ਰਾਣਵਾਂ ਦੇ ਕਿਸਾਨਾਂ ਨੇ 20 ਏਕੜ ਫ਼ਸਲ ਵਾਹੀ
ਜਗਜੀਤ ਕੁਮਾਰ
ਖਮਾਣੋਂ, 16 ਜੁਲਾਈ
ਹੜ੍ਹਾਂ ਦੇ ਪਾਣੀ ਤੋਂ ਪ੍ਰਭਾਵਿਤ ਹੋਏ ਪਿੰਡ ਰਾਣਾਵਾਂ ਦੇ ਕਿਸਾਨਾਂ ਨੇ ਪਾਣੀ ਵਿੱਚ ਡੁੱਬੀ ਫ਼ਸਲ ਨੂੰ ਰੂਟਾਵੇਟਰ ਨਾਲ ਵਾਹ ਦਿੱਤਾ, ਜਿੱਥੇ ਮੁੜ ਫ਼ਸਲ ਬੀਜਣ ’ਤੇ ਦੁੱਗਣਾ ਖ਼ਰਚ ਹੋਣ ਦਾ ਅਨੁਮਾਨ ਹੈ। ਖੇਤਾਂ ਦਾ ਦੌਰਾ ਕਰਨ ’ਤੇ ਪਤਾ ਲੱਗਿਆ ਕਿ ਕਿਸਾਨ ਆਪੋ-ਆਪਣੀਆਂ ਫ਼ਸਲਾਂ ਰੂਟਾਵੇਟਰ ਨਾਲ ਵਾਹ ਰਹੇ ਸਨ। ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਕਿਸਾਨ ਕਦੇ ਡੋਬੇ ਅਤੇ ਕਦੇ ਸੋਕੇ ਵਰਗੇ ਹਾਲਾਤ ਵਿੱਚੋਂ ਲੰਘ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪੱਧਰੀ ਆਗੂ ਕਸ਼ਮੀਰਾ ਸਿੰਘ ਜਟਾਣਾ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਨਾਲ ਲੱਗਦੀ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਮੀਂਹ ਦੇੇ ਪਾਣੀ ਵਿੱਚ ਡੁੱਬ ਗਈ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਮੀਂਹ ਕਾਰਨ ਨੁਕਸਾਨੀ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੀ ਬਾਂਹ ਫੜੀ ਜਾਵੇ। ਉਨ੍ਹਾਂ ਮੰਗ ਕੀਤੀ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਵਾਲੇ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ ਕਿਸਾਨਾਂ ਵਲੋਂ 10 ਹਜ਼ਾਰ ਦਾ ਖਰਚ ਕੀਤਾ ਗਿਆ ਸੀ ਹੁਣ ਦੁਆਰਾ ਫਿਰ 15 ਹਜਾਰ ਦੇ ਕਰੀਬ ਇਕ ਏਕੜ ਤੇ ਖਰਚਾ ਆ ਰਿਹਾ ਹੈ ਕਿਉਂਕਿ ਮਹਿੰਗੇ ਮੁੱਲ ਦੀ ਪਨੀਰੀ, ਕੀਟਨਾਸ਼ਕ ਦਵਾਈਆਂ, ਖਾਦ ਅਤੇ ਮਜ਼ਦੂਰਾਂ ਦਾ ਖਰਚਾ ਕਿਸਾਨਾਂ ਲਈ ਝੱਲਣਾ ਔਖਾ ਹੋ ਰਿਹਾ ਹੈ ਜਿਸ ਕਰਕੇ ਤੁਰੰਤ ਸਰਕਾਰ ਕਿਸਾਨਾਂ ਦੀ ਬਾਂਹ ਫੜੇ।