For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦਾ ਮਾਰਚ ਅਜੇ ‘ਮਹਿਜ਼ ਸ਼ੁਰੂਆਤ’ ਹੈ: ਕਾਂਗਰਸ

07:23 AM Feb 14, 2024 IST
ਕਿਸਾਨਾਂ ਦਾ ਮਾਰਚ ਅਜੇ ‘ਮਹਿਜ਼ ਸ਼ੁਰੂਆਤ’ ਹੈ  ਕਾਂਗਰਸ
ਅੰਬਿਕਾਪੁਰ ਵਿੱਚ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸਚਿਨ ਪਾਇਲਟ, ਕੇ.ਸੀ. ਵੇਣੂਗੋਪਾਲ, ਭੁਪੇਸ਼ ਬਘੇਲ, ਟੀ.ਐੱਸ. ਦਿਓ ਅਤੇ ਹੋਰ ਨੇਤਾ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਅੰਬਿਕਾਪੁਰ (ਛੱਤੀਸਗੜ੍ਹ), 13 ਫਰਵਰੀ
ਕਾਂਗਰਸ ਨੇ ‘ਦਿੱਲੀ ਚਲੋ’ ਮਾਰਚ ਲਈ ਨਿਕਲੇ ਕਿਸਾਨਾਂ ਨੂੰ ਰੋਕਣ ਲਈ ਕੇਂਦਰ ਤੇ ਭਾਜਪਾ ਸ਼ਾਸਿਤ ਰਾਜਾਂ ਦੀਆਂ ਸਰਕਾਰਾਂ ਦੀ ਨਿਖੇਧੀ ਕੀਤੀ ਹੈ। ਕਾਂਗਰਸ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਕੇਂਦਰ ਵਿਚ ਇੰਡੀਆ ਗੱਠਜੋੜ ਦੀ ਸਰਕਾਰ ਬਣੀ ਤਾਂ ਉਨ੍ਹਾਂ ਦੀਆਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰ ਅਹਿਮ ਮੰਗਾਂ ਮੰਨੀਆਂ ਜਾਣਗੀਆਂ। ਵਿਰੋਧੀ ਪਾਰਟੀ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ ਤੇ ਉਨ੍ਹਾਂ ਨੂੰ ਨਿਆਂ ਮੁਹੱਈਆ ਕਰਵਾਉਣ।
ਰਾਹੁਲ ਗਾਂਧੀ ਨੇ ਹਿੰਦੀ ਵਿਚ ਇਕ ਪੋਸਟ ’ਚ ਕਿਹਾ, ‘‘ਕਿਸਾਨ ਭਰਾਵੋ, ਅੱਜ ਇਤਿਹਾਸਕ ਦਿਨ ਹੈ! ਕਾਂਗਰਸ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਹਰੇਕ ਕਿਸਾਨ ਨੂੰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ਦਾ ਫੈਸਲਾ ਕੀਤਾ ਹੈ। ਇਸ ਪੇਸ਼ਕਦਮੀ ਨਾਲ ਕਿਸਾਨਾਂ ਦੀ ਖ਼ੁਸ਼ਹਾਲੀ ਯਕੀਨੀ ਬਣੇਗੀ ਤੇ 15 ਕਰੋੜ ਕਿਸਾਨ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਦਲ ਜਾਣਗੀਆਂ। ਨਿਆਂ ਦੇ ਰਾਹ ’ਤੇ ਤੁਰੀ ਕਾਂਗਰਸ ਦੀ ਇਹ ਪਹਿਲੀ ਗਾਰੰਟੀ ਹੈ।
ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੋਦੀ ਸਰਕਾਰ ’ਤੇ ਕਿਸਾਨਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਲਾਇਆ ਹੈ। ਖੜਗੇ ਨੇ ਛੱਤੀਸਗੜ੍ਹ ਦੇ ਅੰਬਿਕਾਪੁਰ ਵਿਚ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਕਿਹਾ, ‘‘ਜੇਕਰ ਕਾਂਗਰਸ (ਲੋਕ ਸਭਾ ਚੋਣਾਂ ਮਗਰੋਂ) ਕੇਂਦਰ ਦੀ ਸੱਤਾ ਵਿਚ ਆਈ ਤਾਂ ਉਹ ਕਿਸਾਨਾਂ ਦੇ ਹਿੱਤ ਵਿੱਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਏਗੀ। ਇਹ ਸਾਡੀ ਪਹਿਲੀ ਗਾਰੰਟੀ ਹੈ।’’ ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦੀ ਹੈ ਅਤੇ ਅਥਾਰਿਟੀਜ਼ ਦੇ ਦਿੱਲੀ ਨੂੰ ‘ਪੁਲੀਸ ਛਾਉਣੀ’ ਵਿਚ ਤਬਦੀਲ ਕਰਨ ਤੇ ਬੈਰੀਕੇਡਿੰਗ ਕਰਕੇ ਅਪਣਾਏ ‘ਤਾਨਾਸ਼ਾਹੀ’ ਵਤੀਰੇ ’ਤੇ ਸਵਾਲ ਉਠਾਉਂਦੀ ਹੈ। ਸੁਰਜੇਵਾਲਾ ਨੇ ਦਿੱਲੀ ਦੀਆਂ ਸਰਹੱਦਾਂ ਦੀ ਕਿਲੇਬੰਦੀ ਦੇ ਹਵਾਲੇ ਨਾਲ ਕਿਹਾ ਕੀ ਕੇਂਦਰ ਸਰਕਾਰ ਇਸ ਨੂੰ ਕਿਸੇ ਬਾਹਰੀ ਮੁਲਕ ਦਾ ਹਮਲਾ ਸਮਝ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਉਨ੍ਹਾਂ ਨਾਲ ਦੋ ਸਾਲ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਹੀ ਕਰ ਰਹੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ‘ਇਹ ਤਾਂ ਅਜੇ ਸ਼ੁਰੂਆਤ’ ਹੈ ਕਿਉਂਕਿ ਹਾਲ ਦੀ ਘੜੀ ਅੰਦੋਲਨ ਵਿਚ ਸਿਰਫ਼ ਹਰਿਆਣਾ ਤੇ ਪੰਜਾਬ ਦੇ ਕਿਸਾਨ ਹੀ ਸ਼ਾਮਲ ਹਨ ਅਤੇ ਜਲਦੀ ਹੀ ਪੂਰੇ ਦੇਸ਼ ਤੋਂ ਕਿਸਾਨ ਇਸ ਵਿਚ ਹਿੱਸਾ ਪਾਉਣਗੇ। ਖੜਗੇ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਕੰਡਿਆਲੀਆਂ ਤਾਰਾਂ, ਡਰੋਨਾਂ ਤੋਂ ਅੱਥਰੂ ਗੈਸ ਦੇ ਗੋਲੇ, ਕਿੱਲਾਂ ਤੇ ਬੰਦੂਕਾਂ...ਹਰੇਕ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਤਾਨਾਸ਼ਾਹੀ ਮੋਦੀ ਸਰਕਾਰ ਕਿਸਾਨਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ।’’ ਕਾਂਗਰਸ ਪ੍ਰਧਾਨ ਨੇ ਹਿੰਦੀ ਵਿਚ ਇਕ ਪੋਸਟ ’ਚ ਕਿਹਾ, ‘‘ਯਾਦ ਕਰੋ ਕਿ ਕਿਵੇਂ ਕਿਸਾਨਾਂ ਨੂੰ ‘ਅੰਦੋਲਨਜੀਵੀ’ ਤੇ ‘ਪਰਜੀਵੀ’ ਦੱਸ ਕੇ ਬਦਨਾਮ ਕੀਤਾ ਗਿਆ ਅਤੇ 750 ਕਿਸਾਨਾਂ ਦੀ ਜਾਨ ਜਾਂਦੀ ਰਹੀ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇ ਤਿੰਨ ਵਾਅਦੇ ‘ਤੋੜੇ’। ਖੜਗੇ ਨੇ ਕਿਸਾਨਾਂ ਨੂੰ ਮੁਕੰਮਲ ਹਮਾਇਤ ਦਾ ਐਲਾਨ ਕਰਦਿਆਂ ਕਿਹਾ, ‘‘ਅਸੀਂ ਡਰਨ ਵਾਲੇ ਨਹੀਂ ਤੇ ਨਾ ਹੀ ਝੁਕਾਂਗੇ।’’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement