ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਦੇ ‘ਪੰਜਾਬ ਬੰਦ’ ਦੇ ਸੱਦੇ ਨੂੰ ਭਰਵਾਂ ਹੁੰਗਾਰਾ

09:57 AM Dec 30, 2024 IST
ਸ਼ੰਭੂ ਰੇਲਵੇ ਸਟੇਸ਼ਨ ਤੇ ਲਾਏ ਧਰਨੇ 'ਤੇ ਬੈਠੇ ਕਿਸਾਨ।

ਆਤਿਸ਼ ਗੁਪਤਾ
ਚੰਡੀਗੜ੍ਹ, 30 ਦਸੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰਨਾਂ ਮੰਗਾਂ ਨੂੰ ਲੈ ਕੇ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨਾਂ ਨੇ ਅੱਜ ਸੂਬੇ ਵਿੱਚ 200 ਤੋਂ ਵੱਧ ਥਾਵਾਂ ’ਤੇ ਧਰਨੇ ਲਾ ਕੇ ਸੜਕ ਅਤੇ ਰੇਲ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਕੀਤੀ। ਇਸ ਦੌਰਾਨ ਪੰਜਾਬ ਦੇ ਸਾਰੇ ਬਾਜ਼ਾਰ, ਮੰਡੀਆਂ ਤੇ ਨਿੱਜੀ ਖੇਤਰ ਨਾਲ ਜੁੜੇ ਦਫ਼ਤਰ ਸਾਰੇ ਬੰਦ ਰਹੇ ਹਨ। ਕਿਸਾਨ ਆਗੂਆਂ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਖੁੱਲ੍ਹੀਆਂ ਦੁਕਾਨਾਂ, ਸਰਕਾਰੀ ਤੇ ਨਿੱਜੀ ਦਫ਼ਤਰਾਂ ਨੂੰ ਵੀ ਬੰਦ ਕਰਵਾਇਆ ਗਿਆ। ਇਸ ਦੌਰਾਨ ਵਿਆਹ ਸ਼ਾਦੀਆਂ ਵਾਲਿਆਂ ਤੇ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਗਿਆ। ਪੰਜਾਬ ਬੰਦ ਦੌਰਾਨ ਲਾਏ ਰੋਸ ਧਰਨਿਆਂ ਵਿਚ ਵੱਡੀ ਗਿਣਤੀ ਵਿੱਚ ਨੌਜਵਾਨ, ਕਿਸਾਨ, ਮਜ਼ਦੂਰ, ਬਜ਼ੁਰਗ ਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਬੰਦ ਕਰਕੇ ਸੂਬੇ ਵਿੱਚ 170 ਦੇ ਕਰੀਬ ਰੇਲ ਗੱਡੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਅਤੇ 550 ਦੇ ਕਰੀਬ ਬੱਸਾਂ ਨਹੀਂ ਚੱਲੀਆਂ। ਕਿਸਾਨਾਂ ਵੱਲੋਂ ਬਾਜ਼ਾਰ ਬੰਦ ਕਰਵਾਉਣ ਸਮੇਂ ਪਟਿਆਲਾ, ਲੁਧਿਆਣਾ, ਜਲੰਧਰ, ਫਰੀਦਕੋਟ ਤੇ ਹੋਰਨਾਂ ਕਈ ਥਾਵਾਂ ’ਤੇ ਕਿਸਾਨਾਂ ਅਤੇ ਵਪਾਰੀਆਂ ਵਿੱਚ ਤਕਰਾਰ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵੀ ‘ਪੰਜਾਬ ਬੰਦ’ ਦੇ ਚਲਦਿਆਂ ਖੱਜਲ-ਖੁਆਰ ਹੋਣਾ ਪਿਆ ਹੈ।

Advertisement

ਪੰਜਾਬ ਬੰਦ: ਚੰਡੀਗੜ੍ਹ ਤੇ ਲੁਧਿਆਣਾ ਵਿਚ ਵੀ ਰਾਹਗੀਰ ਹੋਏ ਪ੍ਰੇਸ਼ਾਨ

Advertisement

ਪੰਜਾਬ ਬੰਦ: ਰਾਹਗੀਰਾਂ ਦੀ ਆਵਾਜਾਈ ਪ੍ਰਭਾਵਿਤ; ਬੱਸ ਤੇ ਰੇਲ ਸੇਵਾ ਮੁਅੱਤਲ

ਪੰਜਾਬ ਬੰਦ ਕਰਕੇ ਅੰਮ੍ਰਿਤਸਰ ਵਿਚ ਵਿਦੇਸ਼ੀ ਨਾਗਰਿਕ ਵੀ ਹੋਏ ਪ੍ਰੇਸ਼ਾਨ

ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਬੰਦ ਨੂੰ ਭਰਵੀਂ ਹਮਾਇਤ: ਸਰਵਣ ਸਿੰਘ ਪੰਧੇਰ


ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਅੱਜ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਵਿੱਚ ਸੂਬੇ ਦੀਆਂ ਵੱਡੀ ਗਿਣਤੀ ਵਿੱਚ ਵਪਾਰੀ, ਧਾਰਮਿਕ, ਮੁਲਾਜ਼ਮ, ਵਿਦਿਆਰਥੀ, ਟਰਾਂਸਪੋਰਟਰ ਅਤੇ ਹੋਰਨਾਂ ਜਥੇਬੰਦੀਆਂ ਵੀ ਨਿੱਤਰ ਆਈਆਂ ਹਨ। ਜਿਨ੍ਹਾਂ ਵੱਲੋਂ ਅੱਜ ਪੰਜਾਬ ਬੰਦ ਵਿੱਚ ਸਹਿਯੋਗ ਕੀਤਾ ਜਾ ਹਿਰਾ ਹੈ।

ਫਰੀਦਕੋਟ ਦੇ ਜੈਤੋ ਚੌਕ ਵਿੱਚ ਧਰਨੇ 'ਤੇ ਬੈਠੇ ਕਿਸਾਨ।

ਆਈਏਐੱਨਐੱਸ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਸੋਮਵਾਰ ਨੂੰ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲਿਆ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਖੁੱਲ੍ਹੀਆਂ ਰਹੀਆਂ। ਬੰਦ ਵਿੱਚ ਸ਼ਾਮਲ ਹੋਣ ਵਾਲੇ ਨਿੱਜੀ ਬੱਸ ਟਰਾਂਸਪੋਰਟਰਾਂ ਤੋਂ ਇਲਾਵਾ ਵੰਦੇ ਭਾਰਤ ਅਤੇ ਸ਼ਤਾਬਦੀ ਸਮੇਤ 200 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ।

ਇਹ ਵੀ ਪੜ੍ਹੋ:

Farmer Protest: ਸਾਬਕਾ ADGP ਜਸਕਰਨ ਸਿੰਘ Dallewal ਨੂੰ ਮਨਾਉਣ ਪਹੁੰਚੇ

Farmer Protest: ਪੁਲੀਸ ਕਾਰਵਾਈ ਦੀ ਤਿਆਰੀ ’ਚ? ਪਾਤੜਾਂ ਪੁੱਜੀਆਂ ਜਲ ਤੋਪਾਂ, ਅੱਥਰੂ ਗੈਸ ਤੇ ਹੋਰ ਪੁਲੀਸ ਮਸ਼ੀਨਰੀ

Punjab News: ਪੰਜਾਬ ਸਰਕਾਰ ਪੁਲੀਸ ਦੀ ਦੁਰਵਰਤੋਂ ਨਾ ਕਰੇ, ਸਾਡੇ ਨਾਲ ਖੜੇ :ਕਿਸਾਨ ਆਗੂ

ਜ਼ਿਕਰਯੋਗ ਹੈ ਕਿ ਬੰਦ ਦਾ ਸੱਦਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿੱਚ ਦਿੱਤਾ ਗਿਆ ਜੋ ਕਿਸਾਨ ਮੰਗਾਂ ਨੂੰ ਲਾਗੂ ਕਰਵਾਉਣ ਲਈ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਭੁੱਖ ਹੜਤਾਲ ’ਤੇ ਹਨ। ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਜ਼ਿਆਦਾਤਰ ਕੌਮੀ ਮਾਰਗ ਹਨ, ਜਿਸ ਨਾਲ ਰੋਜ਼ਾਨਾ ਯਾਤਰੀਆਂ ਅਤੇ ਦਫਤਰ ਜਾਣ ਵਾਲਿਆਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਹ ਨੌਂ ਘੰਟੇ ਦਾ ਬੰਦ ਸ਼ਾਮ 4 ਵਜੇ ਤੱਕ ਲਾਗੂ ਰਹੇਗਾ।

ਲਾਲੜੂ ਨੇੜੇ ਦੱਪਰ ਰੇਲਵੇ ਲਾਈਨ ’ਤੇ ਬੈਠੇ ਕਿਸਾਨ। -ਫੋਟੋ: ਸਰਬਜੀਤ ਭੱਟੀ

ਹਾਲਾਂਕਿ, ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ ਕਿਉਂਕਿ ਪੁਲਿਸ ਵਾਹਨ ਚਾਲਕਾਂ ਨੂੰ ਸਫ਼ਰ ਕਰਨ ਤੋਂ ਬਚਣ ਜਾਂ ਉਨ੍ਹਾਂ ਦੀਆਂ ਮੰਜ਼ਿਲਾਂ ਤੇ ਪਹੁੰਚਣ ਲਈ ਲਿੰਕ ਸੜਕਾਂ ਤੇ ਚੱਲਣ ਲਈ ਮਦਦ ਕਰ ਰਹੀ ਸੀ। ਮੋਹਾਲੀ, ਪਟਿਆਲਾ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਬਠਿੰਡਾ, ਹੁਸ਼ਿਆਰਪੁਰ, ਜਲੰਧਰ ਅਤੇ ਹੋਰ ਥਾਵਾਂ ਤੋਂ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਹੋਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਦੇ ਹੜਤਾਲ ਵਿੱਚ ਸ਼ਾਮਲ ਹੋਣ ਕਾਰਨ ਪੰਜਾਬ ਵਿੱਚ ਜ਼ਿਆਦਾਤਰ ਪ੍ਰਾਈਵੇਟ ਬੱਸਾਂ ਸੜਕਾਂ ਤੋਂ ਬੰਦ ਰਹੀਆਂ। ਬੰਦ ਦੇ ਸੱਦੇ ਦੇ ਮੱਦੇਨਜ਼ਰ ਕਈ ਸਕੂਲਾਂ ਅਤੇ ਦਫ਼ਤਰਾਂ ਨੇ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਦੂਜੇ ਪਾਸੇ ਚੰਡੀਗੜ੍ਹ ਵਿੱਚ ਬੰਦ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ।

ਲੰਬੀ: ਪੰਜਾਬ ਬੰਦ ਕਾਰਨ MLA ਡਿੰਪੀ ਢਿੱਲੋਂ ਦੇ ਕਾਫਲੇ ਨੂੰ ਪਰਤਣਾ ਪਿਆ

ਇਕਬਾਲ ਸਿੰਘ ਸ਼ਾਂਤ

ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਕਿਸਾਨਾਂ ਨੂੰ ਲਾਂਘਾ ਦੇਣ ਦੀ ਅਪੀਲ ਕਰਦੇ ਹੋਏ।
ਲੰਬੀ: ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਲੰਬੀ ਵਿਖੇ ਭਾਕਿਯੂ (ਸਿੱਧੂਪੁਰ) ਵੱਲੋਂ ਡੱਬਵਾਲੀ-ਮਲੋਟ ਕੌਮੀ ਸੜਕ-9 'ਤੇ ਲਾਏ ਗਏ ਸੜਕ ਜਾਮ ਮੌਕੇ ਗਿਦੜਬਾਹਾ ਤੋਂ ‘ਆਪ’ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਕਾਫਲੇ ਨੂੰ ਵਾਪਸ ਮੁੜਨਾ ਪਿਆ। ਵਿਧਾਇਕ ਦਾ ਕਾਫਲਾ ਮਲੋਟ ਵਾਲੇ ਪਾਸਿਓਂ ਸੜਕ ਤੋਂ ਲੰਬੀ-ਡੱਬਵਾਲੀ ਵੱਲ ਨੂੰ ਲੰਘ ਰਿਹਾ ਸੀ।
ਭਾਕਿਯੂ (ਸਿੱਧੂਪੁਰ) ਦੇ ਬਲਾਕ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਨੇ ਦੱਸਿਆ ਕਿ ਵਿਧਾਇਕ ਡਿੰਪੀ ਢਿੱਲੋਂ ਨੇ ਧਰਨਾਕਾਰੀ ਕਿਸਾਨਾਂ ਕੋਲ ਪੁੱਜ ਸੜਕ ਜਾਮ ਮੌਕੇ ਲਾਂਘਾ ਦੇਣ ਦੀ ਅਪੀਲ ਕੀਤੀ। ਕਿਸਾਨਾਂ ਨੇ ਉਨ੍ਹਾਂ ਨੂੰ ਸੂਬਾਈ ਸੱਦੇ ਦੀ ਹਮਾਇਤ ਵਜੋਂ ਬਦਲਵੇਂ ਰਾਹ ਅਪਣਾਉਣ ਲਈ ਆਖਿਆ ਗਿਆ। ਇਸ 'ਤੇ ਵਿਧਾਇਕ ਦਾ ਕਾਫਲਾ ਵਾਪਿਸ ਪਰਤ ਗਿਆ।
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਲੰਬੀ ਹਲਕੇ ਵਿੱਚ ਪੰਜਾਬ ਬੰਦ ਪੂਰਨ ਤੌਰ 'ਤੇ ਸਫਲ ਰਿਹਾ।

ਪੰਜਾਬ ਬੰਦ ਦੀ ਹਮਾਇਤ ਲਈ ਪਿੰਡ ਲੰਬੀ ਅਤੇ ਮੰਡੀ ਕਿੱਲਿਆਂਵਾਲੀ ਵਿਖੇ ਦੁਕਾਨਾਂ ਅਤੇ ਹੋਰ ਕਾਰੋਬਾਰ ਪੂਰੀ ਤਰ੍ਹਾਂ ਬੰਦ ਰੱਖੇ ਗਏ। ਭਾਕਿਯੂ (ਸਿੱਧੂਪੁਰ) ਜਥੇਬੰਦੀ ਦੀ ਅਪੀਲ 'ਤੇ ਲੰਬੀ ਵਿਖੇ ਸਾਰੇ ਬੈਂਕਾਂ ਨੇ ਸ਼ਟਰ ਸੁੱਟ ਦਿੱਤੇ।

ਪਟਿਆਲਾ ’ਚ ਬੰਦ ਨੂੰ ਭਰਵਾਂ ਹੁੰਗਾਰਾ, ਰੇਲਾਂ ਤੇ ਬੱਸਾਂ ਬੰਦ

ਸਰਬਜੀਤ ਸਿੰਘ ਭੰਗੂ

ਪਟਿਆਲਾ: ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਸੋਮਵਾਰ ਨੂੰ ਦਿੱਤੇ ਬੰਦ ਦੇ ਸੱਦੇ ਨੂੰ ਪਟਿਆਲਾ ਜ਼ਿਲ੍ਹੇ ਵਿਚ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਇਸ ਦੌਰਾਨ ਰੇਲਾਂ, ਬੱਸਾਂ ਤੇ ਬਾਜ਼ਾਰਾਂ ਸਮੇਤ ਸਬਜ਼ੀ ਮੰਡੀ ਆਦਿ ਸਭ ਕੁਝ ਬੰਦ ਹਨ।
ਉਂਝ ਐਮਰਜੈਂਸੀ ਹਾਲਾਤ ਵਿੱਚ ਜਾਣ ਵਾਲਿਆਂ ਨੂੰ ਕਿਸਾਨਾਂ ਵੱਲੋਂ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਬਾਵਜੂਦ ਜ਼ਿਆਦਾਤਰ ਲੋਕ ਅੱਜ ਘਰਾਂ ਦੇ ਅੰਦਰ ਰਹਿਣ ਨੂੰ ਹੀ ਤਰਜੀਹ ਦੇ ਰਹੇ ਹਨ।

ਪਟਿਆਲਾ ਜ਼ਿਲ੍ਹੇ ਵਿਚ ਭਾਦਸੋਂ ’ਚ ਆਵਾਜਾਈ ਰੋਕਦੇ ਹੋਏ ਕਿਸਾਨ। -ਫੋਟੋ: ਰਾਜੇਸ਼ ਸੱਚਰ

ਬਟਾਲਾ 'ਚ ਬੰਦ ਨੂੰ ਪੂਰਨ ਸਮਰਥਨ; ਬਾਜ਼ਾਰ ਤੇ ਸੜਕਾਂ ਸ਼ਾਂਤ, ਚੱਕਾ ਜਾਮ

ਹਰਜੀਤ ਸਿੰਘ ਪਰਮਾਰ

ਬਟਾਲਾ: ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਇੱਥੇ ਪੂਰਨ ਸਮਰਥਨ ਮਿਲ ਰਿਹਾ ਹੈ। ਇਸ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਟਾਲਾ ਦੇ ਚਾਰ ਥਾਵਾਂ 'ਤੇ ਮੋਰਚੇ ਲਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਦੀ ਅਗਵਾਈ 'ਚ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਧਰਨਾ ਲਗਾ ਕੇ ਮੋਰਚਾ ਸ਼ੁਰੂ ਕੀਤਾ ਗਿਆ ਹੈ।
ਪੰਜਾਬ ਬੰਦ ਦੌਰਾਨ ਸੁੰਨੀਆਂ ਪਈਆਂ ਬਟਾਲਾ ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰ।
ਉਧਰ ਅੰਮ੍ਰਿਤਸਰ-ਪਠਾਨਕੋਟ ਹਾਈਵੇ ’ਤੇ ਬਟਾਲਾ-ਅੰਮ੍ਰਿਤਸਰ ਬਾਈਪਾਸ 'ਤੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਸ਼ੁਰੂ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਰੋਡਵੇਜ਼, ਪਨਬਸ ਠੇਕਾ ਮੁਲਾਜ਼ਮਾਂ ਨੇ ਕਿਸਾਨਾਂ ਦੀ ਹਮਾਇਤ 'ਚ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ।
ਇਸੇ ਤਰ੍ਹਾਂ ਟਾਲਾ ਸ਼ਹਿਰ ਦੇ ਅੰਦਰ ਵੀ ਬੰਦ ਨੂੰ ਪੂਰੀ ਹਮਾਇਤ ਮਿਲ ਰਹੀ ਹੈ ਅਤੇ ਸਾਰੇ ਬਾਜ਼ਾਰ ਤੇ ਦੁਕਾਨਾਂ ਸੁੰਨੀਆਂ ਦਿਖਾਈ ਦੇ ਰਹੀਆਂ ਹਨ। ਲੋਕ ਘਰਾਂ ਅੰਦਰ ਹੀ ਬੈਠਣ ਨੂੰ ਤਰਜੀਹ ਦੇ ਰਹੇ ਹਨ। ਬਟਾਲਾ ਦਾ ਰੇਲਵੇ ਸਟੇਸ਼ਨ ਵੀ ਸੁੰਨਸਾਨ ਪਿਆ ਹੈ।

ਫ਼ਰੀਦਕੋਟ:ਕਿਸਾਨਾਂ ਨੇ ਨਿੱਜੀ ਬੈਂਕ ਬੰਦ ਕਰਵਾਏ

ਜਸਵੰਤ ਜੱਸ
ਫਰੀਦਕੋਟ: ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਫਰੀਦਕੋਟ ਵਿੱਚ ਭਰਵਾਂ ਹੁੰਗਾਰਾ ਮਿਲਿਆ ਹਾਲਾਂਕਿ ਨਿੱਜੀ ਬੈਂਕ, ਪੈਟਰੋਲ ਪੰਪ, ਟੈਕਸੀ ਸਟੈਂਡ ਅਤੇ ਇੱਕਾ ਦੁੱਕਾ ਦੁਕਾਨਾਂ ਖੁੱਲੀਆਂ ਰਹੀਆਂ। ਕਿਸਾਨ ਆਗੂਆਂ ਨੇ ਕਾਫਲੇ ਦੇ ਰੂਪ ਵਿੱਚ ਜਾ ਕੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਨਿੱਜੀ ਬੈਂਕਾਂ ਆਦਿ ਨੂੰ ਬੰਦ ਕਰਵਾਇਆ।
ਠੰਡ ਦੀਆਂ ਛੁੱਟੀਆਂ ਕਾਰਨ ਫਰੀਕੋਟ ਜ਼ਿਲ੍ਹੇ ਦੇ ਸਾਰੇ ਸਕੂਲ ਪਹਿਲਾਂ ਹੀ ਮੁਕੰਮਲ ਬੰਦ ਹਨ। ਸਰਕਾਰੀ ਅਦਾਰੇ ਆਮ ਵਾਂਗ ਖੁੱਲ੍ਹੇ ਹਨ ਪਰੰਤੂ ਉਥੇ ਆਮ ਜਨਤਾ ਨਹੀਂ ਆਈ। ਕਿਸਾਨ ਆਗੂ ਲਾਲ ਸਿੰਘ ਗੋਲੇਵਾਲਾ ਅਤੇ ਮਾਸਟਰ ਸੂਰਜ ਭਾਨ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਵਰਗ ਨੇ ਸਹਿਯੋਗ ਦਿੱਤਾ ਹੈ ਅਤੇ ਫਰੀਕੋਟ ਜ਼ਿਲ੍ਹਾ ਮੁਕੰਮਲ ਤੌਰ ’ਤੇ ਬੰਦ ਚੱਲ ਰਿਹਾ ਹੈ।

ਮਾਨਸਾ ਵੀ ਮੁਕੰਮਲ ਬੰਦ

ਜੋਗਿੰਦਰ ਸਿੰਘ ਮਾਨ, ਮਾਨਸਾ

ਮਾਨਸਾ: ਮਾਨਸਾ ਜ਼ਿਲ੍ਹੇ ਵਿੱਚ ਵੀ ਬੰਦ ਨੂੰ ਪੂਰਨ ਹੁੰਗਾਰਾ ਮਿਲਿਆ। ਸ਼ਹਿਰ ਤੇ ਜ਼ਿਲ੍ਹੇ ਭਰ ਵਿਚ ਦੁਕਾਨਾਂ,ਆਮ ਕਾਰੋਬਾਰ ਬੰਦ ਹਨ। ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨਹੀਂ ਚੱਲ ਰਹੀਆਂ। ਬਜ਼ਾਰ ਪੂਰੀ ਤਰ੍ਹਾਂ ਸੁੰਨੇ ਦਿਖਾਈ ਦੇ ਰਹੇ ਹਨ।

ਲਹਿਰਾਗਾਗਾ: ਪੰਜਾਬ ਬੰਦ ਨੂੰ ਪੂਰਨ ਹੁੰਗਾਰਾ

ਰਮੇਸ਼ ਭਾਰਦਵਾਜ

ਲਹਿਰਾਗਾਗਾ ਦੇ ਬੰਦ ਪਏ ਬਾਜ਼ਾਰ।

ਲਹਿਰਾਗਾਗਾ: ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਪੰਜਾਬ ਬੰਦ ਦੇ ਪ੍ਰੋਗਰਾਮ ਨੂੰ ਲਹਿਰਾਗਾਗਾ ਅਤੇ ਨੇੜਲੇ ਇਲਾਕੇ ਵਿਚ ਪੂਰੀ ਹਮਾਇਤ ਮਿਲ ਰਹੀ ਹੈ। ਬੰਦ ਮੁਕੰਮਲ ਚੱਲ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵੱਲੋਂ ਬਲਾਕ ਲਹਿਰਾਗਾਗਾ ਦੇ ਪਿੰਡ ਗੁਰਨੇ ਕਲਾਂ ਰੇਲਵੇ ਸਟੇਸ਼ਨ ਤੇ ਨਹਿਰ ਪੁਲ ਜਾਖਲ ਤੋਂ ਸੁਨਾਮ ਰੋਡ ’ਤੇ ਸਵੇਰ 7 ਵਜੇ ਤੋਂ ਸ਼ਾਮ 4 ਵਜੇ ਤੱਕ ਧਰਨਾ ਜਾਰੀ ਹੈ।
ਉਧਰ ਪੰਜਾਬ ਬੰਦ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅਨਾਜ ਮੰਡੀ ਲਹਿਰਾਗਾਗਾ ਇੱਕਠੇ ਹੋ ਕੇ ਕੇਂਦਰ ਸਰਕਾਰ ਦਾ ਮੇਨ ਬਾਜ਼ਾਰ ਲਹਿਰਾਗਾਗਾ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਥੇ ਮੁਖ ਬਜ਼ਾਰ, ਬੱਸਾਂ, ਰੇਲਾਂ ਬੰਦ ਰਹੀਆਂ।

 

ਪੰਜਾਬ ਬੰਦ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ

ਜਸਵੀਰ ਸਿੰਘ ਭੁੱਲਰ
ਦੋਦਾ: ਭਾਰਤੀ ਕਿਸਾਨ ਯੂਨੀਅਨ ਫੋਰਮ (ਗੈਰਸਿਆਸੀ) ਦੇ ਪੰਜਾਬ ਬੰਦ ਦੇ ਸੱਦੇ ਉੱਤੇ ਇਸ ਖੇਤਰ ਵਿਚ ਮੁਕੰਮਲ ਬੰਦ ਹੈ। ਬੰਦ ਨੂੰ ਸਮੂਹ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ। ਦੁਕਾਨਾਂ, ਕਾਰੋਬਾਰ, ਅਵਾਜਾਈ ਬੰਦ ਹੈ। ਕਿਸਾਨਾਂ ਵੱਲੋਂ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਉੱਤੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ।

ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ: ਹਲਕਾ ਖਡੂਰ ਸਾਹਿਬ ਵਿੱਚ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਲਕਾ ਖਡੂਰ ਸਾਹਿਬ ਦੇ ਪਿੰਡਾਂ, ਕਸਬਿਆ ਵਿੱਚ ਦੁਕਾਨਾਂ ਤੇ ਹੋਰ ਕਾਰੋਬਾਰ ਮੁਕੰਮਲ ਤੌਰ ’ਤੇ ਬੰਦ ਹਨ।

ਗੋਇੰਦਵਾਲ ਸਾਹਿਬ ਵਿਚ ਬੰਦ ਪਏ ਬਾਜ਼ਾਰ।

ਬਠਿੰਡਾ 'ਚ ਬੰਦ ਨੂੰ ਪੂਰਨ ਸਮਰਥਨ

ਮਨੋਜ ਸ਼ਰਮਾ

ਬਠਿੰਡਾ ਵਿਚ ਆਵਾਜਾਈ ਰੋਕਦੇ ਹੋਏ ਕਿਸਾਨ।

ਬਠਿੰਡਾ: ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਇੱਥੇ ਪੂਰਨ ਸਮਰਥਨ ਮਿਲ ਰਿਹਾ ਹੈ।

ਬਠਿੰਡਾ ਸਮੇਤ ਵੱਖ ਮੰਡੀਆਂ ਜਿਵੇਂ ਗੋਨਿਆਣਾ ਮੰਡੀ, ਰਾਮਾ ਮੰਡੀ, ਭੁੱਚੋ ਮੰਡੀ, ਰਾਮਪੁਰਾ ਫੂਲ, ਮੌੜ ਮੰਡੀ ਸਮੇਤ ਹੋਰ ਨਿੱਕੇ ਕਸਬਿਆਂ ਵਿੱਚ ਐਮਰਜੈਂਸੀ ਸਵਾਵਾਂ ਨੂੰ ਛੱਡ ਕੇ ਲਗਭਗ ਬਜ਼ਾਰ ਬੰਦ ਦੇਖਣ ਨੂੰ ਮਿਲੇ।

ਗੌਰਤਲਬ ਹੈ ਬਠਿੰਡਾ ਦੇ ਭਾਈ ਘਨੱਈਆ ਚੌਂਕ ਸਮੇਤ ਵੱਖ ਵੱਖ 5 ਥਾਵਾਂ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਵਿੱਚ ਮੋਰਚੇ ਲਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਕੇਯੂ ਸਿੱਧਪੁਰ ਵੱਲੋਂ ਅੰਮ੍ਰਿਤਸਰ-ਬਠਿੰਡਾ ਹਾਈਵੇ 'ਤੇ ਧਰਨਾ ਲਗਾ ਕੇ ਮੋਰਚਾ ਸ਼ੁਰੂ ਕੀਤਾ ਗਿਆ ਹੈ। ਬਠਿੰਡਾ ਦੇ ਧੋਬੀ ਬਜ਼ਾਰ, ਸਿਰਕੀ ਬਜ਼ਾਰ, ਪੋਸਟ ਆਫਿਸ ਬਜ਼ਾਰ, ਮਾਲ ਰੋਡ ਬੰਦ ਹਨ।
ਸ਼ਹਿਰ ਵਿੱਚ ਦੋਧੀਆਂ ਵੱਲੋਂ ਸਪਲਾਈ ਠੱਪ ਰੱਖੀ ਗਈ ਹੈ। ਲੋਕ ਘਰਾਂ ਅੰਦਰ ਹੀ ਬੈਠਣ ਨੂੰ ਤਰਜੀਹ ਦੇ ਰਹੇ ਹਨ। ਬਠਿੰਡਾ ਦਾ ਰੇਲਵੇ ਸਟੇਸ਼ਨ ਵੀ ਸੁੰਨਸਾਨ ਪਿਆ ਹੈ ਅਤੇ ਸੜਕਾਂ ਸੁੰਨੀਆਂ ਹਨ।

ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੰਮਲ ਬੰਦ

ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ: ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਬੰਦ ਦਾ ਸੱਦਾ ਇਥੇ ਮੁਕੰਮਲ ਤੌਰ ’ਤੇ ਸਫਲ ਰਿਹਾ। ਪਿੰਡ ਉਦੇਕਰਨ ਵਿਖੇ ਸੜਕ ਉੱਪਰ ਧਰਨਾ ਦੇ ਕੇ ਆਵਾਜਾਈ ਬੰਦ ਕੀਤੀ ਗਈ ਹੈ ਅਤੇ ਨਾਲ ਹੀ ਉਥੇ ਲੰਗਰ ਲਾ ਕੇ ਲੋਕਾਂ ਨੂੰ ਭੋਜਨ ਵੀ ਛਕਾਇਆ ਗਿਆ।
ਮੁਕਤਸਰ ਦਾ ਬੱਸ ਅੱਡਾ ਅਤੇ ਰੇਲਵੇ ਸਟੇਸ਼ਨ ਵੀ ਸੁੰਨਸਾਨ ਰਿਹਾ। ਬਾਜ਼ਾਰ ਵੀ ਮੁਕੰਮਲ ਤੌਰ ’ਤੇ ਬੰਦ ਰਹੇ ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਦਫਤਰ ਅਤੇ ਬੈਂਕਾਂ ਵਿੱਚ ਵੀ ਕੋਈ ਕੰਮ ਕਰਾਉਣ ਵਾਸਤੇ ਨਹੀਂ ਆਇਆ।

ਸ੍ਰੀ ਮੁਕਤਸਰ ਸਾਹਿਬ ਵਿਚ ਪਿੰਡ ਉਦੇਕਰਨ ਵਿਖੇ ਲਾਇਆ ਗਿਆ ਧਰਨਾ।

ਫਿਲੌਰ ਮੁਕੰਮਲ ਬੰਦ, ਹਾਈਵੇਅ ’ਤੇ ਕਿਸਾਨਾਂ ਨੇ ਲਗਾਇਆ ਧਰਨਾ

ਸਰਬਜੀਤ ਗਿੱਲ

ਫਿਲੌਰ: ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਕ) ਦੇ ਸੱਦੇ ‘ਤੇ ਪੰਜਾਬ ਬੰਦ ਨੂੰ ਅੱਜ ਇਥੇ ਭਰਵਾਂ ਹੁੰਗਾਰਾ ਮਿਲਿਆ। ਸਥਾਨਕ ਬੱਸ ਅੱਡੇ ‘ਤੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਢੇਸੀ, ਤਰਸੇਮ ਸਿੰਘ ਢਿੱਲੋਂ, ਜਸਵੀਰ ਸਿੰਘ ਸ਼ੀਰਾ, ਚੂਹੜ ਸਿੰਘ ਬੜਾਪਿੰਡ, ਜਸਪਾਲ ਸਿੰਘ ਪਾਲਾ ਨੰਬਰਦਾਰ, ਹਰਦੀਪ ਸਿੰਘ ਮਨਸੂਰਪੁਰ, ਇਕਬਾਲ ਸਿੰਘ ਰਸੂਲਪੁਰ, ਬਲਵਿੰਦਰ ਸਿੰਘ ਆਦਿ ਨੇ ਮੰਗ ਕੀਤੀ ਕਿ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਤੁਰੰਤ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਮੰਗਾਂ ਮੰਨੇ।
ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੀ ਥਾਂ ਇੱਕ ਹੋਰ ਨਵੇਂ ਕਾਨੂੰਨ ਦਾ ਖਰੜਾ ਕੇਂਦਰ ਵਲੋਂ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਦੀ ਇਸ ਮਾਮਲੇ ‘ਚ ਨੀਅਤ ਸਾਫ਼ ਨਹੀਂ ਹੈ। ਕਿਸਾਨ ਆਗੂਆਂ ਨੇ ਦੇਸ਼ ਦੀ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਤੁਰੰਤ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣਦੀ ਹਦਾਇਤ ਜਾਰੀ ਕੀਤੀ ਜਾਵੇ।

ਫਿਲੌਰ ਵਿਚ ਧਰਨਾਦ ਦਿੰਦੇ ਹੋਏ ਕਿਸਾਨ।

ਆਗੂਆਂ ਨੇ ਕਿਹਾ ਕਿ ਕੇਂਦਰ ਵਲੋਂ ਇਹ ਕਿਹਾ ਗਿਆ ਕਿ ਕਿਸਾਨ ਟਰਾਲੀਆਂ ਤੋਂ ਬਿਨਾਂ ਦਿੱਲੀ ਧਰਨਾ ਪ੍ਰਦਰਸ਼ਨ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਇਹ ਪ੍ਰਦਰਸ਼ਨ ਵੀ ਕਰਨ ਨਹੀਂ ਦਿੱਤਾ ਜਾ ਰਿਹਾ। ਸ਼ੰਭੂ ਬੈਰੀਅਰ ਕਿਸਾਨਾਂ ਨੇ ਨਹੀਂ ਸਗੋਂ ਸਰਕਾਰ ਨੇ ਬੰਦ ਕੀਤਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ਅਗਰ ਸਰਕਾਰ ਮੰਗਾਂ ਹਾਲੇ ਵੀ ਨਹੀਂ ਮੰਨਦੀ ਤਾਂ ਮਜਬੂਰਨ ਇਹ ਬੰਦ ਅਣਮਿਥੇ ਸਮੇਂ ਲਈ ਵੀ ਕੀਤਾ ਜਾ ਸਕਦਾ ਹੈ।
ਕਿਸਾਨ ਜਥੇਬੰਦੀਆਂ ਨੂੰ ਲੋਕਾਂ ਵੱਲੋਂ ਪੂਰਨ ਸਮਰਥਨ ਦਿੰਦੇ ਹੋਏ ਲੋਕਾਂ ਨੇ ਸਾਰੇ ਕਾਰੋਬਾਰ ਬੰਦ ਰੱਖੇ ਹੋਏ ਹਨ। ਇਸ ਮੌਕੇ ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਣ ’ਚ ਲੋਕਾਂ ਨੂੰ ਸਹਿਯੋਗ ਕੀਤਾ ਜਾ ਰਿਹਾ ਹੈ।

ਕਾਦੀਆਂ ਸ਼ਹਿਰ ਮੁਕੰਮਲ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ

ਮਕਬੂਲ ਅਹਿਮਦ

ਕਾਦੀਆਂ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਐਸਕੇਐਮ ਗੈਰ ਰਾਜਨੀਤਿਕ ਦੇ ਦੋਨੋਂ ਫੋਰਮਾਂ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਂਦੇ ਹੋਏ ਅੱਜ ਪੁਲੀਸ ਥਾਣਾ ਕਾਦੀਆਂ ਚੌਂਕ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਮੱਕਾ ਸਾਹਿਬ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਇਕੱਤਰ ਹੋ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਬੰਦ ਨੂੰ ਸਫਲ ਬਣਾਉਂਦੇ ਹੋਏ ਪੁਲਿਸ ਥਾਣਾ ਕਾਦੀਆਂ ਚੌਂਕ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਮੁਕੰਮਲ ਤੌਰ ’ਤੇ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਗਿਆ।
ਦੂਜੇ ਪਾਸੇ ਕਾਦੀਆਂ ਸ਼ਹਿਰ ਦੇ ਵਿੱਚ ਸਮੁੱਚੇ ਦੁਕਾਨਦਾਰਾਂ ਵੱਲੋਂ ਅਤੇ ਮਜ਼ਦੂਰਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਹਮਾਇਤ ਦਿੰਦੇ ਹੋਏ ਕਾਦੀਆਂ ਸ਼ਹਿਰ ਨੂੰ ਮੁਕੰਮਲ ਤੌਰ ’ਤੇ ਬੰਦ ਰੱਖਿਆ ਅਤੇ ਕਿਸਾਨਾਂ ਦੇ ਵੱਲੋਂ ਸਮੂਹ ਦੁਕਾਨਦਾਰਾਂ ਅਤੇ ਮਜ਼ਦੂਰ ਵਰਗ ਦੇ ਲੋਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸ਼ੰਭੂ ਅਤੇ ਢਾਬੀ ਗੁਜਰਾਂ/ਖਨੌਰੀ ਬਾਰਡਰ ਸਮੇਤ ਵੱਖ-ਵੱਖ ਥਾਵਾਂ ’ਤੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਉਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਥਾਂ ਤਹਿਤ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਕਰ ਰਹੀ ਹੈ।

ਥਾਣੇ ਵਾਲਾ ਚੌਕ ਕਾਦੀਆਂ ਵਿਖੇ ਧਰਨਾ ਦਿੰਦੇ ਹੋਏ ਕਿਸਾਨ ਆਗੂ।

ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਥੇਬੰਦੀਆਂ ਦੇ ਵੱਲੋਂ ਇਹ ਸੰਘਰਸ਼ ਇਸੇ ਤਰ੍ਹਾਂ ਹੀ ਲਗਾਤਾਰ ਅਗਲੇ ਸਮਿਆਂ ਤੱਕ ਜਾਰੀ ਰਹਿਣਗੇ। ਇਸ ਮੌਕੇ ਕਿਸਾਨ ਆਗੂਆਂ ਦੇ ਨਾਲ ਹੋਰਨਾਂ ਤੋਂ ਇਲਾਵਾ ਪ੍ਰਧਾਨ ਲਬੀਰ ਸਿੰਘ ਭੈਣੀਆਂ, ਸਕੱਤਰ ਬਲਵਿੰਦਰ ਸਿੰਘ ਕੋਟਲਾ ਮੂਸਾ, ਖਜ਼ਾਨਚੀ ਗੁਰਮੇਜ ਸਿੰਘ ਥਿੰਦ, ਵਰਿੰਦਰ ਸਿੰਘ ਧੰਨੇ, ਸੁਰਜੀਤ ਸਿੰਘ ਨੱਤ, ਬਚਿੱਤਰ ਸਿੰਘ ਨੱਤ, ਹਰਜੀਤ ਸਿੰਘ ਧਾਰੀਵਾਲ ਆਦਿ ਹਾਜ਼ਰ ਸਨ।

ਪਾਤੜਾਂ ਤੇ ਆਸ ਪਾਸ ਦੇ ਕਸਬਿਆਂ ਚ ਬੰਦ ਨੂੰ ਭਰਵਾਂ ਹੁੰਗਾਰਾ

ਗੁਰਨਾਮ ਸਿੰਘ ਚੌਹਾਨ
ਪਾਤੜਾਂ: ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਦਿੱਤੇ ਬੰਦ ਦੇ ਸੱਦੇ ਨੂੰ ਪਾਤੜਾਂ ਸ਼ਹਿਰ, ਨਿਆਲ ਅਤੇ ਆਸ ਪਾਸ ਦੇ ਪਿੰਡਾਂ ਤੇ ਕਸਬਿਆਂ ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਬੱਸਾਂ ਤੇ ਬਾਜ਼ਾਰਾਂ ਸਮੇਤ ਸਬਜ਼ੀ ਮੰਡੀ ਆਦਿ ਸਭ ਕੁਝ ਬੰਦ ਹਨ।
ਉਂਝ ਐਮਰਜੈਂਸੀ ਹਾਲਾਤ ਵਿੱਚ ਜਾਣ ਵਾਲਿਆਂ ਨੂੰ ਕਿਸਾਨਾਂ ਵੱਲੋਂ ਛੋਟ ਦਿੱਤੀ ਜਾ ਰਹੀ ਹੈ। ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਪਾਤੜਾਂ ਵਿੱਚ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ।

ਪਾਤੜਾਂ ਵਿਚ ਕਿਸਾਨਾਂ ਵੱਲੋਂ ਲਾਇਆ ਗਿਆ ਧਰਨਾ।

ਧਰਮਕੋਟ, ਕੋਟ ਈਸੇ ਖਾਂ ਅਤੇ ਫਤਿਹਗੜ੍ਹ ਪੰਜਤੂਰ ਕਸਬੇ ਮੁਕੰਮਲ ਰਹੇ ਬੰਦ

ਹਰਦੀਪ ਸਿੰਘ
ਧਰਮਕੋਟ: ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬੰਦ ਦੇ ਸੱਦੇ ਦਾ ਅਸਰ ਧਰਮਕੋਟ ਅਤੇ ਆਸਪਾਸ ਦੇ ਕਸਬਿਆਂ ਵਿੱਚ ਦੇਖਣ ਨੂੰ ਮਿਲਿਆ। ਧਰਮਕੋਟ ਦੇ ਪ੍ਰਮੁੱਖ ਕਸਬੇ ਕਿਸ਼ਨਪੁਰਾ ਕਲਾਂ, ਜਲਾਲਾਬਾਦ, ਕੋਟ ਈਸੇ ਖਾਂ ਅਤੇ ਫਤਿਹਗੜ੍ਹ ਪੰਜਤੂਰ ਪੂਰੀ ਤਰ੍ਹਾਂ ਮੁਕੰਮਲ ਬੰਦ ਰਹੇ। ਇਸ ਵਾਰ ਸਬਜ਼ੀਆਂ, ਹਲਵਾਈਆਂ ਅਤੇ ਦੁੱਧ ਡੇਅਰੀ ਵਾਲਿਆਂ ਨੇ ਵੀ ਬੰਦ ਵਿੱਚ ਆਪਣਾ ਭਰਵਾਂ ਸਹਿਯੋਗ ਦਿੱਤਾ।
ਇਨ੍ਹਾਂ ਕਸਬਿਆਂ ਵਿੱਚ ਪੂਰੀ ਤਰ੍ਹਾਂ ਸੁੰਨਸਾਨ ਦਿਖਾਈ ਦਿੱਤੀ ਅਤੇ ਬਹੁਤ ਘੱਟ ਆਵਾਜਾਈ ਦੇਖਣ ਨੂੰ ਮਿਲੀ। ਕੋਟ ਈਸੇ ਖਾਂ ਦੇ ਮੁੱਖ ਚੌਕ ਵਿੱਚ ਭਾਰਤੀ ਕਿਸਾਨ ਯੂਨੀਅਨ ਬ੍ਰਾਹਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬ੍ਰਾਹਮਕੇ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਜਾਮ ਲਗਾਇਆ ਹੋਇਆ ਹੈ।

ਮੋਗਾ ਅੰਮ੍ਰਿਤਸਰ ਮੁੱਖ ਮਾਰਗ ’ਤੇ ਅੱਡਾ ਸ਼ਾਹ ਬੋਕਰ ਵਿਖੇ ਕਿਸਾਨਾਂ ਵਲੋਂ ਲਾਇਆ ਗਿਆ ਜਾਮ।

ਇਸੇ ਤਰ੍ਹਾਂ ਹੀ ਧਰਮਕੋਟ ਵਿਖੇ ਕਿਸਾਨ ਜਥੇਬੰਦੀ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਜਲਾਲਾਬਾਦ ਦੀ ਅਗਵਾਈ ਹੇਠ ਕਿਸਾਨਾਂ ਨੇ ਮੋਗਾ ਜਲੰਧਰ ਹਾਈਵੇ ਉਪਰ ਜਾਮ ਲਗਾਇਆ। ਇਸੇ ਤਰ੍ਹਾਂ ਹੀ ਫਤਿਹਗੜ੍ਹ ਪੰਜਤੂਰ ਦੇ ਪਾਸ ਮੋਗਾ ਅੰਮ੍ਰਿਤਸਰ ਮੁੱਖ ਮਾਰਗ ’ਤੇ ਸਥਿਤ ਅੱਡਾ ਸ਼ਾਹ ਬੋਕਰ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਹਰਬੰਸ ਸਿੰਘ ਸ਼ਾਹ ਵਾਲਾ, ਅਜੀਤ ਸਿੰਘ ਸੈਕਟਰੀ, ਅਵਤਾਰ ਸਿੰਘ ਧਰਮ ਸਿੰਘ ਵਾਲਾ ਅਤੇ ਕਪੂਰ ਸਿੰਘ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਨੇ ਜਾਮ ਲਗਾ ਕੇ ਆਵਾਜਾਈ ਰੋਕੀ।

ਇਸ ਦੌਰਾਨ ਕਿਸਾਨਾਂ ਵਲੋਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ ਸਨ। ਕਿਸਾਨ ਆਗੂ ਬਲਵੰਤ ਸਿੰਘ ਬ੍ਰਾਹਮਕੇ ਨੇ ਅੱਜ ਦੇ ਬੰਦ ਵਿੱਚ ਸਹਿਯੋਗ ਦੇਣ ਲਈ ਭਰਾਤਰੀ ਜਥੇਬੰਦੀਆਂ ਸਮੇਤ ਸਮੂਹ ਵਰਗਾਂ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਸੀ ਏਕਤਾ ਨਾਲ ਹੀ ਸੰਘਰਸ਼ਾਂ ਦੀ ਕਾਮਯਾਬੀ ਹੁੰਦੀ ਹੈ।

ਪੰਜਾਬ ਬੰਦ ਦੇ ਸੱਦੇ 'ਤੇ ਕਿਸਾਨਾਂ ਨੇ ਪਿੰਡ ਬੰਡਾਲਾ ਵਿੱਚ ਸੜਕ ਜਾਮ ਕੀਤੀ

ਪੱਤਰ ਪ੍ਰੇਰਕ
ਜੰਡਿਆਲਾ ਗੁਰੂ: ਪੰਜਾਬ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੋਵਾਂ ਫੋਰਮਾਂ ਦੇ ਸਾਂਝੇ ਸੱਦੇ 'ਤੇ ਜੰਡਿਆਲਾ ਗੁਰੂ ਤੋਂ ਤਰਨ ਤਾਰਨ ਜਾਣ ਵਾਲੀ ਸੜਕ ਉਪਰ ਸਥਿਤ ਪਿੰਡ ਬੰਡਾਲਾ ਵਿਖੇ ਜਾਮ ਕਰਕੇ ਕਿਸਾਨ ਆਗੂ ਡਾ. ਮੋਹਕਮ ਸਿੰਘ, ਡਾ. ਰਣਜੀਤ ਸਿੰਘ ਤੇ ਰੇਸ਼ਮ ਸਿੰਘ ਜੋਗਾ ਸਿੰਘ ਵਾਲਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ।

ਇਸ ਮੌਕੇ ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਦਿੱਲੀ ਅੰਦੋਲਨ ਦੌਰਾਨ ਮੰਗੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਅਤੇ ਉਨ੍ਹਾਂ ਨੂੰ ਲਗਾਤਾਰ ਰੱਦ ਕੀਤਾ ਜਾ ਰਿਹਾ ਹੈ। ਇਸੇ ਲਈ 13 ਫਰਵਰੀ, 2024 ਤੋਂ ਸ਼ੰਭੂ ਅਤੇ ਢਾਬੀ ਗੁਜਰਾਂ/ਖਨੌਰੀ ਸਰਹੱਦਾਂ 'ਤੇ ਮੋਰਚੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 35 ਦਿਨ ਹੋ ਚੁੱਕੇ ਹਨ।
ਕਿਸਾਨ ਤੇ ਮਜ਼ਦੂਰ ਪਿੰਡ ਬੰਡਾਲਾ ਵਿਖੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਬੇਦੀ
ਆਪਣੀਆਂ ਮੰਗਾਂ ਸਬੰਧੀ ਉਨ੍ਹਾਂ ਕਿਹਾ ਕੇਂਦਰ ਸਰਕਾਰ ਤੁਰੰਤ ਦੇਸ਼ ਦੇ ਕਿਸਾਨ ਮਜ਼ਦੂਰ ਆਗੂਆਂ ਨਾਲ ਗੱਲਬਾਤ ਕਰੇ ਅਤੇ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰੇ ਤਾਂ ਜੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕੀਮਤੀ ਜਾਨ ਬਚਾਈ ਜਾ ਸਕੇ। ਕਿਸਾਨ ਆਗੂ ਨੇ ਕਿਹਾ ਸਰਕਾਰ ਨੂੰ ਐਮਐੱਸਪੀ 'ਤੇ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਹੈ।
ਡਾ. ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੀਆਂ ਕੀਮਤਾਂ ਤੈਅ ਕਰਨੀਆਂ ਚਾਹੀਦੀਆਂ ਹਨ, ਦੇਸ਼ ਦੇ ਕਿਸਾਨਾਂ ਦਾ ਪੂਰਾ ਕਰਜ਼ਾ ਖ਼ਤਮ ਕਰਨਾ ਚਾਹੀਦਾ ਹੈ, ਬਿਜਲੀ ਸੋਧ ਬਿੱਲ 2023 ਵਾਪਸ ਲੈਣਾ ਚਾਹੀਦਾ ਹੈ, ਖੇਤੀਬਾੜੀ ਸੈਕਟਰ ਨੂੰ ਪਲੋਸਨ ਐਕਟ ਤੋਂ ਬਾਹਰ ਰੱਖਣਾ ਚਾਹੀਦਾ ਹੈ, ਮਨਰੇਗਾ ਤਹਿਤ ਮਜ਼ਦੂਰ ਭਰਾਵਾਂ ਨੂੰ 200 ਦਿਨਾਂ ਦੇ ਕੰਮ ਦੀ ਗਰੰਟੀ ਦੇਣੀ ਚਾਹੀਦੀ ਹੈ।
ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਬਣਾਏ ਗਏ ਕੇਸ ਰੱਦ ਕੀਤੇ ਜਾਣ, ਫਸਲ ਬੀਮਾ ਯੋਜਨਾ ਨੂੰ ਅਨੁਕੂਲ ਬਣਾਇਆ ਜਾਵੇ ਅਤੇ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਬਾਪੂ ਅਨੋਖ ਸਿੰਘ, ਬਲਦੇਵ ਸਿੰਘ, ਕਰਤਾਰ ਸਿੰਘ, ਡਾ. ਹਰਭਜਨ ਸਿੰਘ, ਬਲਵਿੰਦਰ ਸਿੰਘ, ਅੰਗਰੇਜ ਸਿੰਘ, ਰਣਜੋਧ ਸਿੰਘ, ਜਸਵਿੰਦਰ ਸਿੰਘ ਅਤੇ ਸੈਂਕੜੇ ਕਿਸਾਨ ਮਜ਼ਦੂਰ ਮੌਜੂਦ ਸਨ।

ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਵਾਨੀਗੜ੍ਹ ’ਚ ਕੌਮੀ ਮਾਰਗ ਜਾਮ ਕੀਤਾ

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੱਦੇ ’ਤੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ਜਾਮ ਕਰਕੇ ਧਰਨਾ ਦਿੱਤਾ ਗਿਆ। ਇਸੇ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਪੂਰਨ ਤੌਰ ’ਤੇ ਬਜ਼ਾਰ ਬੰਦ ਰੱਖਿਆ ਗਿਆ ਅਤੇ ਲੋਕ ਘਰਾਂ ਦੇ ਅੰਦਰ ਹੀ ਰਹੇ।

ਭਵਾਨੀਗੜ੍ਹ ਵਿਖੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਤੇ ਜਨਤਕ ਆਗੂ।

ਜਾਮ ਮੌਕੇ ਹਰਿਆਣਾ ਦੇ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ, ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਬਖਸ਼ੀਸ਼ ਸਿੰਘ, ਬਲਜੀਤ ਸਿੰਘ ਜੌਲੀਆਂ, ਕਸ਼ਮੀਰ ਸਿੰਘ ਕਾਕੜਾ, ਪ੍ਰਿਤਪਾਲ ਸਿੰਘ ਕਾਕੜਾ, ਹਰਜੀਤ ਸਿੰਘ, ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ, ਮੁਲਾਜ਼ਮ ਆਗੂ ਸਤਨਾਮ ਸਿੰਘ ਸੰਧੂ, ਸੁਖਦੇਵ ਸਿੰਘ ਭਵਾਨੀਗੜ੍ਹ, ਕੇਵਲ ਸਿੰਘ ਸਿੱਧੂ, ਕੁਲਵੰਤ ਸਿੰਘ ਖਨੌਰੀ, ਭੀਮ ਸਿੰਘ ਗਾੜੀਆ, ਜਗਤਾਰ ਸਿੰਘ ਤੂਰ, ਆੜਤੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਮਿੱਤਲ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੀ ਥਾਂ ਕਿਸਾਨਾਂ ਦੀ ਹੱਕੀ ਅਵਾਜ਼ ਨੂੰ ਜਬਰ ਨਾਲ ਦਬਾਅ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਨੁਕਸਾਨ ਹੋਇਆ ਤਾਂ ਉਸ ਦੀ ਜ਼ਿਮੇਵਾਰ ਸਰਕਾਰਾਂ ਦੀ ਹੋਵੇਗੀ।
ਇਸੇ ਤਰ੍ਹਾਂ ਥੋੜ੍ਹੀ ਦੂਰ ਮੁੱਖ ਮਾਰਗ ’ਤੇ ਸਥਿੱਤ ਪਿੰਡ ਚੰਨੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਅਜ਼ਾਦ ਵੱਲੋਂ ਬਲਵਿੰਦਰ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।

ਪੰਜਾਬ ਬੰਦ ਦੇ ਸੱਦੇ ’ਤੇ ਧੂਰੀ ਸ਼ਹਿਰ ਰਿਹਾ ਬੰਦ

ਹਰਦੀਪ ਸਿੰਘ ਸੋਢੀ
ਧੂਰੀ: ਪੰਜਾਬ ਬੰਦ ਦੇ ਸੱਦੇ ਦਾ ਅਸਰ ਧੂਰੀ ਵਿੱਚ ਪੂਰਨ ਤੌਰ ’ਤੇ ਵੇਖਣ ਨੂੰ ਮਿਲਿਆ ਅਤੇ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਇੱਕ ਦੋ ਦੁਕਾਨਾਂ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਬੰਦ ਹੀ ਰਹੀਆਂ। ਸ਼ਹਿਰ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ’ਚੋਂ ਰੌਣਕ ਬਿਲਕੁਲ ਗਾਇਬ ਸੀ।
ਸ਼ਹਿਰ ਦੇ ਮੁੱਖ ਬਾਈਪਾਸ ਤੇ ਹੋਰ ਹੋਰ ਥਾਵਾਂ ਉੱਪਰ ਪੁਲੀਸ ਸਾਰਾ ਦਿਨ ਗਸ਼ਤ ਕਰਦੀ ਵੇਖੀ ਗਈ। ਸ਼ਹਿਰ ਅੰਦਰ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ। ਸ਼ਹਿਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਤੇ ਹਮੇਸ਼ਾ ਰਹਿਣਗੇ।
ਸੁੰਨਾ ਪਿਆ ਧੂਰੀ ਰੇਲਵੇ ਸਟੇਸ਼ਨ।
Advertisement
Tags :
Farmer ProtestPunjab Farmer Protestpunjab newsPunjab Protest