ਕਿਸਾਨ ਅੰਦੋਲਨ ਅਤੇ ਆਗੂ
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਕਾਫ਼ੀ ਅਰਸੇ ਤੋਂ ਜੱਦੋ-ਜਹਿਦ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਦੇ ਦੋ ਮੋਰਚਿਆਂ ਵੱਲੋਂ ਸਾਂਝੇ ਰੂਪ ਵਿੱਚ ‘ਦਿੱਲੀ ਚੱਲੋ’ ਸੱਦੇ ਤਹਿਤ ਪਿਛਲੇ ਕਰੀਬ 11 ਮਹੀਨਿਆਂ ਤੋਂ ਹਰਿਆਣਾ ਦੀ ਹੱਦ ’ਤੇ ਪੈਂਦੇ ਸ਼ੰਭੂ ਅਤੇ ਖਨੌਰੀ ਬੈਰੀਅਰਾਂ ਉੱਪਰ ਮੋਰਚੇ ਵਿੱਢੇ ਹੋਏ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇੱਕ ਮਹੀਨੇ ਤੋਂ ਮਰਨ ਵਰਤ ’ਤੇ ਹਨ; ਮੈਡੀਕਲ ਮਾਹਿਰਾਂ ਮੁਤਾਬਿਕ, ਉਨ੍ਹਾਂ ਦੀ ਸਿਹਤ ਬਹੁਤ ਨਾਜ਼ੁਕ ਬਣ ਗਈ ਹੈ। ਦੂਜੇ ਪਾਸੇ, ਸ਼ੰਭੂ ਮੋਰਚੇ ਤੋਂ ਕਿਸਾਨਾਂ ਦੇ ਪੈਦਲ ਜਥੇ ਭੇਜਣ ਦੀਆਂ ਦੋ-ਤਿੰਨ ਕੋਸ਼ਿਸ਼ਾਂ ਸਫਲ ਨਾ ਹੋ ਸਕੀਆਂ ਜਿਨ੍ਹਾਂ ਉੱਪਰ ਹਰਿਆਣਾ ਪੁਲੀਸ ਅਤੇ ਕੇਂਦਰੀ ਦਸਤਿਆਂ ਵੱਲੋਂ ਅੱਥਰੂ ਗੈਸ ਅਤੇ ਪੈਲੇਟ ਗੰਨਾਂ ਦੀਆਂ ਬੁਛਾੜਾਂ ਕਾਰਨ ਦੋ ਦਰਜਨ ਤੋਂ ਵੱਧ ਕਿਸਾਨ ਜ਼ਖ਼ਮੀ ਹੋ ਗਏ ਸਨ।
ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਪੰਜਾਬ ਭਰ ਤੋਂ ਕਿਸਾਨ ਅਤੇ ਹੋਰਨਾਂ ਤਬਕਿਆਂ ਦੇ ਲੋਕ ਖਨੌਰੀ ਨੇੜਲੇ ਢਾਬੀ ਗੁੱਜਰਾਂ ਮੋਰਚੇ ਵਿੱਚ ਪਹੁੰਚ ਕੇ ਡੱਲੇਵਾਲ ਨਾਲ ਹਮਦਰਦੀ ਜ਼ਾਹਿਰ ਕਰ ਰਹੇ ਹਨ। ਕੱਲ੍ਹ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਵਫ਼ਦ ਨੇ ਡੱਲੇਵਾਲ ਨਾਲ ਮੁਲਾਕਾਤ ਕਰ ਕੇ ਜਿੱਥੇ ਕਿਸਾਨ ਮੰਗਾਂ ਨਾਲ ਸਹਿਮਤੀ ਪ੍ਰਗਟਾਈ, ਉੱਥੇ ਡੱਲੇਵਾਲ ਨੂੰ ਅਪੀਲ ਕੀਤੀ ਕਿ ਉਹ ਲੋੜੀਂਦੀ ਮੈਡੀਕਲ ਸਹਾਇਤਾ ਲੈ ਕੇ ਆਪਣਾ ਸੰਘਰਸ਼ ਜਾਰੀ ਰੱਖ ਸਕਦੇ ਹਨ। ਇਸ ਵਫ਼ਦ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਬਰਿੰਦਰ ਕੁਮਾਰ ਗੋਇਲ, ਹਰਦੀਪ ਸਿੰਘ ਮੁੰਡੀਆਂ, ਤਰਨਪ੍ਰੀਤ ਸਿੰਘ ਸੌਂਦ, ਲਾਲਜੀਤ ਸਿੰਘ ਭੁੱਲਰ ਆਦਿ ਸ਼ਾਮਿਲ ਸਨ। ਰਿਪੋਰਟਾਂ ਮੁਤਾਬਿਕ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਨੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਜਵਾਬ ਦਿੱਤਾ ਕਿ ਜੇ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਐਨਾ ਜ਼ੋਰ ਕੇਂਦਰ ’ਤੇ ਪਾਉਂਦੀ ਤਾਂ ਸ਼ਾਇਦ ਇਸ ਕੋਈ ਨਤੀਜਾ ਸਾਹਮਣੇ ਆ ਸਕਦਾ ਸੀ।
ਉਧਰ, ਸੰਯੁਕਤ ਕਿਸਾਨ ਮੋਰਚੇ ਵੱਲੋਂ ਵਡੇਰੀ ਏਕਤਾ ਸਿਰਜਣ ਲਈ ਕਾਇਮ ਕਮੇਟੀ ਨੇ ਸਾਂਝੀਆਂ ਮੀਟਿੰਗਾਂ ਕੀਤੀਆਂ ਹਨ ਪਰ ਅਜੇ ਤੱਕ ਕੋਈ ਠੋਸ ਪ੍ਰਗਤੀ ਨਹੀਂ ਹੋ ਸਕੀ। ਸ਼ੰਭੂ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚੇ ਦੇ ਸਰਵਣ ਸਿੰਘ ਪੰਧੇਰ ਵੱਲੋਂ ਐੱਸਕੇਐੱਮ ਦੇ ਆਗੂਆਂ ਨੂੰ ਚਿੱਠੀ ਲਿਖਣ ਤੋਂ ਬਾਅਦ ਇਹ ਕਵਾਇਦ ਸ਼ੁਰੂ ਹੋਈ ਸੀ ਪਰ ਇਸ ਮੰਤਵ ਲਈ ਬੁਲਾਈ ਪਹਿਲੀ ਮੀਟਿੰਗ ਵਿਚ ਡੱਲੇਵਾਲ ਦੀ ਅਗਵਾਈ ਹੇਠਲੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਦਾ ਕੋਈ ਨੁਮਾਇੰਦਾ ਸ਼ਾਮਿਲ ਨਹੀਂ ਹੋਇਆ। ਪੰਜਾਬ ਦੀ ਕਿਸਾਨੀ ਅੰਦਰ ਪਿਛਲੇ ਲੰਮੇ ਸਮੇਂ ਤੋਂ ਇਹ ਅਹਿਸਾਸ ਹੈ ਕਿ ਕੇਂਦਰ ਤੋਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ 2020-21 ਵਾਲੇ ਕਿਸਾਨ ਅੰਦੋਲਨ ਦੀ ਤਰਜ਼ ’ਤੇ ਹੀ ਸੰਯੁਕਤ ਕਿਸਾਨ ਮੋਰਚੇ ਨੂੰ ਪੂਰੀ ਤਰ੍ਹਾਂ ਇੱਕਜੁੱਟ ਹੋ ਕੇ ਅੰਦੋਲਨ ਵਿੱਢਣਾ ਪਵੇਗਾ, ਜਾਂ ਇਸ ਲਈ ਵੱਖ-ਵੱਖ ਮੋਰਚਿਆਂ ਦਰਮਿਆਨ ਕਾਰਗਰ ਤਾਲਮੇਲ ਬਿਠਾਉਣਾ ਪਵੇਗਾ। ਇਸ ਸਬੰਧ ਵਿੱਚ ਮੰਗਾਂ ਨੂੰ ਲੈ ਕੇ ਕੋਈ ਮਤਭੇਦ ਨਹੀਂ ਅਤੇ ਨਾ ਹੀ ਕਿਸਾਨਾਂ ਦੇ ਮਨੋਬਲ ਵਿੱਚ ਕੋਈ ਕਮੀ ਆਈ ਹੈ ਸਗੋਂ ਕਿਸਾਨ ਆਗੂਆਂ ਦੇ ਮਨਾਂ ਵਿੱਚ ਫ਼ਰਕ ਨਜ਼ਰ ਆ ਰਹੇ ਹਨ। ਸਤਹੀ ਤੌਰ ’ਤੇ ਹਰ ਕਿਸਾਨ ਜਥੇਬੰਦੀ ਅਤੇ ਹਰੇਕ ਆਗੂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਏਕਤਾ ਲਈ ਵਚਨਬੱਧ ਹਨ ਪਰ ਥੋੜ੍ਹਾ ਜਿਹਾ ਕੁਰੇਦਣ ’ਤੇ ਹੀ ਉਨ੍ਹਾਂ ਅੰਦਰੋਂ ਇੱਕ ਦੂਜੇ ਪ੍ਰਤੀ ਬੇਵਿਸਾਹੀ ਸਾਹਮਣੇ ਆ ਜਾਂਦੀ ਹੈ। ਫੌਰੀ ਤੌਰ ’ਤੇ ਇਹੀ ਦਿੱਕਤ ਬਣੀ ਹੋਈ ਜਾਪਦੀ ਹੈ ਜਿਸ ਨੂੰ ਸਰ ਕੀਤਾ ਜਾ ਸਕਦਾ ਹੈ ਅਤੇ ਕੀਤਾ ਜਾਣਾ ਵੀ ਚਾਹੀਦਾ ਹੈ।