ਕਿਸਾਨਾਂ ਨੇ ਚੋਰਾਂ ਖ਼ਿਲਾਫ਼ ਮੋਰਚਾ ਖੋਲ੍ਹਿਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਜੂਨ
ਟਿਊਬਵੈੱਲਾਂ ਦੀਆਂ ਤਾਰਾਂ ਕੱਟਣ ਵਾਲੇ ਚੋਰਾਂ ਖ਼ਿਲਾਫ਼ ਕਿਸਾਨਾਂ ਨੇ ਖੁਦ ਮੋਰਚਾ ਖੋਲ੍ਹ ਦਿੱਤਾ ਹੈ। ਥਾਣਾ ਬਾਬੈਨ ਦੇ ਪਿੰਡ ਭੈਣੀ ਤੇ ਖਿੜਕੀ ਦੇ ਕਿਸਾਨਾਂ ਨੇ ਪਿਛਲੇ ਹਫਤੇ ਦੌਰਾਨ ਕਈ ਟਿਊਬਵੈੱਲਾਂ ਤੋਂ ਬਿਜਲੀ ਦੀਆਂ ਤਾਰਾਂ ਕੱਟਣ ਵਾਲੇ ਚੋਰ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਕਿਸਾਨ ਸ਼ੁਭਮ, ਬਖਤਾਵਰ, ਸੁੱਚਾ ਰਾਮ ਸੰਜੀਵ, ਲਵਲੀ ,ਰਵੀ ,ਮਨਜੀਤ , ਜਗਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਪਿੰਡ ਦੇ ਕਈ ਕਿਸਾਨਾਂ ਦੇ ਟਿਊਬਵੈੱਲਾਂ ਤੋਂ ਬਿਜਲੀ ਦੀਆਂ ਤਾਰਾਂ ਕੱਟੀਆਂ ਜਾ ਚੁੱਕੀਆਂ ਹਨ। ਇਸ ਨੂੰ ਲੈ ਕੇ ਕਿਸਾਨ ਬਹੁਤ ਪ੍ਰੇਸ਼ਾਨ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਵਾਰ ਟਿਊਬਵੈੱਲ ਤੋਂ ਤਾਰਾਂ ਕੱਟੀਆ ਜਾਣ ਕਰਕੇ ਪ੍ਰੇਸ਼ਾਨੀ ਤੋਂ ਇਲਾਵਾ ਹਜ਼ਾਰਾਂ ਰੁਪਏ ਦਾ ਨੁਕਾਸਨ ਵੀ ਹੁੰਦਾ ਹੈ। ਕਿਸਾਨਾਂ ਨੇ ਦੱਸਿਆ ਕਿ ਹਰੀਪੁਰ ਦਾ ਰਹਿਣ ਵਾਲਾ ਸੰਨੀ ਜੋ ਜੇਸੀਬੀ ਚਲਾਉਂਦਾ ਹੈ ਨੇ ਕਈ ਦਿਨ ਪਹਿਲਾਂ ਸਰਸਵਤੀ ਨਦੀ ਕੋਲ ਜੇਸੀਬੀ ਚਲਾਈ ਸੀ। ਇਸ ਦੌਰਾਨ ਸੰਨੀ ਨੇ ਟਿਊਬਵੈੱਲਾਂ ਦੀਆਂ ਬਿਜਲੀ ਦੀ ਮੋਟਰਾਂ ’ਤੇ ਲੱਗੀਆਂ ਤਾਰਾਂ ਨੂੰ ਦੇਖ ਲਈਆਂ। ਮਗਰੋਂ ਸੰਨੀ ਨੇ ਪਿਛਲੇ ਹਫਤੇ ਕਈ ਕਿਸਾਨਾਂ ਦੇ ਟਿਊਬਵੈੱਲਾਂ ਦੀਆਂ ਤਾਰਾਂ ਨੂੰ ਦੋ ਵਾਰ ਕੱਟ ਲਿਆ। ਕਿਸਾਨਾਂ ਨੇ ਇਸ ਵਾਰਦਾਤ ਮਗਰੋਂ ਨਿਗਰਾਨੀ ਵਧਾ ਦਿੱਤੀ ਤੇ ਅੱਜ ਸਵੇਰੇ ਜਦ ਸੰਨੀ ਟਿਊਬਵੈੱਲ ਤੋਂ ਬਿਜਲੀ ਦੀ ਮੋਟਰ ਦੀਆਂ ਤਾਰਾਂ ਕੱਟ ਕੇ ਜਾਣ ਲੱਗਿਆ ਤਾਂ ਉਨ੍ਹਾਂ ਨੇ ਉਸ ਨੂੰ ਘੇਰਾ ਪਾ ਲਿਆ ਤੇ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ।
ਕਿਸਾਨਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੋ ਕਬਾੜੀਆ ਚੋਰੀ ਦੀਆਂ ਤਾਰਾਂ ਖਰੀਦਦਾ ਹੈ, ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਏ। ਇਸੇ ਤਰ੍ਹਾਂ ਪਿੰਡ ਸਿੰਬਲਵਾਲ ਦੇ ਪ੍ਰਾਇਮਰੀ ਸਕੂਲ ਵਿੱਚ ਅਣਪਛਾਤੇ ਚੋਰਾਂ ਨੇ 13,490 ਰੁਪਏ ਦੀਆਂ ਇਨਵਰਟਰ ਦੀਆਂ ਦੋ ਬੈਟਰੀਆਂ ਚੋਰੀ ਕਰ ਲਈਆਂ ਹਨ। ਸਕੂਲ ਦੇ ਅਧਿਆਪਕ ਸਤਨਾਮ ਸਿੰਘ ਨੇ ਪੁਲੀਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ।