Farmers Meeting ਕਿਸਾਨ ਫੋਰਮਾਂ ਵੱਲੋਂ ਜ਼ਮੀਨ ਤਿਆਰ, ਪਰ ਏਕਤਾ ਨੂੰ ਲੈ ਕੇ ਦਿੱਲੀ ਅਜੇ ਦੂਰ
ਚਰਨਜੀਤ ਭੁੱਲਰ
ਚੰਡੀਗੜ੍ਹ, 27 ਫਰਵਰੀ
ਪੰਜਾਬ ਦੀਆਂ ਤਿੰਨ ਕਿਸਾਨ ਫੋਰਮਾਂ ਵੱਲੋਂ ਅੱਜ ਇੱਥੇ ਕਿਸਾਨ ਭਵਨ ’ਚ ਕੀਤੀ ਮੀਟਿੰਗ ਨੇ ਕਿਸਾਨ ਏਕਤਾ ਲਈ ਜ਼ਮੀਨ ਤਿਆਰ ਕਰ ਦਿੱਤੀ ਹੈ ਪ੍ਰੰਤੂ ਮੁਕੰਮਲ ਕਿਸਾਨ ਏਕਤਾ ਹਾਲੇ ਕਈ ਕਦਮ ਦੂਰ ਹੈ। ਕਈ ਘੰਟੇ ਚੱਲੀ ਮੀਟਿੰਗ ਵਿਚ ਸਾਰੀਆਂ ਸਬੰਧਤ ਧਿਰਾਂ ‘ਘੱਟੋ-ਘੱਟ ਸਾਂਝੇ ਪ੍ਰੋਗਰਾਮ’ ਬਾਰੇ ਇਕਸੁਰ ਹਨ, ਪਰ ਕਿਸਾਨ ਫੋਰਮਾਂ ਨੂੰ ਏਕਤਾ ਲਈ ਲੰਮਾ ਮੰਥਨ ਕਰਨਾ ਪਵੇਗਾ। ਉਂਝ ਅੱਜ ਦੀ ਮੀਟਿੰਗ ਵਿਚ ਕਿਸਾਨ ਆਗੂ ਕਿਸਾਨ ਏਕਤਾ ਪ੍ਰਤੀ ਵਧੇਰੇ ਗੰਭੀਰ ਤੇ ਸੰਜੀਦਾ ਨਜ਼ਰ ਆਏ।
ਤਿੰਨੋਂ ਕਿਸਾਨ ਫੋਰਮਾਂ ਹੁਣ ਆਪੋ ਆਪਣੀਆਂ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਮੁੜ ਜਲਦ ਜੁੜਨਗੀਆਂ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ), ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਨਾਲ ਕਰੀਬ 66 ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ ਹਨ। ਸੰਯੁਕਤ ਕਿਸਾਨ ਮੋਰਚਾ ਤਰਫ਼ੋਂ ਸ਼ੰਭੂ ਤੇ ਖਨੌਰੀ ਤੇ ਲੜ ਰਹੀਆਂ ਧਿਰਾਂ ਨਾਲ ਖਰੜਾ ਸਾਂਝਾ ਕੀਤਾ ਗਿਆ ਜਿਨ੍ਹਾਂ ’ਚ ਕੁਝ ਮਾਮੂਲੀ ਸੋਧਾਂ ਮਗਰੋਂ ਸਹਿਮਤੀ ਬਣੀ। ਅਭਿਮੰਨਿਊ ਕੋਹਾੜ ਦੀ ਆਡੀਓ ਨੂੰ ਲੈ ਕੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਵੱਲੋਂ ਦਿੱਤੇ ਬਿਆਨ ’ਤੇ ਵੀ ਚਰਚਾ ਹੋਈ।
ਇਸ ਦੌਰਾਨ ਸਹਿਮਤੀ ਬਣੀ ਕਿ ਕੋਈ ਵੀ ਧਿਰ ਇੱਕ ਦੂਸਰੇ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕਰੇਗੀ। ਤਿੰਨੋਂ ਕਿਸਾਨ ਮੰਚਾਂ ਦੇ ਆਗੂਆਂ ਨੇ ਦੋ ਘੰਟੇ ਤੱਕ ਮੀਟਿੰਗ ਕੀਤੀ ਅਤੇ ਬਾਅਦ ਵਿੱਚ ਐਸਕੇਐਮ ਗੈਰ ਸਿਆਸੀ ਤੇ ਕੇਐਮਐਮ ਅਤੇ ਦੂਜੇ ਪਾਸੇ ਐਸਕੇਐਮ ਦੀ ਵੱਖੋ ਵੱਖਰੀ ਮੀਟਿੰਗ ਵੀ ਕੀਤੀ। ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਕਿਸਾਨੀ ਏਕਤਾ ਦੇ ਰਾਹ ’ਚ ਜੋ ਕਿਸਾਨੀ ਮੰਗਾਂ ਅੜਿੱਕਾ ਬਣੀਆਂ ਹੋਈਆਂ ਸਨ, ਉਨ੍ਹਾਂ ਨੂੰ ਫ਼ਿਲਹਾਲ ਇੱਕ ਪਾਸੇ ਰੱਖ ਕੇ ਘੱਟੋ ਘੱਟ ਸਾਂਝੇ ਪ੍ਰੋਗਰਾਮ ’ਤੇ ਸੁਰ ਬਣੀ ਹੈ।