ਕਿਸਾਨਾਂ ਵੱਲੋਂ ਪਟਿਆਲਾ-ਪਿਹੋਵਾ ਮਾਰਗ ’ਤੇ ਜਾਮ
ਸਰਬਜੀਤ ਸਿੰਘ ਭੰਗੂ/ਮੁਖਤਿਆਰ ਸਿੰਘ ਨੌਗਾਵਾਂ
ਭੁਨਰਹੇੜੀ (ਸਨੌਰ)/ਦੇਵੀਗੜ੍ਹ, 5 ਅਕਤੂਬਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਮਹਿਮੂਦਪੁਰ ਦੀ ਅਗਵਾਈ ਹੇਠ ਪਟਿਆਲਾ-ਪਿਹੋਵਾ ਰਾਜ ਮਾਰਗ ’ਤੇ ਭੁੰਨਰਹੇੜੀ ਵਿੱਚ ਜਾਮ ਲਗਾਇਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਜੇ ਸਰਕਾਰ ਦਾ ਕਿਸਾਨਾਂ ਪ੍ਰਤੀ ਇਹੀ ਰਵੱਈਆ ਰਿਹਾ ਤਾਂ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।
ਇਸ ਧਰਨੇ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰੀ ਬੋਲੀ ਕੱਲ ਸ਼ਾਮ ਤੱਕ ਹਰ ਹੀਲੇ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਧਾਨ ਲਾਲੀ ਨੇ ਕਿਹਾ ਕਿ ਜੇ ਸੂਬਾ ਸਰਕਾਰ ਨੇ ਕਿਸਾਨਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਕੱਲ੍ਹ ਤੋਂ ਬਾਅਦ ਪੱਕੇ ਤੌਰ ’ਤੇ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ 5-6 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ, ਜਿਸ ਦੀ ਸਾਰ ਨਾ ਤਾਂ ਕੇਂਦਰ ਅਤੇ ਨਾ ਹੀ ਸੂਬਾ ਸਰਕਾਰ ਲੈ ਰਹੀ ਹੈ। ਅੱਜ ਦੇ ਇਸ ਧਰਨੇ ਮੌਕੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਕੁਲਵੰਤ ਸਿੰਘ ਸਫੇੜਾ, ਸ਼ਿੰਗਾਰਾ ਸਿੰਘ ਡਕਾਲਾ, ਗੁਰਦੀਪ ਸਿੰਘ ਮਰਦਾਂਹੇੜੀ, ਦਵਿੰਦਰ ਸਿੰਘ ਬਿੱਟੂ ਸੁਨਿਆਰਹੇੜੀ, ਸ਼ਮਸ਼ੇਰ ਸਿੰਘ ਡੰਡੋਆ, ਰਣਜੀਤ ਸਿੰਘ ਜਾਫਰਪੁਰ, ਦੀਦਾਰ ਸਿੰਘ ਹਰੀਗੜ੍ਹ, ਦਲਵੀਰ ਸਿੰਘ ਪੱਤੀ ਕਰਤਾਰਪੁਰ, ਬਲਵਿੰਦਰ ਸਿੰਘ ਦੁੜਦ, ਮੇਜਰ ਸਿੰਘ ਦੁੜਦ, ਰਾਜਿੰਦਰ ਸਿੰਘ ਮਹਿਮੁਦਪੁਰ, ਜਗਜੀਤ ਸਿੰਘ ਮਹਿਮੁਦਪੁਰ, ਵਿਕੀ ਭੁੱਨਰਹੇੜੀ, ਸੋਨੀ ਭੁੱਨਰਹੇੜੀ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਮੌਜੂਦ ਸਨ।