ਨੁਸ਼ਿਹਰਾ ਪੱਤਣ ਦੇ ਕਿਸਾਨ ਪ੍ਰੇਸ਼ਾਨ: ਹਫਤੇ ਤੋਂ ਮੰਡੀਆਂ ’ਚ ਕੱਟ ਕਹੇ ਨੇ ਰਾਤਾਂ
ਜਗਜੀਤ ਸਿੰਘ
ਮੁਕੇਰੀਆਂ, 21 ਅਕਤੂਬਰ
ਪ੍ਰਸ਼ਾਸਨਿਕ ਭਰੋਸੇ ਦੇ ਬਾਵਜੂਦ ਨੁਸ਼ਿਹਰਾ ਪੱਤਣ ਮੰਡੀ ’ਚ ਖਰੀਦ ਅਤੇ ਚੁਕਾਈ ਨਾ ਹੋਣ ਕਾਰਨ ਕਿਸਾਨ ਹਫ਼ਤੇ ਭਰ ਤੋਂ ਰਾਤਾਂ ਮੰਡੀਆਂ ਵਿੱਚ ਕੱਟਣ ਲਈ ਮਜਬੂਰ ਹਨ। ਨੁਸ਼ਿਹਰਾ ਪੱਤਣ ਦੀ ਦਾਣਾ ਮੰਡੀ ਵਿੱਚ ਕਿਸਾਨ ਨੰਬਰਦਾਰ ਬਲਦੇਵ ਸਿੰਘ, ਹਰਚਰਨ ਸਿੰਘ, ਧਰਮ ਸਿੰਘ, ਅਵਤਾਰ ਸਿੰਘ, ਅਨੂਪ ਸਿੰਘ, ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਮੰਡੀ ਵਿੱਚ ਪਿਛਲੇ ਕਰੀਬ ਹਫਤੇ ਭਰ ਤੋਂ ਕਿਸਾਨਾਂ ਵੱਲੋਂ 17 ਫੀਸਦੀ ਨਮੀ ਵਾਲੀ ਫਸਲ ’ਤੇ ਵੀ ਲਗਾਇਆ ਜਾ ਰਿਹਾ 5 ਕਿਲੋ ਪ੍ਰਤੀ ਕੁਇੰਟਲ ਦਾ ਕਥਿਤ ਕੱਟ ਨਾ ਦੇਣ ਕਰਕੇ ਖਰੀਦ ਅਤੇ ਚੁਕਾਈ ਨਹੀਂ ਹੋ ਰਹੀ। ਐੱਫਸੀਆਈ ਨੇ ਆਪਣੀ ਨਿਰਧਾਰਿਤ ਖਰੀਦ ਤੋਂ ਵੱਧ ਖਰੀਦ ਲਈ ਸ਼ੈਲਰ ਮਾਲਕਾਂ ਤੋਂ ਬਾਰਦਾਨਾ ਲੈਣਾ ਹੈ ਪਰ ਕੋਈ ਵੀ ਸ਼ੈਲਰ ਮਾਲਕ ਕਥਿਤ ਕੱਟ ਤੋਂ ਬਿਨਾਂ ਐੱਫਸੀਆਈ ਨੂੰ ਬਾਰਦਾਨਾ ਦੇਣ ਲਈ ਤਿਆਰ ਨਹੀਂ ਹੈ। ਸ਼ੈਲਰ ਮਾਲਕ ਆੜ੍ਹਤੀਆਂ ਰਾਹੀਂ 17 ਫੀਸਦੀ ਤੱਕ ਨਮੀ ਵਾਲੀ ਫਸਲ ’ਤੇ 5 ਕਿਲੋ ਅਤੇ ਇਸ ਤੋਂ ਵੱਧ ’ਤੇ 10 ਕਿਲੋ ਕੱਟ ਮੰਗ ਰਹੇ ਹਨ। ਇਸ ਲਈ ਮੰਡੀ ਜਾਂ ਖਰੀਦ ਏਜੰਸੀ ਦੇ ਅਧਿਕਾਰੀ ਮੰਡੀਆਂ ਵਿੱਚੋਂ ਗਾਇਬ ਮਿਲਦੇ ਹਨ। ਆੜ੍ਹਤੀਆਂ ਨੇ ਦੱਸਿਆ ਕਿ ਬਾਰਦਾਨਾ ਦੇਣ ਲਈ ਸ਼ੈਲਰ ਮਾਲਕਾਂ ਵਲੋਂ ਨਮੀ ਦੇ ਨਾਮ ’ਤੇ ਕਥਿਤ ਮੰਗਿਆ ਜਾ ਰਿਹਾ ਕੱਟ ਆੜ੍ਹਤੀਏ ਆਪਣੇ ਕੋਲੋਂ ਨਹੀਂ ਭਰ ਸਕਦੇ। ਉਹ ਖਰੀਦ ਏਜੰਸੀ ਅਤੇ ਮੰਡੀ ਅਧਿਕਾਰੀਆਂ ਨੂੰ ਦੱਸ ਚੁੱਕੇ ਹਨ। ਬਾਰਦਾਨਾ ਮਿਲਣ ’ਤੇ ਭਰਾਈ ਕਰ ਦਿੱਤੀ ਜਾਵੇਗੀ। ਇਸ ਮੌਕੇ ਅਵਤਾਰ ਸਿੰਘ, ਅਜੀਤ ਸਿੰਘ, ਭੁਪਿੰਦਰ ਸਿੰਘ, ਅਨੂਪ ਸਿੰਘ, ਸੁਖਦੇਵ ਸਿੰਘ ਪੁਰੀਕਾ ਅਤੇ ਸੋਮ ਰਾਜ ਖਿੱਚੀਆਂ ਆਦਿ ਵੀ ਹਾਜ਼ਰ ਸਨ।
ਐੱਫਸੀਆਈ ਕੱਟ ਵਾਲੀ ਕੋਈ ਸ਼ਰਤ ਨਹੀਂ ਲਗਾ ਰਹੀ: ਜ਼ਿਲ੍ਹਾ ਮੈਨੇਜਰ
ਐੱਫਸੀਆਈ ਦੇ ਜ਼ਿਲ੍ਹਾ ਮੈਨੇਜਰ ਸਤਨਾਮ ਸਿੰਘ ਨੇ ਦੱਸਿਆ ਕਿ ਪਹਿਲਾਂ ਏਜੰਸੀ ਕੋਲ 12-13 ਮੰਡੀਆਂ ’ਚੋਂ 11000 ਮੀਟ੍ਰਿਕ ਟਨ ਖਰੀਦ ਕੀਤੀ ਜਾਂਦੀ ਸੀ, ਇਸ ਵਾਰ ਐੱਫਸੀਆਈ ਨੂੰ 40000 ਮੀਟ੍ਰਿਕ ਟਨ ਖਰੀਦ ਕਰਨ ਕਰਕੇ ਬਾਰਦਾਨੇ ਦੀ ਘਾਟ ਹੋਈ ਹੈ। ਕੱਟ ਵਾਲੀ ਕੋਈ ਸ਼ਰਤ ਐੱਫਸੀਆਈ ਨਹੀਂ ਲਗਾ ਰਹੀ, ਉਹ ਹੇਠਲੇ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਕਰਨਗੇ। ਡੀਐੱਫਐੱਸਸੀ ਸਤਬੀਰ ਸਿੰਘ ਨੇ ਕਿਹਾ ਕਿ ਐੱਫਸੀਆਈ ਬਾਰਦਾਨੇ ਦਾ ਇੰਤਜ਼ਾਮ ਕਰ ਰਹੀ ਹੈ ਅਤੇ ਬਟਾਲਾ ਤੋਂ ਬਾਰਦਾਨਾ ਮੰਗਵਾਇਆ ਜਾ ਰਿਹਾ ਹੈ, ਮੰਡੀ ਦੀ ਸਮੱਸਿਆ ਹੱਲ ਹੋ ਜਾਵੇਗੀ।