For the best experience, open
https://m.punjabitribuneonline.com
on your mobile browser.
Advertisement

ਮੋਗਾ ਵਿੱਚ ਕਿਸਾਨਾਂ ਨੇ ਹੰਸ ਰਾਜ ਹੰਸ ਨੂੰ ਕਾਲੀਆਂ ਝੰਡੀਆਂ ਦਿਖਾਈਆਂ

08:58 AM Apr 06, 2024 IST
ਮੋਗਾ ਵਿੱਚ ਕਿਸਾਨਾਂ ਨੇ ਹੰਸ ਰਾਜ ਹੰਸ ਨੂੰ ਕਾਲੀਆਂ ਝੰਡੀਆਂ ਦਿਖਾਈਆਂ
ਮੋਗਾ ਵਿੱਚ ਹੰਸ ਰਾਜ ਹੰਸ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਕਿਸਾਨ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਅਪਰੈਲ
ਕਿਸਾਨਾਂ ਨੇ ਭਾਜਪਾ ਦੇ ਫਰੀਦਕੋਟ ਹਲਕੇ ਤੋਂ ਉਮੀਦਵਾਰ ਹੰਸ ਰਾਜ ਹੰਸ ਦਾ ਅੱਜ ਇਥੇ ਪਹੁੰਚਣ ’ਤੇ ਵਿਰੋਧ ਕੀਤਾ। ਇਸ ਤੋਂ ਪਹਿਲਾਂ ਕਿਸਾਨਾਂ ਨੇ ਫਰੀਦਕੋਟ ਵਿੱਚ ਵੀ ਭਾਜਪਾ ਉਮੀਦਵਾਰ ਨੂੰ ਕਿਸਾਨੀ ਮੰਗਾਂ ਸਬੰਧੀ ਕਾਲੀਆਂ ਝੰਡੀਆਂ ਦਿਖਾਈਆਂ ਸਨ। ਅੱਜ ਪਹਿਲੀ ਵਾਰ ਹੰਸ ਰਾਜ ਹੰਸ ਇਥੇ ਕਾਫਲੇ ਦੇ ਰੂਪ ਵਿੱਚ ਪੁੱਜੇ। ਇਸ ਮੌਕੇ ਜਦੋਂ ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਨੇ ਭਾਜਪਾ ਉਮੀਦਵਾਰ ਦੀ ਪਲੇਠੀ ਫੇਰੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਤਾਂ ਅੱਗਿਓਂ ਹੰਸ ਰਾਜ ਨੇ ਕਿਸਾਨਾ ’ਤੇ ਫੁੱਲਾਂ ਦੀ ਵਰਖਾ ਕਰ ਦਿੱਤੀ। ਉਨ੍ਹਾਂ ਨੇ ਧਾਰਮਿਕ ਸਥਾਨਾਂ ਉੱਤੇ ਮੱਥਾ ਟੇਕਣ ਮਗਰੋਂ ਵਰਕਰਾਂ ਦੀ ਮੀਟਿੰਗ ਦੌਰਾਨ ਸੂਫੀਆਨਾ ਅੰਦਾਜ਼ ਵਿੱਚ ਰੰਗ ਬੰਨ੍ਹਿਆ। ਇਸ ਮੌਕੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪੱਤਰਕਾਰਾਂ ਵੱਲੋਂ ਕਿਸਾਨਾਂ ਦੇ ਵਿਰੋਧ ਸਬੰਧੀ ਪੁੱਛੇ ਸਵਾਲ ’ਤੇ ਹੰਸ ਰਾਜ ਹੰਸ ਨੇ ਕਿਹਾ ਕਿ ਉਹ ਇਥੇ ਸਾਰਿਆਂ ਨੂੰ ਪਿਆਰ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਨਦਾਤਾ ਹੈ ਅਤੇ ਉਹ ਖੇਤ ਮਜ਼ਦੂਰ। ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਜਾਇਜ਼ ਮੰਨਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸੇ ਕਰ ਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਾਨੂੰਨ ਵਾਪਸ ਲਏ ਸਨ। ਐੱਮਐੱਸਪੀ ਦੀ ਮੰਗ ’ਤੇ ਉਨ੍ਹਾਂ ਕਿਹਾ ਕੇਂਦਰ ਸਰਕਾਰ ਇਸ ਮਸਲੇ ਦਾ ਹੱਲ ਵੀ ਤਲਾਸ਼ ਰਹੀ ਹੈ, ਚੋਣ ਜ਼ਾਬਤਾ ਲੱਗਣ ਕਾਰਨ ਮਾਮਲਾ ਕੁਝ ਸਮੇਂ ਲਈ ਅੱਗੇ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਹਲਕੇ ’ਚੋਂ ਜਿੱਤ ਕੇ ਸਿਆਸਤ ਨਹੀਂ ਕਰਨਗੇ, ਸਗੋਂ ਇਥੇ ਫ਼ਕੀਰ ਬਣ ਕੁੱਲੀ ਬਣਾ ਕੇ ਸੰਗੀਤ ਮਈ ਜ਼ਿੰਦਗੀ ਨਾਲ ਲੋਕ ਸੇਵਾ ਕਰਨਗੇ।

Advertisement

ਭਾਜਪਾ ਉਮੀਦਵਾਰ ਹੰਸ ਰਾਜ ਦੇ ਰੋਡ ਸ਼ੋਅ ਦੌਰਾਨ ਹੰਗਾਮਾ

ਇਥੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਰੋਡ ਸ਼ੋਅ ਦੌਰਾਨ ਅੱਜ ਕਾਫੀ ਹੰਗਾਮਾ ਹੋ ਗਿਆ ਜਿਸ ਕਾਰਨ ਟਰੈਫਿਕ ਜਾਮ ਹੋ ਗਿਆ। ਦਰਅਸਲ ਅੱਜ ਭਾਜਪਾ ਉਮੀਦਵਾਰ ਦੇ ਰੋਡ ਸ਼ੋਅ ਦੌਰਾਨ ਪੀਆਰਟੀਸੀ ਦੀ ਬੱਸ ਭਾਜਪਾ ਆਗੂ ਦੀ ਗੱਡੀ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ। ਬੱਸ ਚਾਲਕ ਨੇ ਭਾਜਪਾ ਆਗੂ ’ਤੇ ਗਾਲੀ ਗਲੋਚ ਦੇ ਦੋਸ਼ ਲਗਾਏ ਤੇ ਸੜਕ ਵਿਚਾਲੇ ਹੀ ਬੱਸਾਂ ਖੜ੍ਹੀਆਂ ਕਰ ਕੇ ਜਾਮ ਲਗਾ ਦਿੱਤਾ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਉਸ ਨੇ ਕੋਈ ਗਾਲ ਨਹੀਂ ਕੱਢੀ ਸਗੋਂ ਬੱਸ ਚਾਲਕ ਦੀ ਗਲਤੀ ਕਾਰਨ ਉਸ ਦੀ ਕਾਰ ਨੁਕਸਾਨੀ ਗਈ। ਇਸ ਮੌਕੇ ਸਥਿਤੀ ਵਿਗੜਦੀ ਦੇਖ ਪੁਲੀਸ ਤੇ ਕੁਝ ਲੋਕਾਂ ਨੇ ਇੱਕ ਧਿਰ ਤੋਂ ਮੁਆਫ਼ੀ ਮੰਗਵਾਉਣ ਮਗਰੋਂ ਮਸਲਾ ਸੁਲਝਾ ਦਿੱਤਾ ਜਿਸ ਮਗਰੋਂ ਜਾਮ ਖੁੱਲ੍ਹਣ ’ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਨਤਮਸਤਕ ਹੋਏ।

Advertisement
Author Image

sukhwinder singh

View all posts

Advertisement
Advertisement
×