ਭਗਵਾਪੁਰਾ ਸ਼ੂਗਰ ਮਿੱਲ ਚਲਵਾਉਣ ਲਈ ਸੰਘਰਸ਼ ਦੇ ਰੌਂਅ ’ਚ ਕਿਸਾਨ
ਬੀਰਬਲ ਰਿਸ਼ੀ
ਧੂਰੀ, 20 ਮਾਰਚ
ਧੂਰੀ ਦੀ ਭਗਵਾਨਪੁਰਾ ਸ਼ੂਗਰ ਮਿੱਲ ਬੰਦ ਹੋਣ ਕਾਰਨ ਕਿਸਾਨ ਧਿਰਾਂ ਦਾ ਆਰੰਭਿਆ ਸੰਘਰਸ਼ ਮੁੜ ਭਖਣ ਦੇ ਆਸਾਰ ਹਨ। ਤਾਜ਼ਾ ਪ੍ਰਸਥਿਤੀਆਂ ਵਿੱਚ ਜਿੱਥੇ ਗੰਨਾ ਸੰਘਰਸ਼ ਕਮੇਟੀ ਇਸ ਮਿੱਲ ਦੀ ਲੜਾਈ ਦੀ ਵਿਉਂਤਬੰਦੀ ਦੇ ਸੰਕੇਤ ਦੇ ਚੁੱਕੀ ਹੈ ਉਥੇ ਇਸ ਮਾਮਲੇ ’ਤੇ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਵੀ ਸਮੀਖਿਆ ਮੀਟਿੰਗ ਕਰਨ ਦੇ ਰੌਂਅ ’ਚ ਹਨ।
ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਉਨ੍ਹਾਂ ਮੂਲੋਵਾਲ ਵਿੱਚ ਮੁੱਖ ਮੰਤਰੀ ਦੇ ਓਐੱਸਡੀ ਨਾਲ ਗੰਨਾ ਮਿੱਲ ਮੁੜ ਚਲਾਉਣ ਦੀ ਗੱਲਬਾਤ ਕੀਤੀ ਪਰ ਸੰਘਰਸ਼ ਬਗ਼ੈਰ ਹੱਲ ਨਿਕਲਦਾ ਦਿਖਾਈ ਨਹੀਂ ਦਿੱਤਾ। ਪੀਏਡੀਬੀ ਧੂਰੀ ਦੇ ਚੇਅਰਮੈਨ ਸਤਵੰਤ ਸਿੰਘ ਗਿੱਲ ਨੇ ਦੱਸਿਆ ਕਿ ਕੁਲਦੀਪ ਸਿੰਘ ਮਾਣਾ ਸਮੇਤ ਉਹ ਮੁੱਖ ਮੰਤਰੀ ਦੇ ਓਐੱਸਡੀ ਨੂੰ ਗੈਸਟ ਹਾਊਸ ਬੱਬਨਪੁਰ ਵਿੱਚ ਮਿਲੇ ਸੀ ਅਤੇ ਗੰਨਾ ਮਿੱਲ ਧੂਰੀ ਨੂੰ ਚਾਲੂ ਕਰਵਾਏ ਜਾਣ ਅਤੇ ਇਸ ਮਾਮਲੇ ’ਤੇ ਮੁੱਖ ਮੰਤਰੀ ਨਾਲ ਕਿਸਾਨ ਵਫ਼ਦ ਦੀ ਮੀਟਿੰਗ ਦੀ ਜ਼ੋਰਦਾਰ ਮੰਗ ਉਠਾਈ ਸੀ। ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕਿਸਾਨ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਸੰਘਰਸ਼ ਛੇੜਨ ਦਾ ਸੱਦਾ ਦਿੱਤਾ।
ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨਾਲ ਛੇਤੀ ਹੀ ਸਮੀਖਿਆ ਮੀਟਿੰਗ ਕਰਕੇ ਮਸ਼ਵਰੇ ਮਗਰੋਂ ਅਗਲੀ ਵਿਉਂਤਬੰਦੀ ਕੀਤੀ ਜਾਵੇਗੀ। ਬੀਕੇਯੂ ਏਕਤਾ ਉਗਰਾਹਾਂ ਦੇ ਹਰਪਾਲ ਸਿੰਘ ਪੇਧਨੀ ਨੇ ਵੀ ਗੰਨਾ ਮਿੱਲ ਦੇ ਮੁੜ ਚੱਲਣ ਦੀ ਪੈਰਵੀ ਕੀਤੀ।
ਮਿੱਲ ਚਲਾਉਣ ਲਈ ਸਰਕਾਰ ਵੱਲੋਂ ਕੋਸ਼ਿਸ਼ ਜਾਰੀ: ਢਿੱਲੋਂ
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਬਕਾਇਆ ਅਦਾਇਗੀਆਂ ਕਰਵਾਈਆਂ ਜਿਸ ਤੋਂ ਖਫ਼ਾ ਪ੍ਰਾਈਵੇਟ ਮਿੱਲ ਮਾਲਕ ਹੁਣ ਮਿੱਲ ਨਾ ਚਲਾਉਣ ਦੀ ਜ਼ਿੱਦ ’ਤੇ ਉਤਾਰੂ ਹੈ। ਫਿਰ ਵੀ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ।