ਹੁੱਲੜਬਾਜ਼ਾਂ ਖ਼ਿਲਾਫ਼ ਕਾਰਵਾਈ ਲਈ ਐੱਸਐੱਸਪੀ ਨੂੰ ਮਿਲੇ ਕਿਸਾਨ
ਪੱਤਰ ਪ੍ਰੇਰਕ
ਪਟਿਆਲਾ, 24 ਜੂਨ
ਸ਼ੰਭੂ ਬਾਰਡਰ ’ਤੇ ਲੱਗੇ ਕਿਸਾਨੀ ਮੋਰਚੇ ਵਿਚ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਾਉਣ ਲਈ ਅੱਜ ਕਿਸਾਨੀ ਵਫ਼ਦ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੂੰ ਮਿਲਿਆ। ਐੱਸਐੱਸਪੀ ਨੇ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਅੱਜ ਕਿਸਾਨਾਂ ਦਾ ਵਫ਼ਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਰਾਏ, ਜਸਬੀਰ ਸਿੰਘ ਸਿੱਧੂਪੁਰ, ਬਲਵੰਤ ਸਿੰਘ ਬ੍ਰਹਮਕੇ ਦੀ ਅਗਵਾਈ ਹੇਠ ਪਟਿਆਲਾ ਦੇ ਐੱਸਐੱਸਪੀ ਨੂੰ ਮਿਲਿਆ। ਮਗਰੋਂ ਕਿਸਾਨ ਆਗੂਆਂ ਨੇ ਦੱਸਿਆ ਕਿ ਕੱਲ੍ਹ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹੁੱਲੜਬਾਜ਼ੀ ਕੀਤੀ ਤੇ ਧਮਕੀਆਂ ਦਿੱਤੀਆਂ। ਇਹ ਘਟਨਾ ਉਂਜ ਹੀ ਅਚਾਨਕ ਨਹੀਂ ਵਾਪਰੀ ਸਗੋਂ ਇਹ ਘਟਨਾ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਪਰੀ ਹੈ। ਉਹ ਲੋਕ ਜ਼ਬਰਦਸਤੀ ਹੁੱਲੜਬਾਜ਼ੀ ਕਰਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਇਰਾਦੇ ਨਾਲ ਆਏ ਸਨ ਪਰ ਕਿਸਾਨਾਂ ਨੇ ਸੰਜਮ ਵਰਤਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਹੀ ਨਹੀਂ ਦਿੱਤਾ। ਜਿਵੇਂ ਉਨ੍ਹਾਂ ਦੇ ਇਰਾਦੇ ਸਨ ਉਵੇਂ ਲੱਗਦਾ ਹੈ ਕਿ ਉਹ ਮੁੜ ਫੇਰ ਆਪਣੀ ਤਿਆਰੀ ਕਰਕੇ ਆਉਣਗੇ। ਇਸ ਕਰਕੇ ਅਸੀਂ ਅੱਜ ਐੱਸਐੱਸਪੀ ਨੂੰ ਮਿਲ ਕੇ ਮੰਗ ਪੱਤਰ ਦੇ ਕੇ ਆਏ ਹਾਂ। ਉਨ੍ਹ੍ਵਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜਸਬੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰਗਤੀ ਭਾਜਪਾ ਨਾਲ ਮਿਲ ਕੇ ਕਿਸਾਨਾਂ ਨਾਲ ਦੁਸ਼ਮਣੀ ਵਾਲਾ ਰਵੱਈਆ ਰੱਖ ਰਹੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਸ਼ੰਭੂ ਬਾਰਡਰ ’ਤੇ ਲੱਗੇ ਕਿਸਾਨ ਮੋਰਚੇ ਵਿੱਚ ਕੁਝ ਲੋਕਾਂ ਨੇ ਆ ਕੇ ਕਥਿਤ ਹੁੱਲੜਬਾਜ਼ੀ ਕੀਤੀ ਸੀ।