ਸਿਰਸਾ ਮੇਜਰ ਨਹਿਰ ਦਾ ਮੋਘਾ ਰੱਦ ਕਰਵਾਉਣ ਲਈ ਕਿਸਾਨਾਂ ਨੇ ਟਰੈਕਟਰ ਮਾਰਚ ਕਰਕੇ ਡੀਸੀ ਦਫ਼ਤਰ ਘੇਰਿਆ
ਪ੍ਰਭੂ ਦਿਆਲ
ਸਿਰਸਾ, 28 ਫਰਵਰੀ
ਸਿਰਸਾ ਮੇਜਰ ਨਹਿਰ ’ਚ ਲਾਇਆ ਜਾ ਰਿਹਾ ਮੋਘਾ ਰੱਦ ਕਰਵਾਉਣ ਲਈ 56 ਦਿਨਾਂ ਤੋਂ ਬਾਜੇਕਾਂ ਤੇ ਫੂਲਕਾਂ ਪਿੰਡ ਵਿਚਾਲੇ ਧਰਨਾ ਦੇ ਰਹੇ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਅੱਜ ਵਿਸ਼ਾਲ ਟਰੈਕਟਰ ਮਾਰਚ ਕਰਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ। ਰੋਹ ’ਚ ਆਏ ਕਿਸਾਨਾਂ ਨੇ ਸੈਂਕੜੇ ਟਰੈਕਟਰ ਡੀਸੀ ਦੇ ਦਫ਼ਤਰ ਦੇ ਮੁੱਖ ਗੇਟ ਅੱਗੇ ਖੜ੍ਹੇ ਕਰ ਦਿੱਤੇ ਤੇ ਬੇਮਿਅਦੀ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਰਾਜਸੀ ਦਬਾਅ ਹੇਠ ਸਿਰਸਾ ਮੇਜਰ ਨਹਿਰ ’ਚ ਲਾਇਆ ਜਾ ਰਿਹਾ ਮੋਘਾ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ। ਪ੍ਰਦਰਸ਼ਨਕਾਰੀ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਸਭਾ ਦੇ ਆਗੂ ਸੁਵਰਨ ਸਿੰਘ ਵਿਰਕ ਨੇ ਦੱਸਿਆ ਕਿ ਡੇਰਾ ਸਿਰਸਾ ਵਲੋਂ ਵਸਾਏ ਨਵੇਂ ਪਿੰਡ ਸ਼ਾਹ ਸਤਨਾਮਪੁਰਾ ਲਈ ਸਿਰਸਾ ਮੇਜਰ ਨਹਿਰ ’ਚੋਂ ਮੋਘਾ ਲਾਇਆ ਜਾ ਰਿਹਾ ਹੈ, ਜਦੋਂਕਿ ਸ਼ਾਹ ਸਤਨਾਮਪੁਰਾ ਪਿੰਡ ਪਹਿਲਾਂ ਹੀ ਵਣਮੰਦੌਰੀ ਨਹਿਰ ਦੇ ਕੰਢੇ ਵਸਿਆ ਹੋਇਆ ਹੈ ਅਤੇ ਪਿੰਡ ਨੂੰ ਪੀਣ ਲਈ ਤੇ ਸਿੰਜਾਈ ਲਈ ਪਾਣੀ ਪਹਿਲਾਂ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸਿਰਸਾ ਮੇਜਰ ਨਹਿਰ ’ਚ ਪਹਿਲਾਂ ਹੀ ਪਾਣੀ ਦੀ ਕਾਫੀ ਕਮੀ ਹੈ। ਜੇ ਇਸ ਨਹਿਰ ’ਚੋਂ ਡੇਰੇ ਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਦਰਜਨ ਤੋਂ ਵੱਧ ਪਿੰਡਾਂ ’ਚ ਪੀਣ ਦੇ ਪਾਣੀ ਦਾ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ। ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਸਿਰਸਾ ਮੇਜਰ ਨਹਿਰ ’ਚ ਲਾਏ ਜਾਣ ਵਾਲੇ ਮੋਘੇ ਦੀ ਤਜਵੀਜ਼ ਨੂੰ ਰੱਦ ਕੀਤਾ ਜਾਏ। ਇਸ ਦੇ ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੋਘਾ ਰੱਦ ਨਹੀਂ ਕੀਤਾ ਜਾਵੇਗਾ, ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ। ਇਸ ਮੌਕੇ ’ਤੇ ਕਿਸਾਨ ਆਗੂ ਰਵੀ ਆਜ਼ਾਦ, ਡਾ. ਸੁਖਦੇਵ ਸਿੰਘ ਜੰਮੂ, ਬਲਰਾਜ ਸਿੰਘ ਬਣੀ, ਸਾਬਕਾ ਪ੍ਰਿੰਸੀਪਲ ਰਾਮ ਚੰਦ ਢੋਟ, ਭਜਨ ਲਾਲ ਢੋਟ, ਜੈਮਲ ਚੰਦ, ਰਾਮ ਕ੍ਰਿਸ਼ਨ ਫੌਜੀ ਸਮੇਤ ਵੱਡੀ ਗਿਣਤੀ ’ਚ ਦਰਜਨਾਂ ਪਿੰਡਾਂ ਦੇ ਕਿਸਾਨ ਮੌਜੂਦ ਸਨ।