ਮਾਈਕ੍ਰੋਫਾਇਨਾਂਸ ਕੰਪਨੀਆਂ ਦੀ ਧੱਕੇਸ਼ਾਹੀ ਵਿਰੁੱਧ ਡਟੇ ਕਿਸਾਨ-ਮਜ਼ਦੂਰ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਅਗਸਤ
ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਫ਼ਦ ਵੱਲੋਂ ਅੱਜ ਵਧੀਕ ਡਿਪਟੀ ਕਮਿ਼ਸ਼ਨਰ ਸ੍ਰੀ ਮੁਕਤਸਰ ਸਾਹਿਬ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਮਾਈਕ੍ਰੋਫਾਇਨਾਂਸ ਕੰਪਨੀਆਂ ਦੇ ਕਰਿੰਦੇ ਕਿਸ਼ਤਾਂ ਦੀ ਉਗਰਾਹੀ ਲਈ ਗਰੀਬ ਪਰਿਵਾਰਾਂ ਦੇ ਘਰਾਂ ’ਚ ਦਾ਼ਖਲ ਕੇ ਧਮਕੀਆਂ ਦਿੰਦੇ ਹਨ ਕਿ ਜੇਕਰ ਉਨ੍ਹਾਂ ਨੇ ਕਿਸ਼ਤ ਨਾ ਭਰੀ ਤਾਂ ਉਹ ਉਨ੍ਹਾਂ ਨੂੰ ਘਰੋਂ ਚੁੱਕ ਕੇ ਲੈ ਜਾਣਗੇ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਮਾੜੀ ਸ਼ਬਦਾਵਲੀ ਬੋਲ ਕੇ ਜ਼ਲੀਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਿਸ਼ਤਾਂ ਭਰਨ ਤੋਂ ਅਸਮਰੱਥ ਪਰਿਵਾਰ ਮਾਨਸਿਕ ਪ੍ਰੇਸ਼ਾਨੀ ’ਚੋਂ ਲੰਘ ਰਹੇ ਹਨ। ਉਨ੍ਹਾਂ ਦੱਸਿਆ ਕਿ ਤੰਗੀ ਤੁਰਸ਼ੀ ਜਾਂ ਕਿਸੇ ਬਿਮਾਰੀ ਦੀ ਵਜ੍ਹਾ ਕਾਰਨ ਜੇਕਰ ਕਿਸ਼ਤ ਨਹੀਂ ਭਰੀ ਜਾਂਦੀ ਤਾਂ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਕੁਝ ਪਰਿਵਾਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਉਨ੍ਹਾਂ ਪਿੰਡ ਫਤੂਹੀਵਾਲਾ ਤੇ ਕੋਟਲੀ ਸੰਘਰ ਦੇ ਦੋ ਗਰੀਬ ਪਰਿਵਾਰਾਂ ਦਾ ਮਾਮਲਾ ਏਡੀਸੀ ਦੇ ਧਿਆਨ ’ਚ ਲਿਆਉਂਦਿਆਂ ਦੱਸਿਆ ਕਿ ਪਿੰਡ ਫਤੂਹੀਵਾਲਾ ’ਚ ਕੰਪਨੀ ਦੇ ਕਰਿੰਦਿਆਂ ਅਤੇ ਆਪਣੇ-ਆਪ ਨੂੰ ਮੈਨੇਜਰ ਅਖਵਾਉਂਦੇ ਵਿਅਕਤੀ ਵੱਲੋਂ ਘਰ ਅੰਦਰ ਦਾਖ਼ਲ ਹੋ ਕੇ ਪਰਿਵਾਰ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਕਿ ਜਦੋਂ ਤੱਕ ਕਿਸ਼ਤ ਨਹੀਂ ਦਿੰਦੇ ਉਹ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦੇਵਾਂਗਾ। ਇਸੇ ਤਰ੍ਹਾਂ ਪਿੰਡ ਕੋਟਲੀ ਸੰਘਰ ’ਚ ਕੰਪਨੀ ਦੇ ਕਰਿੰਦਿਆਂ ਤੇ ਆਪਣੇ-ਆਪ ਨੂੰ ਮੈਨੇਜਰ ਅਖਵਾਉਂਦੇ ਵਿਅਕਤੀ ਵੱਲੋਂ ਘਰ ’ਚ ਦਾਖਲ ਹੋ ਕੇ ਪਰਿਵਾਰ ਨਾਲ ਗਾਲੀ ਗਲੋਚ ਕਰਦਿਆਂ ਘਰੋਂ ਚੁੱਕਣ ਦੀਆਂ ਧਮਕੀਆਂ ਦਿੱਤੀਆਂ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਮਾਈਕ੍ਰੋਫਾਇਨਾਂਸ ਕੰਪਨੀਆਂ ਦੇ ਅਜਿਹੇ ਵਰਤਾਰੇ ਨੂੰ ਰੋਕਿਆ ਜਾਵੇ ਅਤੇ ਧਮਕੀਆਂ ਦੇਣ ਵਾਲੇ ਕਰਿੰਦਿਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ।