ਚੰਡੀਗਡ਼੍ਹ ਦੇ ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਦਾ ਖੇਤਾਂ ’ਚ ਲਿਜਾ ਕੇ ਸਨਮਾਨ
ਮੁਕੇਸ਼ ਕੁਮਾਰ
ਚੰਡੀਗੜ੍ਹ, 30 ਜੂਨ
ਚੰਡੀਗੜ੍ਹ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਯੂਰੀਆ ਪੈਕੇਜ ਦਾ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਇਸ ਤਹਿਤ ਕਿਸਾਨਾਂ ਨੇ ਅੱਜ ਮਨੀਮਾਜਰਾ ਵਿਚਲੇ ਖੇਤਾਂ ਵਿੱਚ ਚੰਡੀਗੜ੍ਹ ਭਾਜਪਾ ਦੇ ਭਾਜਪਾ ਪ੍ਰਧਾਨ ਅਰੁਣ ਸੂਦ ਨੂੰ ਬਾਜਰੇ, ਮੱਕੀ ਅਤੇ ਜਵਾਰ ਦਾ ਗੁਲਦਸਤਾ ਭੇਟ ਕਰ ਕੇ ਸਨਮਾਨਿਤ ਕੀਤਾ।
ਇਸ ਮੌਕੇ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਟੈਕਸਾਂ ਅਤੇ ਹੋਰ ਖਰਚਿਆਂ ਨੂੰ ਛੱਡ ਕੇ ਕਿਸਾਨਾਂ ਨੂੰ 242 ਰੁਪਏ ਪ੍ਰਤੀ 45 ਕਿੱਲੋਗ੍ਰਾਮ ਦੀ ਬੋਰੀ ਦੇ ਫਲੈਟ ਮੁੱਲ ’ਤੇ ਯੂਰੀਆ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਯੂਰੀਆ ਸਬਸਿਡੀ ਸਕੀਮ ਨੂੰ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੈਕੇਜ ਵਿੱਚ ਤਿੰਨ ਸਾਲਾਂ (2022-23 ਤੋਂ 2024-25) ਲਈ ਯੂਰੀਆ ਸਬਸਿਡੀ ਲਈ ਲਗਪਗ 3.70 ਲੱਖ ਕਰੋੜ ਰੁਪਏ ਜਾਰੀ ਕਰਨ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪੈਕੇਜ 2023-24 ਦੇ ਸਾਉਣੀ ਸੀਜ਼ਨ ਲਈ 38000 ਕਰੋੜ ਰੁਪਏ ਦੀ ਹਾਲ ਹੀ ਵਿੱਚ ਮਨਜ਼ੂਰ ਕੀਤੀ ਪੌਸ਼ਟਿਕ ਆਧਾਰਿਤ ਸਬਸਿਡੀ ਤੋਂ ਇਲਾਵਾ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਯੂਰੀਆ ਦੀ ਖਰੀਦ ਲਈ ਵਾਧੂ ਖਰਚ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਇਸ ਨਾਲ ਉਨ੍ਹਾਂ ਦੀਆਂ ਫਸਲਾਂ ਦੀ ਲਾਗਤ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
ਸ੍ਰੀ ਸੂਦ ਨੇ ਦੱਸਿਆ ਕਿ ਯੂਰੀਆ ਦਾ ਦੇਸੀ ਉਤਪਾਦਨ 2014-15 ਦੇ 225 ਲੱਖ ਮੀਟਰਕ ਟਨ ਤੋਂ ਵਧਾ ਕੇ 2021-22 ਦੌਰਾਨ 250 ਲੱਖ ਮੀਟਰਕ ਟਨ ਕਰ ਦਿੱਤਾ ਗਿਆ ਹੈ। 2022-23 ਵਿੱਚ ਉਤਪਾਦਨ ਸਮਰੱਥਾ ਨੂੰ ਵਧਾ ਕੇ 284 ਲੱਖ ਮੀਟਰਕ ਟਨ ਕਰ ਦਿੱਤਾ ਗਿਆ ਹੈ। ਇਸ ਮੌਕੇ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਦੀਦਾਰ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ ਢਿੱਲੋਂ, ਮੀਤ ਪ੍ਰਧਾਨ ਮਨਦੀਪ ਸਿੰਘ ਪਲਸੌਰਾ, ਕੁਲਵਿੰਦਰ ਸਿੰਘ ਕਾਲਾ, ਰੁਪਿੰਦਰ ਸਿੰਘ ਰਾਣਾ, ਜ਼ਿਲ੍ਹਾ ਪ੍ਰਧਾਨ ਸਰਵਜੀਤ ਸਿੰਘ, ਸਰਵਣ ਮਨੀਮਾਜਰਾ, ਬਲਵਿੰਦਰ ਸਿੰਘ ਖੁੱਡਾ ਜੱਸੂ, ਨਿਗਮ ਕੌਂਸਲਰ ਤੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਸਿੱਧੂ, ਜਨਰਲ ਸਕੱਤਰ ਦੀਪਕ ਉਨਿਆਲ ਧਨਾਸ, ਸੰਦੀਪ ਸਿੰਘ ਮਨੀਮਾਜਰਾ, ਗੁਰਪ੍ਰੀਤ ਸਿੰਘ, ਲਾਭ ਸਿੰਘ, ਜਰਨੈਲ ਸਿੰਘ, ਬਲਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।