For the best experience, open
https://m.punjabitribuneonline.com
on your mobile browser.
Advertisement

ਮਾਲਵੇ ਦੇ ਕਿਸਾਨਾਂ ਨੇ ਤੜਕਸਾਰ ਚੰਡੀਗੜ੍ਹ ਧਰਨੇ ਲਈ ਚਾਲੇ ਪਾਏ

11:44 AM Nov 27, 2023 IST
ਮਾਲਵੇ ਦੇ ਕਿਸਾਨਾਂ ਨੇ ਤੜਕਸਾਰ ਚੰਡੀਗੜ੍ਹ ਧਰਨੇ ਲਈ ਚਾਲੇ ਪਾਏ
ਜੈਤੋ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਕਟਾਰੀਆ
Advertisement

ਪੱਤਰ ਪ੍ਰੇਰਕ
ਮਾਨਸਾ, 26 ਨਵੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੇਂਦਰੀ-ਭਾਜਪਾ ਸਰਕਾਰ ਵਿਰੁੱਧ ਦੇਸ਼ ਭਰ ਦੀਆਂ ਸੂਬਾਈ ਰਾਜਧਾਨੀਆਂ ਵਿੱਚ ਲਾਏ ਜਾ ਰਹੇ ਤਿੰਨ ਰੋਜ਼ਾ ਮੋਰਚੇ ਦੀ ਕਾਮਯਾਬੀ ਲਈ ਅੱਜ ਦਿਨ ਦਿਨ ਚੜ੍ਹਦੇ ਹੀ ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਕਿਸਾਨ ਜਥੇਬੰਦੀਆਂ ਦੇ ਕਾਫ਼ਲੇ ਰਵਾਨਾ ਹੋਏ।
ਚੰਡੀਗੜ੍ਹ ਮੋਰਚੇ ਲਈ ਡਟੇ ਕਿਸਾਨਾਂ ਨੇ ਅੱਜ ਸਵੇਰੇ ਤੜਕਸਾਰ ਚੰਡੀਗੜ੍ਹ ਲਈ ਚਾਲੇ ਪਾ ਦਿੱਤੇ। ਮਾਲਵਾ ਖੇਤਰ ਦੇ ਹਰ ਪਿੰਡ ਵਿਚੋਂ ਚੰਡੀਗੜ੍ਹ ਲਈ ਕਾਫ਼ਲੇ ਰਵਾਨਾ ਹੋਏ। ਇਹ ਕਾਫ਼ਲੇ ਰੇਲ ਗੱਡੀਆਂ ਤੋਂ ਇਲਾਵਾ ਬੱਸਾਂ, ਟਰੱਕਾਂ, ਕੈਂਟਰਾਂ ਰਾਹੀਂ ਅੱਜ ਪਿੰਡਾਂ ’ਚੋਂ ਤੁਰੇ। ਮਨਜੀਤ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਥੇਬੰਦੀ ਨੂੰ ਮਾਲਵਾ ਖੇਤਰ ਦੇ ਪਿੰਡਾਂ ਵਿਚੋਂ ਮਿਲੀਆਂ ਰਿਪੋਰਟਾਂ ਅਨੁਸਾਰ ਵੱਡੀ ਗਿਣਤੀ ਵਿੱਚ ਮਾਈਆਂ ਸਮੇਤ ਲੋਕ ਪਿੰਡਾਂ ’ਚੋਂ ਚੰਡੀਗੜ੍ਹ ਲਈ ਸਵੇਰੇ ਰਵਾਨਾ ਹੋਏ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪਿਛਲੇ ਦੋ ਦਿਨਾਂ ਤੋਂ ਦਰਜਨਾਂ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਸਨ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਕਿਯੂ (ਏਕਤਾ ਡਕੌਂਦਾ) ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਦੀ ਅਗਵਾਈ ਹੇਠ ਅੱਜ ਪਿੰਡ ਗੁਰਨੇ ਕਲਾਂ, ਅਹਿਮਦਪੁਰ, ਵਰ੍ਹੇ, ਪਿੱਪਲੀਆਂ, ਗੁਰਨੇ ਖੁਰਦ ਵਿਚੋਂ ਕਿਸਾਨਾਂ ਦੇ ਕਾਫ਼ਲੇ ਚੰਡੀਗੜ੍ਹ ਮੋਰਚੇ ਲਈ ਰਵਾਨਾ ਹੋਏ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਚੰਡੀਗੜ੍ਹ ਵਿਚ ਦਿੱਤੇ ਜਾ ਰਹੇ ਦਿਨ ਰਾਤ ਦੇ ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ ਦੀ ਅਗਵਾਈ ਹੇਠ ਬੱਸਾਂ, ਕਾਰਾਂ, ਟਰੈਕਟਰ ਟਰਾਲਿਆਂ ਰਾਹੀਂ ਕਾਫਲੇ ਰਵਾਨਾ ਹੋਏ। ਜਥੇਬੰਦੀ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਗੁਰਪਾਸ਼ ਸਿੰਘ ਸਿੰਘੇਵਾਲਾ, ਮਲਕੀਤ ਸਿੰਘ ਗੱਗੜ, ਗੁਰਮੀਤ ਸਿੰਘ ਬਿੱਟੂ, ਅਜੈਬ ਸਿੰਘ ਮੱਲਣ, ਸੁੱਚਾ ਸਿੰਘ ਕੋਟਭਾਈ, ਹਰਪਾਲ ਸਿੰਘ ਚੀਮਾ ਧੂਲਕੋਟ, ਜੋਗਿੰਦਰ ਸਿੰਘ ਬੁੱਟਰ ਸਰੀਂਹ, ਹਰਫੂਲ ਸਿੰਘ ਭਾਗਸਰ ਨੇ ਕਿਹਾ ਕਿ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਸਾਰੀਆਂ ਮੰਗਾਂ ਲਾਗੂ ਕਰਵਾਉਣ ਲਈ ਲਾਮਬੰਦੀਆਂ ਕੀਤੀਆਂ ਗਈਆਂ ਹਨ। ਟਰੈਕਟਰ ਟਰਾਲੀਆਂ, ਪਾਣੀ ਟੈਂਕੀਆਂ, ਬਿਸਤਰੇ, ਗੱਦਿਆਂ, ਟੈਟਾਂ, ਤਰਪਾਲਾਂ ਪੂਰਾ ਰਾਸ਼ਨ ਤੇ ਗੈਸ ਚੁੱਲ੍ਹੇ ਆਦਿ ਪ੍ਰਬੰਧ ਮੁਕੰਮਲ ਕੀਤੇ ਗਏ ਹਨ।

Advertisement

ਪਰਾਲੀ ਫੂਕਣ ਦੇ ਦੋਸ਼ ਹੇਠ ਕੇਸ ਦਰਜ ਕਰਨ ’ਤੇ ਰੋਸ

ਜੈਤੋ (ਸ਼ਗਨ ਕਟਾਰੀਆ): ਲੋਕ ਸੰਘਰਸ਼ ਹਜ਼ੂਮ ਕਿਸਾਨ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਗੁਰਜੀਤ ਸਿੰਘ ਅਜਿੱਤਗਿੱਲ ਦੀ ਅਗਵਾਈ ਵਿੱਚ ਜੈਤੋ ਤੋਂ ਇੱਕ ਜਥਾ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਅੱਜ ਰਵਾਨਾ ਹੋਇਆ। ਕਿਸਾਨ ਆਗੂਆਂ ਨੇ ਦੱਸਿਆ ਕਿ ਮੋਰਚੇ ਵੱਲੋਂ 26 , 27 ਅਤੇ 28 ਨਵੰਬਰ ਤੱਕ ਕਿਸਾਨੀ ਮੰਗਾਂ ਲਈ ਲਈ ਚੰਡੀਗੜ੍ਹ ਵਿੱਚ ਲੱਗਣ ਵਾਲੇ ਧਰਨੇ ਵਿਚ ਇਹ ਕਾਫ਼ਲਾ ਪਹੁੰਚੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਚੰਡੀਗੜ੍ਹ ਪਹੁੰਚਣਗੇ। ਉਨ੍ਹਾਂ ਦੱਸਿਆ ਕਿ ਦਿੱਲੀ ਅੰਦੋਲਨ ਸਮੇਂ ਕੇਂਦਰ ਵੱਲੋਂ ਮੰਨੀਆਂ 9 ਮੰਗਾਂ ਨੂੰ ਲਾਗੂ ਕਰਾਉਣ ਲਈ ਇਹ ਮੋਰਚਾ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ ’ਤੇ ਦਰਜ ਪਰਚੇ ਰੱਦ ਕਰਾਉਣਾ ਵੀ ਮੋਰਚੇ ਦੀ ਮੰਗ ’ਚ ਸ਼ਾਮਿਲ ਹੈ। ਕਾਫ਼ਲੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਜਰਨਲ ਸਕੱਤਰ ਜਗਦੀਸ਼ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ, ਅਵਤਾਰ ਸਿੰਘ, ਜੱਗਾ ਸਿੰਘ ਜੈਤੋ, ਬਲਦੇਵ ਸਿੰਘ ਵਿਰਕ, ਜਗਰੂਪ ਸਿੰਘ ਅਜਿੱਤਗਿੱਲ, ਜਸਪ੍ਰੀਤ ਸਿੰਘ ਅਜਿੱਤਗਿੱਲ, ਲਵਪ੍ਰੀਤ ਸਿੰਘ ਅਜਿੱਤਗਿੱਲ, ਰੁਪਿੰਦਰ ਸਿੰਘ ਗਿੱਲ, ਜਗਦੀਪ ਗਿੱਲ, ਹੁਸਨ ਦਬੜ੍ਹੀਖਾਨਾ, ਰਿਤੇਸ਼ ਦਬੜ੍ਹੀਖਾਨਾ ਆਦਿ ਸ਼ਾਮਿਲ ਸਨ।

Advertisement
Author Image

Advertisement
Advertisement
×