਸਲ ਮੁੱਦਿਆਂ ’ਤੇ ਅਧਾਰਿਤ 30 ਨੁਕਾਤੀ ਮੰਗਾਂ ਦੇ ਜਵਾਬ ਮੰਗੇ| ਇਸ ਦੌਰਾਨ ਪੁਲੀਸ ਦੇ ਉੱਚ ਅਧਿਕਾਰੀ ਮਨਬੀਰ ਸਿੰਘ, ਡੀਐੱਸਪੀ ਜਸਵੀਰ ਸਿੰਘ ਪੰਨੂ ਗਿੱਦੜਬਾਹਾ ਅਤੇ ਮੁੱਖ ਅਫਸਰ ਥਾਣਾ ਕੋਟਭਾਈ ਵੱਡੀ ਗਿਣਤੀ ’ਚ ਪੁਲੀਸ ਨਾਲ ਮੌਜੂਦ ਰਹੇ| ਕਿਸਾਨ ਆਗੂਆਂ ਨੇ ਹੰਸ ਰਾਜ ਹੰਸ ਦਾ ਵਿਰੋਧ ਕਰਦਿਆਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ| ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਵਿੱੱਚ ਕੇਂਦਰ ਤੇ ਸੂਬੇ ’ਚ ਆਈ ਹਰ ਪਾਰਟੀ ਦੀ ਸਰਕਾਰ ਨੇ ਆਰਥਿਕ ਸੁਧਾਰਾਂ ਦੇ ਨਾਂ ’ਤੇ ਨਿੱਜੀਕਰਨ, ਸੰਸਾਰੀਕਰਨ, ਵਪਾਰੀਕਰਨ ਪੂਰੇ ਜ਼ੋਰ-ਸੋਰ ਨਾਲ ਲਾਗੂ ਕੀਤਾ ਹੈ। ਇਸ ਮੌਕੇ ਫਰੀਦਕੋਟ ਦੇ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ, ਬਲਾਕ ਜੈਤੋ ਦੇ ਸਹਾਇਕ ਸਕੱਤਰ ਚਰਨਜੀਤ ਸਿੰਘ ਤੇ ਪਵਿੱਤਰ ਸਿੰਘ ਰਣ ਸਿੰਘ ਵਾਲਾ, ਅਮਿਤਪਾਲ ਬਰਗਾੜੀ, ਸਾਧੂ ਸਿੰਘ ਵੀ ਮੌਜੂਦ ਸਨ|

ਕਿਸਾਨਾਂ ਵੱਲੋਂ ਐਡਵੋਕੇਟ ਸੇਖਵਾਂ ਦਾ ਘਿਰਾਓ

ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਕੋਟ ਧੰਦਲ ਵਿਚ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਆਉਣ ਦੀ ਭਿਣਕ ਜਦੋਂ ਕਿਸਾਨਾਂ ਨੂੰ ਪਈ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਉਨ੍ਹਾਂ ਦਾ ਘਿਰਾਓ ਕੀਤਾ। ਇਸ ਦੌਰਾਨ ਜਗਰੂਪ ਸਿੰਘ ਸੇਖਵਾਂ ਨੇ ਕਿਸਾਨਾਂ ਤੋਂ ਪਾਸਾ ਵੱਟਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਕੜਕਦੀ ਧੁੱਪ ਵਿੱਚ ਐਡਵੋਕੇਟ ਸੇਖਵਾਂ ਸਾਥੀਆਂ ਸਣੇ ਵਾਪਸ ਆ ਕੇ ਕਿਸਾਨਾਂ ਨਾਲ ਦਰੀ ਉੱਤੇ ਬੈਠ ਗਏ। ਇਸ ਦੌਰਾਨ ਉਨ੍ਹਾਂ ਨੂੰ ਕਿਸਾਨੀ ਨਾਲ ਹੁੰਦੇ ਧੱਕਿਆਂ ਬਾਰੇ ਸਵਾਲ ਪੁੱਛੇ ਗਏ। ਐਡਵੋਕੇਟ ਸੇਖਵਾਂ ਕਰੀਬ ਇੱਕ ਘੰਟਾ ਕਿਸਾਨਾਂ ਦੇ ਨਾਲ ਧੁੱਪ ਵਿੱਚ ਦਰੀ ਉੱਤੇ ਬੈਠੇ ਰਹੇ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਜਸਪਾਲ ਸਿੰਘ ਪੰਧੇਰ ਨੇ ਵੀ ਸਨ।

Advertisement
Author Image

joginder kumar

View all posts

Advertisement
Advertisement
×