ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨ ਸੰਘਰਸ਼ ਦੇ ਰੌਂਅ ’ਚ
ਪੱਤਰ ਪ੍ਰੇਰਕ
ਲਾਲੜੂ , 25 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਉਨ੍ਹਾਂ ਨੇ ਲਾਲੜੂ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਰਾਹਤ ਦੇਣ ਤੋਂ ਇਲਾਵਾ ਕਿਸਾਨਾਂ ਨੂੰ ਯੋਗ ਮੁਆਵਜ਼ਾ, ਘੱਗਰ ’ਤੇ ਬੰਨ੍ਹ ਲਾਉਣ , ਬਰਬਾਦ ਹੋਈ ਜ਼ਮੀਨਾਂ ਦੀ ਸਾਂਭ ਸੰਭਾਲ ਸਬੰਧੀ ਮਤਾ ਪਾਸ ਕਰ ਕੇ ਮੰਗ ਪੱਤਰ ਐੱਸਡੀਐੱਮ ਡੇਰਾ ਬੱਸੀ ਨੂੰ ਸੌਂਪਿਆ ਗਿਆ।
ਮੀਟਿੰਗ ਵਿੱਚ ਮੌਜੂਦ ਕਿਸਾਨ ਆਗੂਆਂ ਨੇ ਕਿਹਾ ਕਿ ਲਾਲੜੂ ਖੇਤਰ ਦੇ ਪਿੰਡ ਸਰਸੀਣੀ, ਡੇਹਰ, ਆਲਮਗੀਰ ,ਟਿਵਾਣਾ , ਸਾਧਾਪੁਰ , ਖਜੂਰ ਮੰਡੀ , ਡੰਗਡੇਹਰਾ ਜੋ ਹੜ੍ਹ ਪ੍ਰਭਾਵਿਤ ਖੇਤਰ ਹੈ, ਵਿਖੇ ਘੱਗਰ ਦਰਿਆ ਦੇ ਬੰਨ੍ਹ ਨੂੰ ਉੱਚਾ ਕਰਕੇ ਪੱਕਾ ਕੀਤਾ ਜਾਵੇ, ਕਿਸਾਨਾਂ ਦੀ ਜਿਹੜੀ ਜ਼ਮੀਨ ਘੱਗਰ ਦਰਿਆ ਨੇ ਪੁੱਟ ਦਿੱਤੀ ਹੈ, ਉਸਨੂੰ ਭੂਮੀ ਰੱਖਿਆ ਸਕੀਮ ਤਹਿਤ ਠੀਕ ਕਰਵਾਇਆ ਜਾਵੇ , ਬਰਬਾਦ ਹੋਈ ਫਸਲਾਂ ਦਾ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ, ਬਰਬਾਦ ਹੋਈਆਂ ਪਾਈਪ ਲਾਈਨਾਂ ਸਣੇ ਬਿਜਲੀ ਮੋਟਰਾਂ ਦੀ ਸਪਲਾਈ ਮੁੜ ਬਹਾਲ ਕੀਤੀ ਜਾਵੇ। ਮੰਗਾਂ ਦੀ ਪੂਰਤੀ ਨਾ ਹੋਣ ’ਤੇ ਪਹਿਲੀ ਅਗਸਤ ਨੂੰ ਐਸਡੀਐੱਮ ਡੇਰਾਬੱਸੀ ਦੇ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਾਇਆ ਜਾਵੇਗਾ।