ਕਿਸਾਨ ਅੰਦੋਲਨ ਦਾ ਬਦਲਾ ਲੈਣਾ ਚਾਹੁੰਦੈੈ ਕੇਂਦਰ: ਕੰਗ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਕਤੂਬਰ
ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਅਤੇ ਕੇਂਦਰ ਸਰਕਾਰ ’ਤੇ ਮੁੜ ਹਮਲਾ ਸੇਧਦਿਆਂ ਕਿਹਾ ਕਿ ਦਿੱਲੀ ਵਿੱਚ ਚੱਲੇ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਕੇਂਦਰ ਵੱਲੋਂ ਪੰਜਾਬ ਦੇ ਗੁਦਾਮਾਂ ਵਿੱਚੋਂ ਝੋਨੇ ਦੀ ਲਿਫਟਿੰਗ ਨਹੀਂ ਕਰਵਾਈ ਗਈ, ਜਦੋਂਕਿ ਸੂਬਾ ਸਰਕਾਰ ਪਿਛਲੇ ਨੌਂ ਮਹੀਨਿਆਂ ਤੋਂ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੂੰ ਪੱਤਰ ਲਿਖ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਵੱਲੋਂ ਗੁਦਾਮਾਂ ਵਿੱਚੋਂ ਪੁਰਾਣਾ ਅਨਾਜ ਚੁੱਕਣਾ ਰੁਟੀਨ ਦੀ ਪ੍ਰਕਿਰਿਆ ਤਾਂ ਜੋ ਅਨਾਜ ਦੀ ਢੋਆ-ਢੁਆਈ ਲਈ ਥਾਂ ਖਾਲੀ ਰਹੇ। ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਜਾਣ-ਬੁੱਝ ਕੇ ਗੁਦਾਮ ਖਾਲੀ ਨਹੀਂ ਕਰਵਾਏ। ਉਨ੍ਹਾਂ ਕਿਹਾ ਕਿ ਪਰ ਕੇਂਦਰ ਨੌਂ ਮਹੀਨਿਆਂ ਤੋਂ ਕੁੰਭਕਰਨ ਵਾਂਗ ਸੁੱਤਾ ਰਿਹਾ।
ਕਿਸਾਨਾਂ ਦੀ ਦੁਰਦਸ਼ਾ ਲਈ ‘ਆਪ’ ਤੇ ਭਾਜਪਾ ਜ਼ਿੰਮੇਵਾਰ: ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਵਿੱਚ ਕਿਸਾਨਾਂ ਦੀ ਮੌਜੂਦਾ ਦੁਰਦਰਸ਼ਾ ਲਈ ‘ਆਪ’ ਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੀ ਅਣਗਹਿਲੀ ਕਾਰਨ ਝੋਨੇ ਦੀ ਫ਼ਸਲ ਦੀ ਸਮੇਂ ਸਿਰ ਖ਼ਰੀਦ ਨਹੀਂ ਹੋਈ ਤੇ ਕਿਸਾਨ ਐੱਮਐੱਸਪੀ ਤੋਂ ਘੱਟ ਰੇਟ ’ਤੇ ਜਿਣਸ ਵੇਚਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਪਾਰਟੀਆਂ ਸਮੇਂ ਸਿਰ ਜ਼ਿੰਮੇਵਾਰੀ ਸੰਭਾਲਦੀਆਂ ਤਾਂ ਮੌਜੂਦਾ ਖੇਤੀਬਾੜੀ ਸੰਕਟ ਟਾਲਿਆ ਜਾ ਸਕਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਦੋਵੇਂ ਪਾਰਟੀਆਂ ਰਲ ਕੇ ਦਿੱਲੀ ’ਚ ਚੱਲੇ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀਆਂ ਹਨ।