Dallewal ਸ਼ੰਭੂ ਤੇ ਖਨੌਰੀ ਉੱਤੇ ਡਟੀਆਂ ਕਿਸਾਨ ਜਥੇਬੰਦੀਆਂ ਵੱਲੋਂ ਐੱਸਕੇਐੱਮ ਨੂੰ ਫੌਰੀ ਹੰਗਾਮੀ ਬੈਠਕ ਕਰਨ ਦੀ ਅਪੀਲ
ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ
ਪਟਿਆਲਾ /ਪਾਤੜਾਂ, 11 ਜਨਵਰੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ਼ ਦੀ ਲਗਾਤਾਰ ਨਿੱਘਰਦੀ ਹਾਲਤ ਦੇ ਹਵਾਲੇ ਨਾਲ਼ ਐੱਸਕੇਐੱਮ (ਗੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਅੱਜ ਐੱਸਕੇਐੱਮ ਦੀ ਤਾਲਮੇਲ ਕਮੇਟੀ ਨੂੰ ਪੱਤਰ ਲਿਖ ਕੇ 15 ਜਨਵਰੀ ਦੀ ਥਾਂ ਫੌਰੀ ਹੰਗਾਮੀ ਬੈਠਕ ਕਰਨ ਦੀ ਅਪੀਲ ਕੀਤੀ ਹੈ। ਦੋਵਾਂ ਫੋਰਮਾਂ ਨੇ ਕਿਹਾ ਕਿ ਇਹ ਬੈਠਕ ਪਟਿਆਲਾ ਦੀ ਥਾਂ ਢਾਬੀਗੁੱੱਜਰਾਂ ਬਾਰਡਰ ’ਤੇ ਕੀਤੀ ਜਾਵੇ। ਕਿਸਾਨ ਜਥੇਬੰਦੀਆਂ ਨੇ ਤਰਕ ਦਿੱਤਾ ਕਿ ਉਹ ਡੱਲੇਵਾਲ ਦੀ ਨਿੱਘਰਦੀ ਹਾਲਤ ਕਰਕੇ ਮੋਰਚਾ ਛੱਡ ਕੇ ਨਹੀਂ ਜਾ ਸਕਦੇ। ਲਿਹਾਜ਼ਾ ਇਹ ਬੈਠਕ ਪਟਿਆਲਾ ਦੀ ਥਾਂ ਢਾਬੀਗੁੱਜਰਾਂ ਬਾਰਡਰ ’ਤੇ ਹੀ ਕੀਤੀ ਜਾਵੇ।
ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ, ਅਭਿਮੰਨਿਊ ਕੋਹਾੜ, ਲਖਵਿੰਦਰ ਔਲਖ, ਇੰਦਰਜੀਤ ਕੋਟਬੁੱਢਾ ਤੇ ਹੋਰ ਆਗੂਆਂ ਨੇ ਅੱਜ ਢਾਬੀ ਗੁੱਜਰਾਂ ਬਾਰਡਰ ’ਤੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਪਰੋਕਤ ਪੱਤਰ ਬਾਰੇ ਜਾਣਕਾਰੀ ਸਾਂਝੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪੱਤਰ ਐੱਸਕੇਐੱਮ ਦੀ ਤਾਲਮੇਲ ਕਮੇਟੀ ਦੇ ਨੁਮਾਇੰਦਿਆਂ ਨੂੰ ਵਟਸਐਪ ਅਤੇ ਹੋਰ ਸਾਧਨਾਂ ਜ਼ਰੀਏ ਭੇਜਿਆ ਜਾ ਰਿਹਾ ਹੈ। ਐੱਸਕੇਐੱਮ ਦੀ ਤਾਲਮੇਲ ਕਮੇਟੀ ਨੇ 9 ਜਨਵਰੀ ਨੂੰ ਮੋਗਾ ਵਿੱਚ ਕਿਸਾਨ ਮਹਾਪੰਚਾਇਤ ਵਿਚ ਲਏ ਫੈਸਲੇ ਤਹਿਤ ਹੀ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਪਹੁੰਚ ਕੇ 15 ਜਨਵਰੀ ਦੀ ਬੈਠਕ ਲਈ ਸੱਦਾ ਪੱਤਰ ਦਿੱਤਾ ਸੀ।
ਉਧਰ ਪੰਜਾਬ ਸਰਕਾਰ ਵੱਲੋਂ ਗਠਿਤ ਉੱਚ ਪੱਧਰੀ ਮੈਡੀਕਲ ਬੋਰਡ ਵੱਲੋਂ 9 ਜਨਵਰੀ ਨੂੰ ਕੀਤੀ ਗਈ ਮੈਡੀਕਲ ਜਾਂਚ ਦੌਰਾਨ ਲਏ ਗਏ ਸੈਂਪਲ ਅਤੇ ਅਲਟਰਾ ਸਾਊਂਡ ਸਬੰਧੀ ਆਈਆਂ ਰਿਪੋਰਟਾਂ ਪਹਿਲਾਂ ਦੀ ਤਰ੍ਹਾਂ ਹੀ ਚਿੰਤਾਜਨਕ ਹਨ। ਇਸ ਕਰਕੇ ਵੀ ਕਿਸਾਨ ਆਗੂ ਐੱਸਕੇਐੱਮ ਨਾਲ ਏਕਤਾ ਦੇ ਮੁੱਦੇ ’ਤੇ ਮੀਟਿੰਗ ਜਲਦੀ ਕਰਨ ਦੀ ਕਾਹਲ਼ੀ ਕਰ ਰਹੇ ਹਨ, ਤਾਂ ਜੋ ਇਕਜੁੱਟ ਹੋ ਕੇ ਕੇਂਦਰ ਸਰਕਾਰ ’ਤੇ ਮੰਗਾਂ ਦੀ ਪੂਰਤੀ ਲਈ ਦਬਾਅ ਵਧਾਇਆ ਜਾ ਸਕੇ।