ਕਿਸਾਨਾਂ ਨੇ ਟੌਲ ਪਲਾਜ਼ੇ ਪਰਚੀ ਮੁਕਤ ਕਰਾਏ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 21 ਫਰਵਰੀ
ਸੰਯੁਕਤ ਕਿਸਾਨ ਮੋੋਰਚੇ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਅਤੇ ਟੌਲ ਪਲਾਜ਼ਿਆਂ ’ਤੇ ਤਿੰਨ ਦਿਨ ਦੇ ਧਰਨੇ ਦੇ ਸੱਦੇ ਦੇ ਮੱਦੇਨਜ਼ਰ ਬੱਛੂਆਂ ਟੌਲ ਪਲਾਜ਼ੇ ’ਤੇ ਅੱਜ ਦੂਜੇ ਦਿਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਧਰਨਾ ਦੇ ਕੇ ਟੌਲ ਪਲਾਜ਼ਾ ਟੌਲ ਮੁਕਤ ਕਰੀ ਰੱਖਿਆ। ਅੱਜ ਦੇ ਇਸ ਐਕਸ਼ਨ ਵਿੱਚ ਅਵਤਾਰ ਸਿੰਘ ਸਾਧੜਾ, ਅਵਤਾਰ ਸਿੰਘ ਤਾਰੀ, ਕਰਨ ਸਿੰਘ ਰਾਣਾ,ਕਰਨੈਲ ਸਿੰਘ ਭੱਲਾ, ਹਰਪਾਲ ਸਿੰਘ ਮੱਕੋਵਾਲ, ਸੁਰਿੰਦਰ ਸਿੰਘ ਬੈਂਸ, ਬਲਬੀਰ ਸਿੰਘ ਜਾਡਲਾ ਅਤੇ ਨਿਰਮਲ ਜੰਡੀ ਆਦਿ ਆਗੂਆਂ ਨੇ ਹਿੱਸਾ ਲਿਆ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ, ਜਦੋਂ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਸਨ ਤਾਂ ਉਨ੍ਹਾਂ ’ਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ, ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਜੋ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਦਿੱਤੀ ਜਾਵੇ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਅਤੇ ਖੇਤੀ ਨੂੰ ਪ੍ਰਦੂਸ਼ਣ ਤੋਂ ਬਾਹਰ ਰੱਖਿਆ ਜਾਵੇ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਕਿਸਾਨ ਜਥੇਬੰਦੀਆਂ ਵੱਲੋਂ ਅੱਜ ਛੇਵੇਂ ਦਿਨ ਵੀ ਚੱਕ ਬਾਹਮਣੀਆਂ ਟੌਲ ਪਲਾਜ਼ੇ ਤੋਂ ਵਾਹਨ ਮੁਫ਼ਤ ਲੰਘਾਏ ਗਏ। ਅੱਜ ਦੇ ਧਰਨੇ ਨੂੰ ਬੀ.ਕੇ.ਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ, ਸਕੱਤਰ ਗੁਰਚਰਨ ਸਿੰਘ ਚਾਹਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਕੁਲਜੀਤ ਭੋਲਾ ਤੇ ਬਲਾਕ ਪ੍ਰਧਾਨ ਸੀਰਜ ਸਿੰਘ ਆਦਿ ਨੇ ਸੰਬੋਧਨ ਕੀਤਾ।
ਤਰਨ ਤਾਰਨ (ਗੁਰਬਖਸ਼ਪੁਰੀ): ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਕਿਸਾਨ ਧਿਰਾਂ ਵਲੋਂ ਅੱਜ ਵੀ ਜ਼ਿਲ੍ਹੇ ਅੰਦਰ ਤਿੰਨ ਟੌਲ ਪਾਲਾਜ਼ਿਆਂ ਉਸਮਾਂ, ਮੰਨਣ ਅਤੇ ਭੱਗੂਪੁਰ ’ਤੇ ਧਰਨੇ ਦੇ ਕੇ ਵਾਹਨਾਂ ਨੂੰ ਮੁਫ਼ਤ ਲੰਘਾਇਆ ਗਿਆ ਅਤੇ ਤਰਨ ਤਾਰਨ ਸ਼ਹਿਰ ਵਿੱਚ ਭਾਜਪਾ ਦੇ ਜ਼ਿਲ੍ਹਾ ਦਫਤਰ ਸਾਹਮਣੇ ਧਰਨਾ ਦਿੱਤਾ| ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਦਫਤਰ ਸਾਹਮਣੇ ਧਰਨਾਕਾਰੀਆਂ ਨੂੰ ਕਿਸਾਨ ਆਗੂ ਹਰਜੀਤ ਸਿੰਘ ਰਵੀ, ਨਛੱਤਰ ਸਿੰਘ ਤੇ ਮਨਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।