ਪੁਲੀਸ ਕਾਰਵਾਈ ਖ਼ਿਲਾਫ਼ ਥਾਣਾ ਨੇਹੀਆਂ ਵਾਲਾ ਅੱਗੇ ਡਟੇ ਕਿਸਾਨ
ਮਨੋਜ ਸ਼ਰਮਾ
ਬਠਿੰਡਾ, 8 ਨਵੰਬਰ
ਪਿੰਡ ਮਹਿਮਾ ਸਰਜਾ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲੁਆਉਣ ਦੇ ਮਾਮਲੇ ਵਿੱਚ ਭਾਰਤੀ ਕਿਸਾਨ ਸਿੱਧੂਪੁਰ ਵੱਲੋਂ ਥਾਣਾ ਨੇਹੀਆਂ ਵਾਲਾ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅੱਜ ਦੇਰ ਸ਼ਾਮ ਧਰਨੇ ਵਿਚ ਪੁੱਜੇ ਸਿੱਧੂਪਰ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਪਰਾਲੀ ਪ੍ਰਬੰਧਨ ’ਚ ਨਾਕਾਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਵੱਲੋਂ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਕਿਸਾਨਾਂ ’ਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਦਾ ਜ਼ਿੰੰਮੇਵਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ। ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਨੂੰ ਕਿਸਾਨਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਪੁੱਜੇ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਸਮੇਤ 70 ਦੇ ਕਰੀਬ ਕਿਸਾਨਾਂ ਨੂੰ ਸਥਾਨਕ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜਿਨ੍ਹਾਂ ਦੀ ਰਿਹਾਈ ਲਈ ਇਹ ਧਰਨਾ ਜਾਰੀ ਹੈ। ਧਰਨੇ ਨੂੰ ਕਾਕਾ ਸਿੰਘ ਕੋਟੜਾ, ਰਾਮ ਸਿੰਘ ਚੱਠੇ ਵਾਲਾ, ਮਹਿਲਾ ਆਗੂ ਅਮਰਜੀਤ ਕੌਰ, ਇੰਦਰਜੀਤ ਸਿੰਘ ਘਣੀਆਂ, ਗੁਰਚਰਨ ਸਿੰਘ ਭੀਖੀ ਆਦਿ ਨੇ ਸੰਬੋਧਨ ਕੀਤਾ। ਜਥੇਬੰਦੀ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਛੇ ਨਵੰਬਰ ਨੂੰ ਗ੍ਰਿਫ਼ਤਾਰ ਕੀਤੇ ਬਲਦੇਵ ਸਿੰਘ ਸੰਦੋਹਾ ਨੇ ਬਠਿੰਡਾ ਨਾਲ ਸਬੰਧਤਿ ਥਾਣੇ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਹੜਤਾਲ ਕਾਰਨ ਉਨ੍ਹਾਂ ਨੂੰ ਸਿਹਤ ਵਿਗੜਨ ਮਗਰੋਂ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਕਿਸਾਨਾਂ ਤੇ ਪੁਲੀਸ ਵਿਚਾਲੇ ਮੀਟਿੰਗ ਬੇਸਿੱਟਾ ਰਹੀ
ਕਿਸਾਨਾਂ ਦੀ ਰਿਹਾਈ ਲਈ ਕੱਲ੍ਹ ਦੇਰ ਰਾਤ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਦੀ ਅਗਵਾਈ ਹੇਠ ਕਿਸਾਨਾਂ ਨੇ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨਾਲ 4 ਘੰਟੇ ਮੀਟਿੰਗ ਕੀਤੀ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਛੱਡਣ ’ਤੇ ਇਨਕਾਰ ਕਰ ਦਿੱਤਾ ਹੈ। ਅਧਿਕਾਰੀਆਂ ਵੱਲੋਂ ਰਿਹਾਈ ਤੋਂ ਮਨ੍ਹਾਂ ਕਰਨ ’ਤੇ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਗੱਲਬਾਤ ਟੁੱਟ ਗਈ ਹੈ। ਖ਼ਬਰ ਲਿਖੇ ਜਾਣ ਤੱਕ ਮੀਟਿੰਗ ਦਾ ਸਿਲਸਿਲਾ ਜਾਰੀ ਸੀ।