ਪੀੜਤ ਦੇ ਹੱਕ ਵਿੱਚ ਡਟੀ ਕਿਸਾਨ ਜਥੇਬੰਦੀ
ਜੋਗਿੰਦਰ ਸਿੰਘ ਮਾਨ
ਮਾਨਸਾ, 24 ਜੂਨ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਪਿੰਡ ਰਿਉਂਦ ਖੁਰਦ ਦੇ ਕਿਸਾਨ ਬਲਵੀਰ ਸਿੰਘ ਉਰਫ਼ ਕਾਲਾ ਦੀ ਜੱਦੀ ਜ਼ਮੀਨ ‘ਤੇ ਭੂ-ਮਾਫ਼ੀਏ ਵੱਲੋਂ ਕੀਤੀ ਜਾ ਰਹੀ ਕਬਜ਼ਾ ਕਾਰਵਾਈ ਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਵੇਗਾ ਅਤੇ ਯੂਨੀਅਨ ਦੇ ਵੱਡੀ ਗਿਣਤੀ ਵਿੱਚ ਵਰਕਰ ਇਸ ਕਾਰਵਾਈ ਨੂੰ ਜਾ ਕੇ ਰੋਕਣਗੇ। ਉਹ ਅੱਜ ਮਾਨਸਾ ਵਿੱਚ ਜਥੇਬੰਦੀ ਦੀ ਇੱਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਭੂ-ਮਾਫ਼ੀਏ ਵੱਲੋਂ ਭੋਲੇ-ਭਾਲੇ ਲੋਕਾਂ ਦੀਆਂ ਮਹਿੰਗੇ ਭਾਅ ਦੀਆਂ ਵਿਵਾਦਿਤ ਜ਼ਮੀਨਾਂ ਸਸਤੇ ਭਾਅ ਖਰੀਦ ਰਾਜਨੀਤਕ ਲੋਕਾਂ ਦੀ ਮਦਦ ਨਾਲ ਅਤੇ ਕੁਝ ਪ੍ਰਸ਼ਾਸਨਿਕ ਢਾਂਚੇ ਨੂੰ ਗੁਮਰਾਹ ਕਰ ਕਬਜ਼ੇ ਕਰਕੇ ਬਣਾਈਆਂ ਗਈਆਂ ਜਾਇਦਾਦਾਂ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਧੋਖਾਧੜੀ ਦੇ ਜੁਰਮ ‘ਚ ਭੂ-ਮਾਫੀਏ ‘ਚ ਸ਼ਾਮਲ ਲੋਕਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੋਰਾ ਸਿੰਘ ਭੈਣੀਬਾਘਾ, ਰਾਮਫਲ ਚੱਕ ਅਲੀਸ਼ੇਰ, ਪੰਜਾਬ ਸਿੰਘ ਅਕਲੀਆ, ਕਰਨੈਲ ਸਿੰਘ ਮਾਨਸਾ, ਗੁਰਤੇਜ ਵਰੇ, ਨਰਿੰਦਰ ਕੌਰ ਬੁਰਜ ਹਮੀਰਾ, ਬਲਦੇਵ ਸਿੰਘ ਭੀਖੀ, ਜਗਤਾਰ ਸਿੰਘ ਸਹਾਰਨਾ ਨੇ ਵੀ ਸੰਬੋਧਨ ਕੀਤਾ।