ਖਾਦ ਨਾ ਮਿਲਣ ’ਤੇ ਕਿਸਾਨ ਔਖੇ
ਪੱਤਰ ਪ੍ਰੇਰਕ
ਕੁਰਾਲੀ, 6 ਅਗਸਤ
ਇਲਾਕੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਖਾਦ ਸਪਲਾਈ ਨਾ ਪੁੱਜਣ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਲੋਕ ਹਿੱਤ ਮਿਸ਼ਨ ਨੇ ਮਾਰਕਫੈੱਡ ਖ਼ਿਲਾਫ਼ ਧਰਨੇ ਦੀ ਚਿਤਾਵਨੀ ਦਿੱਤੀ ਹੈ। ਮਿਸ਼ਨ ਦੇ ਗੁਰਮੀਤ ਸਿੰਘ ਸ਼ਾਂਟੂ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜ਼ਰਾਬਾਦ ਤੇ ਸਰਪੰਚ ਹਰਜੀਤ ਸਿੰਘ ਢਕੋਰਾਂ ਨੇ ਦੱਸਿਆ ਕਿ ਮਾਰਕਫੈੱਡ ਵੱਲੋਂ ਸਹਿਕਾਰੀ ਸਭਾਵਾਂ ਵਿੱਚ ਖ਼ਾਦ ਦੀ ਸਪਲਾਈ ਰੋਕ ਕੇ ਸਿਰਫ਼ ਮੁਹਾਲੀ ਨੇੜੇ ਭਾਗੋਮਾਜਰਾ ਵਿੱਚ ਹੀ ਸਾਰੀ ਖ਼ਾਦ ਭੰਡਾਰ ਕਰ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਉਥੋਂ ਜਾ ਕੇ ਖ਼ਾਦ ਲਿਆਉਣੀ ਪੈ ਰਹੀ ਹੈ। ਮਾਜਰੀ ਬਲਾਕ ਅਧੀਨ ਕਿਸੇ ਵੀ ਸਹਿਕਾਰੀ ਸਭਾ ਵਿੱਚ ਖ਼ਾਦ ਨਾ ਪੁੱਜਣ ਕਾਰਨ ਝੋਨੇ ਤੇ ਮੱਕੀ ਦੀ ਫ਼ਸਲ ਬਰਬਾਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਭਾਵਾਂ ’ਚ ਖ਼ਾਦ ਦੀ ਸਪਲਾਈ ਨਾ ਭੇਜੀ ਗਈ ਤਾਂ ਮਿਸ਼ਨ ਕਿਸਾਨਾਂ ਸਮੇਤ ਰਾਜਪੁਰਾ ਤੋਂ ਜਾਣ ਵਾਲੇ ਰੈਕ ਦਾ ਘਿਰਾਓ ਕਰੇਗਾ। ਸਿਆਲਬਾ ਸਭਾ ਦੇ ਸਕੱਤਰ ਜਸਵੀਰ ਸਿੰਘ, ਕੰਸਾਲਾ ਦੇ ਸਚਿਨ ਗੌਤਮ, ਮਾਣਕਪੁਰ ਦੇ ਮਾਨ ਸਿੰਘ, ਮੀਆਂਪੁਰ ਦੇ ਇਕਬਾਲ ਸਿੰਘ ਤੇ ਗੁਨੋਮਾਜਰਾ ਦੀ ਸਕੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਰਾਜਪੁਰਾ ਤੋਂ 30 ਕਿਲੋਮੀਟਰ ਤੋਂ ਵੱਧ ਖੇਤਰ ’ਚ ਖਾਦ ਨਹੀਂ ਭੇਜ ਸਕਦੇ। ਇਸ ਲਈ ਉਨ੍ਹਾਂ ਨੂੰ ਖੁਦ ਪ੍ਰਬੰਧ ਕਰਨੇ ਪੈਣਗੇ। ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਡੀਆਰ ਮੁਹਾਲੀ ਨੇ ਕਿਹਾ ਕਿ ਉਹ ਮਾਰਕਫੈੱਡ ਨਾਲ ਗੱਲ ਕਰਕੇ ਮਸਲਾ ਹੱਲ ਕਰਵਾਉਣਗੇ।