For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਨਿਰਵਿਘਨ ਖ਼ਰੀਦ ਲਈ ਕਿਸਾਨਾਂ ਨੇ ਖੋਲ੍ਹਿਆ ਮੋਰਚਾ

07:55 AM Oct 19, 2024 IST
ਝੋਨੇ ਦੀ ਨਿਰਵਿਘਨ ਖ਼ਰੀਦ ਲਈ ਕਿਸਾਨਾਂ ਨੇ ਖੋਲ੍ਹਿਆ ਮੋਰਚਾ
ਕਿਸਾਨ ਭਵਨ ਅੰਦਰ ਇਕੱਠੇ ਹੋਏ ਕਿਸਾਨ ਪੁਲੀਸ ਮੁਲਾਜ਼ਮਾਂ ਨਾਲ ਬਹਿਸਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 18 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ ਨੇ ਇੱਥੋਂ ਦੇ ਕਿਸਾਨ ਭਵਨ ’ਚੋਂ ਹੀ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਲਈ ਰਵਾਨਾ ਹੋਏ ਕਿਸਾਨਾਂ ਨੂੰ ਅੱਜ ਪੁਲੀਸ ਨੇ ਚੰਡੀਗੜ੍ਹ ਦੀ ਹੱਦ ’ਤੇ ਰੋਕ ਦਿੱਤਾ। ਇਨ੍ਹਾਂ ਰੋਕਾਂ ਦੇ ਬਾਵਜੂਦ ਕਾਫ਼ੀ ਗਿਣਤੀ ਵਿਚ ਕਿਸਾਨ ਇੱਥੋਂ ਦੇ ਕਿਸਾਨ ਭਵਨ ਵਿਚ ਪੁੱਜਣ ਵਿਚ ਕਾਮਯਾਬ ਹੋ ਗਏ। ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਆਗੂਆਂ ਨੂੰ ਭਲਕੇ (19 ਅਕਤੂਬਰ) ਲਈ ਗੱਲਬਾਤ ਦਾ ਸੱਦਾ ਦਿੱਤਾ ਹੈ ਪ੍ਰੰਤੂ ਮੋਰਚੇ ਦੇ ਆਗੂਆਂ ਨੇ ਹਾਲੇ ਕੋਈ ਹੁੰਗਾਰਾ ਨਹੀਂ ਭਰਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਅੱਜ ਸ਼ਾਮ ਮੀਟਿੰਗ ਕਰਕੇ ਫ਼ੈਸਲਾ ਲਿਆ ਕਿ ਜਿਨ੍ਹਾਂ ਸਮਾਂ ਪੰਜਾਬ ਵਿਚ ਝੋਨੇ ਦੀ ਨਿਰਵਿਘਨ ਖ਼ਰੀਦ ਅਤੇ ਲਿਫ਼ਟਿੰਗ ਸ਼ੁਰੂ ਨਹੀਂ ਹੁੰਦੀ, ਉਨ੍ਹਾਂ ਸਮਾਂ ਉਹ ਕਿਸਾਨ ਭਵਨ ’ਚ ਹੀ ਡੇਰਾ ਲਗਾ ਕੇ ਬੈਠੇ ਰਹਿਣਗੇ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਮਜ਼ਦੂਰ, ਸ਼ੈੱਲਰ ਮਾਲਕ ਅਤੇ ਆੜ੍ਹਤੀਏ ਵੀ ਸ਼ਾਮਲ ਹਨ। ਕਿਸਾਨ ਭਵਨ ਦੇ ਬਾਹਰ ਪੁਲੀਸ ਨੇ ਬੈਰੀਕੇਡ ਲਾਏ ਹੋਏ ਸਨ ਅਤੇ ਰੈਪਿਡ ਐਕਸ਼ਨ ਫੋਰਸ ਦੇ ਸਖ਼ਤ ਪਹਿਰੇ ਕਾਰਨ ਕਿਸਾਨਾਂ ਨੂੰ ਅੰਦਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਜਦੋਂ ਕਿਸਾਨਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਣ ਤੋਂ ਰੋਕ ਦਿੱਤਾ ਗਿਆ ਤਾਂ ਉਨ੍ਹਾਂ ਕਿਸਾਨ ਭਵਨ ਵਿਚ ਹੀ ਡੇਰਾ ਲਗਾ ਲਿਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ, ‘‘ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ ਸ਼ਨਿਚਰਵਾਰ ਦੁਪਹਿਰ ਤੱਕ ਸੂਬੇ ਵਿਚ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਦੀ ਸਮੀਖਿਆ ਕੀਤੀ ਜਾਵੇਗੀ। ਜੇ ਕੋਈ ਸੁਧਾਰ ਦਿਖਿਆ ਤਾਂ ਹੀ ਉਹ ਮੁੱਖ ਮੰਤਰੀ ਦੇ ਗੱਲਬਾਤ ਦੇ ਸੱਦੇ ’ਤੇ ਵਿਚਾਰ ਕਰਨਗੇ। ਉਹ ਕਿਸਾਨ ਭਵਨ ਨੂੰ ਆਪਣਾ ਵਿਰੋਧ ਕੇਂਦਰ ਬਣਾਉਣਗੇ।’’ ਇਸ ਤੋਂ ਪਹਿਲਾਂ ਪੁਲੀਸ ਨੇ ਕਿਸਾਨ ਆਗੂ ਮਨਜੀਤ ਧਨੇਰ, ਰੁਲਦੂ ਸਿੰਘ ਮਾਨਸਾ, ਅੰਗਰੇਜ਼ ਸਿੰਘ, ਤਰਸੇਮ ਸਿੰਘ ਬੈਂਸ, ਗੁਰਮੀਤ ਸਿੰਘ ਮਹਿਮਾ, ਹਰਮੀਤ ਸਿੰਘ ਕਾਦੀਆਂ, ਬੋਘ ਸਿੰਘ ਮਾਨਸਾ, ਬੂਟਾ ਸਿੰਘ ਸ਼ਾਦੀਪੁਰ, ਬਿੰਦਰ ਸਿੰਘ ਗੋਲੇਵਾਲਾ ਆਦਿ ਨੂੰ ਰੋਕ ਲਿਆ ਸੀ। ਕਿਸਾਨ ਆਗੂਆਂ ਦੇ ਦਬਾਅ ਮਗਰੋਂ ਪੁਲੀਸ ਨੂੰ ਉਨ੍ਹਾਂ ਦਾ ਰਾਹ ਛੱਡਣਾ ਪਿਆ। ਬਲਬੀਰ ਸਿੰਘ ਰਾਜੇਵਾਲ ਨੂੰ ਵੀ ਰਾਹ ’ਚ ਰੋਕਿਆ ਗਿਆ ਸੀ ਪ੍ਰੰਤੂ ਮਗਰੋਂ ਉਹ ਕਿਸਾਨ ਭਵਨ ਪੁੱਜ ਗਏ। ਮੁਹਾਲੀ ਵਿਚ ਏਅਰਪੋਰਟ ਰੋਡ ’ਤੇ ਵੀ ਕਿਸਾਨਾਂ ਨੂੰ ਰੋਕਿਆ ਗਿਆ। ਰੋਕਾਂ ਦੇ ਬਾਵਜੂਦ ਹਰਿੰਦਰ ਸਿੰਘ ਲੱਖੋਵਾਲ, ਬਲਦੇਵ ਸਿੰਘ ਨਿਹਾਲਗੜ੍ਹ, ਰਮਿੰਦਰ ਸਿੰਘ ਪਟਿਆਲਾ, ਪ੍ਰੇਮ ਸਿੰਘ ਭੰਗੂ, ਸਤਨਾਮ ਸਿੰਘ ਅਜਨਾਲਾ, ਜੰਗਵੀਰ ਸਿੰਘ ਚੌਹਾਨ, ਮੁਕੇਸ਼ ਚੰਦਰ ਆਦਿ ਕਿਸਾਨ ਭਵਨ ਪੁੱਜ ਗਏ। ਆੜ੍ਹਤੀਆਂ ਦੇ ਆਗੂ ਰਵਿੰਦਰ ਸਿੰਘ ਚੀਮਾ ਅਤੇ ਵਿਜੇ ਕਾਲੜਾ ਵੀ ਸੰਘਰਸ਼ ਦਾ ਸਾਥ ਦੇ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਸਥਿਤੀ ਵਿਸਫੋਟਕ ਰੂਪ ਵੀ ਧਾਰਨ ਕਰ ਸਕਦੀ ਹੈ ਜਿਸ ਲਈ ਕੇਂਦਰ ਤੇ ਸੂਬਾ ਸਰਕਾਰ ਜ਼ਿੰਮੇਵਾਰ ਹੋਵੇਗੀ।

Advertisement

ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾਂਦੇ ਕਿਸਾਨਾਂ ਨੂੰ ਰਾਹ ’ਚ ਰੋਕਿਆ

ਐੱਸਏਐੱਸ ਨਗਰ (ਮੁਹਾਲੀ): ਸੰਯੁਕਤ ਕਿਸਾਨ ਮੋਰਚਾ, ਸ਼ੈੱਲਰ ਮਾਲਕਾਂ, ਆੜ੍ਹਤੀ ਐਸੋਸੀਏਸ਼ਨਾਂ, ਅਨਾਜ ਮੰਡੀ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਝੋਨੇ ਦੀ ਖ਼ਰੀਦ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਪੁਲੀਸ ਨੇ ਮੁਹਾਲੀ-ਚੰਡੀਗੜ੍ਹ ਦੀਆਂ ਸਾਂਝੀਆਂ ਹੱਦਾਂ ’ਤੇ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਦੌਰਾਨ ਕਿਸਾਨ ਮੁਹਾਲੀ ਵਿੱਚ ਫੇਜ਼-2, ਫੇਜ਼-6, ਮਦਨਪੁਰ ਚੌਕ, ਨੇਚਰ ਪਾਰਕ ਫੇਜ਼-9 ਸਣੇ ਮੁਹਾਲੀ ਏਅਰਪੋਰਟ ਸੜਕ ’ਤੇ ਲਾਲ ਬੱਤੀ ਪੁਆਇੰਟ ਨੇੜੇ ਧਰਨੇ ਲਗਾ ਕੇ ਬੈਠ ਗਏ। -ਵੇਰਵੇ ਸਫ਼ਾ 2 ’ਤੇ

Advertisement

Advertisement
Author Image

sukhwinder singh

View all posts

Advertisement