For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਤੇ ਪਰਮਪਾਲ ਕੌਰ ਦਾ ਵਿਰੋਧ

08:01 AM May 08, 2024 IST
ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਤੇ ਪਰਮਪਾਲ ਕੌਰ ਦਾ ਵਿਰੋਧ
ਲੰਬੀ ਵਿਚ ਮੰਗਲਵਾਰ ਨੂੰ ਨਾਅਰੇਬਾਜ਼ੀ ਕਰਦੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਦੀ ਹੋਈ ਪੁਲੀਸ।
Advertisement

ਜਸਬੀਰ ਸਿੰਘ ਭੁੱਲਰ/ਗੁਰਸੇਵਕ ਸਿੰਘ ਪ੍ਰੀਤ
ਦੋਦਾ/ਸ੍ਰੀ ਮੁਕਤਸਰ ਸਾਹਿਬ, 7 ਮਈ
ਲੋਕ ਸਭਾ ਹਲਕਾ ਫਰੀਦਕੋਟ ਦੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਅੱਜ ਕਿਸਾਨਾਂ ਵੱਲੋਂ ਇੱਥੇ ਦੋ ਥਾਈਂ ਹਰੀਕੇ ਕਲਾਂ ਅਤੇ ਦੋਦਾ ਵਿੱਚ ਵਿਰੋਧ ਕੀਤਾ ਗਿਆ। ਹੰਸ ਰਾਜ ਹੰਸ ਚੋਣ ਪ੍ਰਚਾਰ ਲਈ ਭਾਰੀ ਪੁਲੀਸ ਸੁਰੱਖਿਆ ਫੋਰਸ ਸਮੇਤ ਜਦੋਂ ਪਿੰਡ ਹਰੀਕੇ ਕਲਾਂ ਪੁੱਜੇ ਤਾਂ ਇਸ ਦੀ ਭਿਣਕ ਕਿਸਾਨਾਂ ਨੂੰ ਲਗ ਗਈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਹਰਿੰਦਰ ਸਿੰਘ ਥਾਂਦੇਵਾਲਾ ਦੇ ਅਗਵਾਈ ਹੇਠ ਕਿਸਾਨ ਅਤੇ ਮਜ਼ਦੂਰ ਇਕੱਠੇ ਹੋ ਗਏ। ਉਨ੍ਹਾਂ ਭਾਜਪਾ ਉਮੀਦਵਾਰ ਦਾ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਹੰਸ ਰਾਜ ਹੰਸ ਵੋਟਾਂ ਲਈ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਜਦੋਂ ਉਹ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ’ਤੇ ਤਸ਼ੱਦਦ ਸਬੰਧੀ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਪੁਲੀਸ ਉਨ੍ਹਾਂ ਨੂੰ ਸਵਾਲ ਵੀ ਨਹੀਂ ਕਰਨ ਦੇ ਰਹੀ। ਮਗਰੋਂ ਪਿੰਡ ਹਰੀਕੇ ਕਲਾਂ ’ਚ ਰੱਖੇ ਪ੍ਰੋਗਰਾਮ ਦੌਰਾਨ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਉਹ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਲੜਾਈ ਲੜੇਗਾ। ਉਨ੍ਹਾਂ ਕਿਹਾ ਕਿ ਜੇ ਉਹ ਐੱਮਪੀ ਬਣਦੇ ਹਨ ਤਾਂ ਕਿਸਾਨਾਂ ਦੇ ਨਾਲ ਹੀ ਤੁਰ ਪਿਆ ਕਰਨਗੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਵੀ ਹਾਜ਼ਰ ਸਨ। ਇਸੇ ਤਰ੍ਹਾਂ ਭਾਰੀ ਪੁਲੀਸ ਸੁਰੱਖਿਆ ਦੇ ਬਾਵਜੂਦ ਕਿਸਾਨਾਂ ਵੱਲੋਂ ਦੋਦਾ ਵਿੱਚ ਵੀ ਭਾਜਪਾ ਉਮੀਦਵਾਰ ਅਤੇ ਐੱਸਜੀਪੀਸੀ ਮੈਂਬਰ ਨਵਤੇਜ ਸਿੰਘ ਕਾਉਣੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਲੰਬੀ (ਇਕਬਾਲ ਸਿੰਘ ਸ਼ਾਂਤ): ਭਾਜਪਾ ਨੂੰ ਚੋਣਾਂ ਵਿੱਚ ਸਿਆਸੀ ਧਿਰਾਂ ਸਮੇਤ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਲੰਬੀ ਹਲਕੇ ’ਚ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭਾਕਿਯੂ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਪਿੰਡ ਵੜਿੰਗਖੇੜਾ ਅਤੇ ਭੁੱਲਰਵਾਲਾ ’ਚ ਕਿਸਾਨ ਪਰਮਪਾਲ ਕੌਰ ਮਲੂਕਾ ਦਾ ਵਿਰੋਧ ਕੀਤਾ ਤੇ ਉਹ ਵਿਰੋਧ ਦੇ ਬਾਵਜੂਦ ਲੋਕਾਂ ਨੂੰ ਸੰਬੋਧਨ ਕਰਦੇ ਰਹੇ। ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਕਰੜੇ ਪ੍ਰਬੰਧ ਕੀਤੇ ਹੋਏ ਸਨ। ਉਗਰਾਹਾਂ ਦੇ ਜ਼ਿਲ੍ਹਾ ਆਗੂ ਗੁਰਪਾਸ਼ ਸਿੰਘੇਵਾਲਾ ਤੇ ਬਲਾਕ ਆਗੂ ਡਾ. ਪਾਲਾ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਰੋਸ ਅੱਗੇ ਪੁਲੀਸ ਸਿਖਰ ਦੁਪਹਿਰ ’ਚ ਬੇਵੱਸ ਜਾਪਿਆ। ਪਿੰਡ ਵੜਿੰਗਖੇੜਾ ’ਚ ਭਾਜਪਾ ਉਮੀਦਵਾਰ ਨੂੰ ਕਿਸਾਨਾਂ ਦੇ ਦੋਹਰੇ ਵਿਰੋਧ ਦਾ ਸਾਹਮਣੇ ਕਰਨਾ ਪਿਆ। ਕਿਸਾਨਾਂ ਨੇ ਭਾਜਪਾ ਵਰਕਰ ਭੁਪਿੰਦਰ ਸਿੰਘ ਦੇ ਘਰ ਮੂਹਰੇ ਅਤੇ ਸੱਥ ’ਤੇ ਨੁੱਕੜ ਮੀਟਿੰਗ ਮੌਕੇ ‘ਭਾਜਪਾ ਮੁਰਦਾਬਾਦ ਤੇ ਪਰਮਪਾਲ ਕੌਰ ਵਾਪਸ ਜਾਓ’ ਦੇ ਨਾਅਰੇ ਲਾ ਕੇ ਵਿਰੋਧ ਕੀਤਾ। ਪਿੰਡ ਭੁੱੱਲਰਵਾਲਾ ਵਿੱਚ ਕਿਸਾਨਾਂ ਨੇ ਪਰਮਪਾਲ ਕੌਰ ਦੇ ਚੋਣ ਪ੍ਰਚਾਰ ਮੌਕੇ ਭਾਜਪਾ ਸਰਕਾਰ ਵੱਲੋਂ 750 ਕਿਸਾਨਾਂ ਦੀ ਮੌਤ, ਦਿੱਲੀ ਕੂਚ ਦੌਰਾਨ ਕਿਸਾਨਾਂ ’ਤੇ ਤਸ਼ਦੱਦ ਅਤੇ ਐੱਮਐੱਸਪੀ ਜਿਹੇ ਮੁੱਦੇ ਉਭਾਰੇ। ਅੱਜ ਲੰਬੀ ਹਲਕੇ ਵਿੱਚ ਭਾਜਪਾ ਉਮੀਦਵਾਰ ਦੇ ਦੌਰੇ ਮੌਕੇ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਮਹਿਲਾ ਪੁਲੀਸ ਅਮਲੇ ਨੂੰ ਪਹਿਲੀ ਕਤਾਰ ’ਚ ਖੜ੍ਹਾ ਦਿੱਤਾ ਜਿਸ ’ਤੇ ਕਿਸਾਨਾਂ ਨੇ ਤਿੱਖਾ ਇਤਰਾਜ਼ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਧੀਆਂ-ਭੈਣਾਂ ਨੂੰ ਮੂਹਰੇ ਕਰ ਕੇ ਕਿਸਾਨਾਂ ਦੇ ਹੱਕ ਮੰਗਣ ਵਿੱਚ ਅੜਿੱਕਾ ਪਾਇਆ ਜਾ ਰਿਹਾ ਹੈ। ਇਸ ਦੌਰਾਨ ਪਰਮਪਾਲ ਕੌਰ ਨੇ ਕਿਹਾ ਕਿ ਵੱਡੀਆਂ ਗੱਲਾਂ ਨਾਲ ਸੂਬੇ ਨੂੰ ਰੰਗਲਾ ਅਤੇ ਨਸ਼ਾਮੁਕਤ ਕਰਨ ਲਈ ਸੱਤਾ ’ਚ ਆਏ ਭਗਵੰਤ ਮਾਨ ਤਾਂ ਨਸ਼ਿਆਂ ਅਤੇ ਰੰਗਲਾ ਪੰਜਾਬ ਲਈ ਮੀਟਿੰਗ ਵੀ ਨਾ ਸੱਦ ਸਕੇ। ਨਾ ਨਸ਼ੇ ਵਿਕਣੇ ਬੰਦ ਹੋਏ ਅਤੇ ਨਾ ਪੰਜਾਬ ਦੀ ਸੀਰਤ ਬਦਲੀ।

Advertisement

ਕਰਮਜੀਤ ਅਨਮੋਲ ਨੂੰ ਵੀ ਕਰਨਾ ਪਿਆ ਵਿਰੋਧ ਦਾ ਸਾਹਮਣਾ

ਦੋਦਾ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਫਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਦਰਜਨ ਦੇ ਕਰੀਬ ਪਿੰਡਾਂ ਵਿੱਚ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਪ੍ਰਿਤਪਾਲ ਸ਼ਰਮਾ ਦੀ ਅਗਵਾਈ ਹੇਠ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਕਰਮਜੀਤ ਅਨਮੋਲ ਨੂੰ ਪਿੰਡ ਭੁੱਟੀਵਾਲਾ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਮਜ਼ਦੂਰਾਂ ਨੂੰ ਭਰੋਸਾ ਦਿਵਾਇਆ ਕਿ ਜੇ ਲੋਕ ਉਨ੍ਹਾਂ ਨੂੰ ਚੁਣ ਕੇ ਭੇਜਦੇ ਹਨ ਤਾਂ ਉਹ ਉਨ੍ਹਾਂ ਦੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਪਿੰਡ ਗਿਲਜੇਵਾਲਾ ਵਿੱਚ 2016 ਦੌਰਾਨ ਪੰਜਾਬ ਪੁਲੀਸ ਵਿੱਚ ਭਰਤੀ ਹੋਏ ਬੇਰੁਜ਼ਗਾਰਾਂ ਨੇ ਅਨਮੋਲ ਦਾ ਵਿਰੋਧ ਕਰਦਿਆਂ ਮੰਗ ਪੱਤਰ ਦਿੱਤਾ। ਅਨਮੋਲ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਮਸਲਾ ਜਲਦੀ ਮੁੱਖ ਮੰਤਰੀ ਨਾਲ ਸਾਂਝਾ ਕਰਨਗੇ।

Advertisement

Advertisement
Author Image

joginder kumar

View all posts

Advertisement