ਕਿਸਾਨਾਂ ਨੇ ਮਾਰਕੀਟ ਕਮੇਟੀ ਦਫ਼ਤਰ ਨੂੰ ਤਾਲਾ ਜੜਿਆ
ਪੱਤਰ ਪ੍ਰੇਰਕ
ਖਰੜ, 18 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਖਰੜ ਅਨਾਜ ਮੰਡੀ ਇਲਾਕੇ ਦੇ ਕਿਸਾਨਾਂ ਦਾ ਇਕੱਠ ਕੀਤਾ ਗਿਆ ਅਤੇ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਉਨ੍ਹਾਂ ਰੋਸ ਵਜੋਂ ਮਾਰਕੀਟ ਕਮੇਟੀ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ। ਯੂਨੀਅਨ ਦੇ ਆਗੂ ਮੇਹਰ ਸਿੰਘ ਥੇੜੀ ਨੇ ਕਿਹਾ ਕਿ ਕਿਸਾਨ ਪਿਛਲੇ 18 ਦਿਨਾਂ ਤੋਂ ਮੰਡੀਆਂ ਵਿਚ ਰੁਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਖਰੀਦੇ ਝੋਨੇ ਦੀ ਲਿਫਟਿੰਗ ਨਹੀਂ ਹੋਈ। ਮੰਡੀ ਦੇ ਸਾਰੇ ਸ਼ੈੱਡ ਖ਼ਰੀਦੇ ਹੋਏ ਝੋਨੇ ਨਾਲ ਭਰੇ ਪਏ ਹਨ। ਕਿਸਾਨਾਂ ਦਾ ਝੋਨਾ ਸੜਕਾਂ ’ਤੇ ਰੁਲ ਰਿਹਾ ਹੈ। ਚਿੰਤਤ ਕਿਸਾਨ ਝੋਨੇ ਨੂੰ ਵੱਢ ਵੀ ਨਹੀਂ ਰਹੇ ਕਿਉਂਕਿ ਪਹਿਲਾਂ ਵੱਢਿਆ ਝੋਨਾ ਵਿਕ ਨਹੀਂ ਰਿਹਾ। ਖੇਤਾਂ ਵਿਚ ਪੱਕ ਕੇ ਝੋਨਾ ਝੜ ਰਿਹਾ ਹੈ ਜਿਸ ਨਾਲ ਕਿਸਾਨ ਘਾਟੇ ਵਿਚ ਆ ਜਾਣਗੇ ਅਤੇ ਇਸ ਸਾਲ ਕਣਕ ਦੀ ਬਿਜਾਈ ਵੀ ਪੱਛੜ ਜਾਵੇਗੀ। ਉਨ੍ਹਾਂ ਕਿਹਾ ਕਿ ਹਾੜ੍ਹੀ ਦੀਆਂ ਫ਼ਸਲਾਂ ਲਈ ਸਰਕਾਰ ਵੱਲੋਂ ਅਜੇ ਤੱਕ ਡੀਏਪੀ ਖਾਦ ਦਾ ਕੋਈ ਬੰਦੋਬਸਤ ਨਹੀਂ ਕੀਤਾ ਗਿਆ। ਸਹਿਕਾਰੀ ਸਭਾਵਾਂ ਵਿਚ ਡੀਏਪੀ ਖਾਦ ਉਪਲੱਬਧ ਨਹੀਂ ਹੈ।
ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਵੇਦਨਸ਼ੀਲ ਮੁੱਦੇ ’ਤੇ ਚੁੱਪ ਧਾਰੀ ਹੋਈ ਹੈ। ਉਹ ਸਰਕਾਰ ਚਲਾਉਣ ’ਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਯੋਗ ਵਿਅਕਤੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦਾ ਕੰਮ ਚਲਾਉਣਾ ਚਾਹੀਦਾ ਹੈ।