ਕਿਸਾਨਾਂ ਨੇ ਤਿੰਨ ਘੰਟੇ ਸੜਕਾਂ ’ਤੇ ਲਾਇਆ ਜਾਮ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸੰਯੁਕਤ ਕਿਸਾਨ ਮੋਰਚਾ ਲਹਿਰਾਗਾਗਾ, ਆੜ੍ਹਤੀਆ ਐਸੋਸੀਏਸ਼ਨ, ਸਮੂਹ ਸ਼ੈਲਰ ਐਸੋਸੀਏਸ਼ਨ ਵੱਲੋਂ ਝੋਨੇ ਦੀ ਖਰੀਦ ਅਤੇ ਸ਼ੈਲਰਾਂ ਵਿੱਚ ਪਏ ਸਟਾਕ ਨੂੰ ਖਾਲੀ ਕਰਨ ਜਿਹੇ ਮੁੱਦਿਆਂ ਨੂੰ ਲੈ ਕੇ ਤਿੰਨ ਘੰਟੇ ਲਈ ਲਹਿਰਾਗਾਗਾ-ਪਾਤੜਾਂ -ਜਾਖਲ ਸੜਕ ’ਤੇ ਆਵਾਜਾਈ ਠੱਪ ਕੀਤੀ ਗਈ। ਇਥੇ ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਆਗੂ ਸਤਵੰਤ ਸਿੰਘ ਖੰਡੇਬਾਦ, ਪੰਜਾਬ ਕਿਸਾਨ ਯੂਨੀਅਨ ਆਗੂ ਬਲਬੀਰ ਸਿੰਘ ਜਲੂਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਆਗੂ ਲਛਮਣ ਸਿੰਘ ਅਲੀਸ਼ੇਰ, ਬੀਕੇਯੂ ਰਾਜੇਵਾਲ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਘੋੜੇਨਾਬ , ਖੇਤੀਬਾੜੀ ਵਿਕਾਸ ਵਾਰੰਟ ਦੇ ਆਗੂ ਮਹਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਮੰਡੀਆਂ ’ਚ ਖੱਜਲ ਖੁਆਰੀ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਇਸ ਵਾਰ ਝੋਨੇ ਨੂੰ ਮੰਡੀਆਂ ਵਿੱਚ ਰੋਲਣਾ ਚਾਹੁੰਦੀ ਸੀ ਇਸੇ ਕਰਕੇ ਪਿਛਲੇ ਸਾਲ ਦਾ ਸਟੋਕ ਸ਼ੈਲਰਾਂ ਵਿੱਚੋਂ ਨਹੀਂ ਚੁੱਕਿਆ ਗਿਆ ਤੇ ਨਵੀਂ ਫਸਲ ਲਈ ਜਗ੍ਹਾ ਦੀ ਸਮੱਸਿਆ ਬਣੀ ਹੋਈ ਹੈ। ਇਸ ਮੌਕੇ ਜਗਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਜਮੂਹਰੀ ਅਧਿਕਾਰ ਸਭਾ ਸੰਗਰੂਰ , ਮਾਸਟਰ ਰਘਬੀਰ ਸਿੰਘ ਜਮਹੂਰੀ ਅਧਿਕਾਰ ਸਭਾ ,ਪੂਰਨ ਸਿੰਘ ਖਾਈ ਲੋਕ ਚੇਤਨਾ ਮੰਚ ਹਾਜ਼ਰ ਸਨ।